ADVERTISEMENT

ADVERTISEMENT

ਭਾਰਤੀ ਮੂਲ ਦੇ ਬਜ਼ੁਰਗ ਦੀ ਅਮਰੀਕੀ ਨਾਗਰਿਕਤਾ ਖ਼ਤਰੇ 'ਚ

ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਮੂਲ ਦੇ 65 ਸਾਲਾ ਨਰਿੰਦਰ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੀ ਵੀ ਮੰਗ ਕੀਤੀ

 ਪ੍ਰਤੀਕ ਫੋਟੋ ਪ੍ਰਤੀਕ ਫੋਟੋ / File Photo

ਅਮਰੀਕੀ ਸਰਕਾਰ ਭਾਰਤੀ ਮੂਲ ਦੇ ਇੱਕ ਬਜ਼ੁਰਗ ਦੀ ਅਮਰੀਕੀ ਨਾਗਰਿਕਤਾ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਪਛਾਣ ਲੁਕਾ ਕੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਸੀ। ਪਾਕਿਸਤਾਨ ਦੇ ਇੱਕ ਵਿਅਕਤੀ ਖ਼ਿਲਾਫ਼ ਵੀ ਅਮਰੀਕੀ ਸਰਕਾਰ ਇਹੋ ਜਿਹੀ ਕਾਰਵਾਈ ਕਰਨਾ ਚਾਹੁੰਦੀ ਹੈ।

ਅਮਰੀਕੀ ਨਿਆਂ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੇ ਡੇਲਾਵੇਅਰ ਸੂਬੇ ਦੀ ਇੱਕ ਅਦਾਲਤ ਕੋਲ 59 ਸਾਲਾ ਪਾਕਿਸਤਾਨੀ ਨਾਗਰਿਕ ਜ਼ਿਆ ਮੁਰਾਦ ਭੱਟੀ ਦੀ ਨਾਗਰਿਕਤਾ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ। ਭੱਟੀ ਨੇ 1992 ਵਿੱਚ 'ਰਜ਼ਾ ਮੁਰਾਦ' ਨਾਮ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲਾ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਦੇਸ਼ ਛੱਡਣ ਦਾ ਹੁਕਮ ਵੀ ਦਿੱਤਾ ਗਿਆ ਸੀ। ਹਾਲਾਂਕਿ ਉਸ ਨੇ ਜਾਅਲੀ ਪਛਾਣ ਅਤੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਬਾਅਦ ਵਿੱਚ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਲਈ। ਮਾਮਲੇ ਦੀ ਸੁਣਵਾਈ ਡੇਲਾਵੇਅਰ ਦੀ ਅਦਾਲਤ ਵਿੱਚ ਕੀਤੀ ਜਾਵੇਗੀ।

ਅਮਰੀਕੀ ਨਿਆਂ ਵਿਭਾਗ ਨੇ ਅਦਾਲਤ ਵਿੱਚ ਦਾਇਰ ਸ਼ਿਕਾਇਤ ਵਿੱਚ ਭੱਟੀ 'ਤੇ ਝੂਠੀ ਗਵਾਹੀ ਦੇਣ, ਤੱਥ ਲੁਕਾਉਣ, ਜਾਣਬੁੱਝ ਕੇ ਗਲਤ ਜਾਣਕਾਰੀ ਦੇਣ ਅਤੇ ਝੂਠੇ ਬਿਆਨ ਦੇਣ ਦੇ ਦੋਸ਼ ਲਗਾਏ ਹਨ। ਭੱਟੀ ਉਨ੍ਹਾਂ 25 ਲੋਕਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਅਮਰੀਕੀ ਨਾਗਰਿਕਤਾ ਰੱਦ ਕਰਵਾਉਣ ਦੀ ਮੰਗ ਸਰਕਾਰ ਨੇ ਕੀਤੀ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਕਈ ਹੋਰ ਲੋਕਾਂ 'ਤੇ ਕਤਲ ਦੀ ਕੋਸ਼ਿਸ਼ ਅਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਅਪਰਾਧਾਂ ਦੇ ਦੋਸ਼ ਵੀ ਹਨ।

ਇੱਕ ਵੱਖਰੇ ਮਾਮਲੇ ਵਿੱਚ ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਮੂਲ ਦੇ 65 ਸਾਲਾ ਨਰਿੰਦਰ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੀ ਵੀ ਮੰਗ ਕੀਤੀ ਹੈ। ਦੋਸ਼ ਹੈ ਕਿ ਉਨ੍ਹਾਂ ਨੇ 1996 ਤੋਂ ਅਮਰੀਕਾ ਵਿੱਚ ਦਾਖਲੇ ਅਤੇ ਰਹਾਇਸ਼ ਦੌਰਾਨ ਦੋ ਵੱਖ-ਵੱਖ ਪਛਾਣਾਂ ਦੀ ਵਰਤੋਂ ਕੀਤੀ ਅਤੇ ਬਾਅਦ ਵਿੱਚ ਸਾਲ 2008 ਵਿੱਚ ਅਮਰੀਕੀ ਨਾਗਰਿਕਤਾ ਹਾਸਲ ਕਰ ਲਈ।

