ADVERTISEMENT

ADVERTISEMENT

ਅਮਰੀਕਾ ਵੱਲੋਂ ‘ਦ ਰੇਜ਼ਿਸਟੈਂਸ ਫਰੰਟ’ ਅੰਤਰਰਾਸ਼ਟਰੀ ਅੱਤਵਾਦੀ ਗਠਜੋੜ ਘੋਸ਼ਿਤ

ਭਾਰਤ ਵਿੱਚ ਆਤੰਕ ਫੈਲਾਉਣ ਵਾਲੇ ਗਰੁੱਪਾਂ ਵਿਰੁੱਧ ਟਰੰਪ ਸਰਕਾਰ ਦੀ ਵੱਡੀ ਕਾਰਵਾਈ

ਪ੍ਰਤੀਕ ਤਸਵੀਰ / Reuters/Joshua Roberts

ਅਮਰੀਕੀ ਵਿਦੇਸ਼ ਮੰਤਰਾਲੇ ਵਲੋਂ ਕਸ਼ਮੀਰ-ਕੇਂਦਰਿਤ ਅੱਤਵਾਦੀ ਗਠਜੋੜ ‘ਦ ਰੇਜ਼ਿਸਟੈਂਸ ਫਰੰਟ’ (TRF) ਨੂੰ ਵਿਦੇਸ਼ੀ ਅੱਤਵਾਦੀ ਸੰਸਥਾ (FTO) ਅਤੇ ਵਿਸ਼ੇਸ਼ ਚਿੰਨ੍ਹਿਤ ਗਲੋਬਲ ਟੈਰਰਿਸਟ (SDGT) ਦੇ ਤੌਰ ’ਤੇ ਸੂਚੀਬੱਧ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਅਮਰੀਕੀ ਕਾਨੂੰਨ ਇਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ ਅਤੇ ਕਾਰਜਕਾਰੀ ਹੁਕਮ 13224 ਦੀ ਧਾਰਾ 219 ਦੇ ਤਹਿਤ ਕੀਤੀ ਗਈ ਹੈ, ਜਿਸਦਾ ਉਦੇਸ਼ ਅਜਿਹੀਆਂ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਸਤਰ ’ਤੇ ਉਜਾਗਰ ਕਰਨਾ ਅਤੇ ਉਨ੍ਹਾਂ ਵਿਰੁੱਧ ਆਰਥਿਕ ਪਾਬੰਦੀਆਂ ਲਗਾਉਣਾ ਹੈ।


ਅਤਿਵਾਦੀ ਟੀਆਰਐਫ ਸੰਗਠਨ ਪਾਕਿਸਤਾਨ ਆਧਾਰਤ ਲਸ਼ਕਰ-ਏ-ਤਈਬਾ (LeT) ਦਾ ਹੀ ਇੱਕ ਨਵਾਂ ਕਰੂਪ ਚਿਹਰਾ ਹੈ ਜਿਸਨੇ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਵੱਡੇ ਆਤੰਕੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿਚ 26 ਨਿਰਦੋਸ਼ ਨਾਗਰਿਕ ਮਾਰੇ ਗਏ ਸਨ। ਇਹ ਹਮਲਾ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਦੀ ਧਰਤੀ ’ਤੇ ਆਮ ਨਾਗਰਿਕਾਂ ਉੱਤੇ ਹੋਇਆ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਟੀਆਰਐਫ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਹੋਰ ਹਮਲਿਆਂ ਦੀ ਵੀ ਜ਼ਿੰਮੇਵਾਰੀ ਲਈ ਸੀ ਖ਼ਾਸ ਕਰਕੇ 2024 ਵਿੱਚ ਹੋਏ ਸੁਰੱਖਿਆ ਬਲਾਂ ਉੱਤੇ ਹਮਲੇ, ਜਿਸ ਵਿੱਚ ਕਈ ਜਵਾਨ ਵੀ ਸ਼ਹੀਦ ਹੋ ਗਏ ਸਨ।

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਦਿੱਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ, “ਇਹ ਫੈਸਲਾ ਸਾਬਤ ਕਰਦਾ ਹੈ ਕਿ ਅਮਰੀਕਾ ਆਪਣੇ ਰਾਸ਼ਟਰੀ ਹਿਤਾਂ ਦੀ ਰੱਖਿਆ, ਆਤੰਕਵਾਦ ਦੇ ਖ਼ਿਲਾਫ਼ ਲੜਾਈ ਅਤੇ ਪਹਿਲਗਾਮ ਹਮਲੇ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਲਈ ਸੰਕਲਪਬੱਧ ਹੈ।”


ਟਰੰਪ ਪ੍ਰਸ਼ਾਸਨ ਦੇ ਇਸ ਤਾਜ਼ਾ ਐਲਾਨ ਨਾਲ ਟੀਆਰਐਫ ਅਤੇ ਲਸ਼ਕਰ-ਏ-ਤਈਬਾ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਣਗੀਆਂ ਅਤੇ ਉਨ੍ਹਾਂ ਦੇ ਮਾਲੀ ਲੈਣ-ਦੇਣ ’ਤੇ ਰੋਕ ਲੱਗੇਗੀ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਨੂੰ ਅੰਤਰਰਾਸ਼ਟਰੀ ਯਾਤਰਾ ਤੋਂ ਵੀ ਰੋਕਿਆ ਜਾ ਸਕੇਗਾ।

Comments

Related