ਅਦਾਲਤ ਵਿੱਚ ਦਾਇਰ ਸ਼ਿਕਾਇਤ ਮੁਤਾਬਕ ਨਰਿੰਦਰ ਸਿੰਘ ਨੇ ਕਈ ਮੌਕਿਆਂ 'ਤੇ ਗਲਤ ਜਾਣਕਾਰੀ ਦਿੱਤੀ ਅਤੇ ਅਜਿਹੇ ਗੈਰ-ਕਾਨੂੰਨੀ ਕੰਮ ਕੀਤੇ, ਜਿਨ੍ਹਾਂ ਦਾ ਉਨ੍ਹਾਂ ਦੇ "ਨੈਤਿਕ ਚਰਿੱਤਰ" 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਇਹੀ ਕਾਰਨ ਉਨ੍ਹਾਂ ਦੀ ਅਮਰੀਕੀ ਨਾਗਰਿਕਤਾ ਖ਼ਤਮ ਕਰਨ ਲਈ ਕਾਫ਼ੀ ਆਧਾਰ ਹੈ।

ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲਾਂਸ਼ ਨੇ ਕਿਹਾ, "ਅੱਜ ਦਾਇਰ ਕੀਤੇ ਗਏ ਮਾਮਲੇ ਨਿਆਂ ਵਿਭਾਗ ਦੇ ਇਤਿਹਾਸ ਵਿੱਚ ਨਾਗਰਿਕਤਾ ਰੱਦ ਕਰਨ ਲਈ ਸਭ ਤੋਂ ਵੱਡੇ ਸਮਨਵਿਤ ਯਤਨਾਂ ਦੀ ਨੁਮਾਇੰਦਗੀ ਕਰਦੇ ਹਨ, ਪਰ ਇਹ ਸਿਰਫ਼ ਸ਼ੁਰੂਆਤ ਹੈ।"

ਇਸ ਤੋਂ ਪਹਿਲਾਂ ਜੁਲਾਈ ਵਿੱਚ ਪਾਕਿਸਤਾਨੀ ਮੂਲ ਦੇ 65 ਸਾਲਾ ਮੁਰਤਜ਼ਾ ਅਲੀ 'ਤੇ ਵੀ ਅਮਰੀਕਾ ਵਿੱਚ ਇਮੀਗ੍ਰੇਸ਼ਨ ਲਾਭ ਪ੍ਰਾਪਤ ਕਰਨ ਲਈ ਕਈ ਵੱਖ-ਵੱਖ ਪਛਾਣਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਹ ਉਨ੍ਹਾਂ 10 ਕੁਦਰਤੀ ਤੌਰ 'ਤੇ ਨਾਗਰਿਕਤਾ ਪ੍ਰਾਪਤ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਟਰੰਪ ਪ੍ਰਸ਼ਾਸਨ ਕਰ ਰਿਹਾ ਹੈ। ਪ੍ਰਸ਼ਾਸਨ ਇਸ ਨੂੰ ਅਮਰੀਕੀ ਇਤਿਹਾਸ ਵਿੱਚ ਨਾਗਰਿਕਤਾ ਰੱਦ ਕਰਨ ਦੀ ਸਭ ਤੋਂ ਵੱਡੀ ਮੁਹਿੰਮ ਦੱਸ ਰਿਹਾ ਹੈ।

ਅਦਾਲਤ ਵਿੱਚ ਦਾਇਰ ਸ਼ਿਕਾਇਤ ਮੁਤਾਬਕ, ਮੁਰਤਜ਼ਾ ਅਲੀ ਨੇ ਸਥਾਈ ਨਿਵਾਸ (ਗ੍ਰੀਨ ਕਾਰਡ) ਅਤੇ ਬਾਅਦ ਵਿੱਚ ਅਮਰੀਕੀ ਨਾਗਰਿਕਤਾ ਹਾਸਲ ਕਰਨ ਤੋਂ ਪਹਿਲਾਂ ਵੱਖ-ਵੱਖ ਨਾਵਾਂ ਨਾਲ ਕਈ ਇਮੀਗ੍ਰੇਸ਼ਨ ਅਰਜ਼ੀਆਂ ਦਾਇਰ ਕੀਤੀਆਂ ਸਨ। ਸਾਲ 2009 ਵਿੱਚ ਉਨ੍ਹਾਂ ਨੇ ਮੁਹੰਮਦ ਇਕਬਾਲ ਨਾਮ ਨਾਲ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਸੀ।

ਸੰਘੀ ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਕੀਤੀ ਗਈ ਫਿੰਗਰਪ੍ਰਿੰਟ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਵੱਖ-ਵੱਖ ਪਛਾਣਾਂ ਤਹਿਤ ਜਮ੍ਹਾਂ ਕਰਵਾਈਆਂ ਗਈਆਂ ਸਾਰੀਆਂ ਅਰਜ਼ੀਆਂ ਇੱਕੋ ਹੀ ਵਿਅਕਤੀ ਨਾਲ ਸਬੰਧਤ ਸਨ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਨੂੰ ਪ੍ਰਮੁੱਖ ਤਰਜੀਹ ਬਣਾਇਆ ਹੈ। ਨਿਆਂ ਵਿਭਾਗ ਮੁਤਾਬਕ, ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ 20 ਜਨਵਰੀ 2025 ਤੋਂ ਹੋਣ ਤੋਂ ਬਾਅਦ ਵਿਭਾਗ ਨੇ ਨਾਗਰਿਕਤਾ ਰੱਦ ਕਰਨ ਨਾਲ ਸਬੰਧਤ 123 ਦੀਵਾਨੀ (ਸਿਵਲ) ਮਾਮਲੇ ਦਾਇਰ ਕੀਤੇ ਹਨ, ਜੋ ਵਿਭਾਗ ਦੇ ਰਿਕਾਰਡ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।

Comments

Leave A Comment

Required fields are marked (*).

Related

Talk to us?