ਭਾਰਤੀ ਅਮਰੀਕੀ ਕਾਂਗਰਸ ਮੈਂਬਰ ਸ੍ਰੀ ਥਾਨੇਦਾਰ ਨੇ 22 ਸਤੰਬਰ ਨੂੰ ਭਾਰਤੀ ਅਮਰੀਕੀ ਭਾਈਚਾਰੇ ਨੂੰ ਆਨਲਾਈਨ ਇਕੱਠਾ ਹੋਣ ਦੀ ਅਪੀਲ ਕੀਤੀ, ਤਾਂ ਜੋ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਡਲਾਸ ਵਿੱਚ ਭਾਰਤੀ ਪ੍ਰਵਾਸੀ ਚੰਦਰ ਮੌਲੀ ਨਾਗਮਲੱਈਆ ਦੀ ਬੇਰਹਮੀ ਨਾਲ ਕੀਤੀ ਗਈ ਹੱਤਿਆ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਜਾ ਸਕੇ।
“ਸਾਡੀਆਂ ਆਵਾਜ਼ਾਂ ਮਹੱਤਵ ਰੱਖਦੀਆਂ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਸਰਗਰਮੀ ਦਿਖਾਈਏ,” ਥਾਨੇਦਾਰ ਨੇ ਕਿਹਾ। ਉਹ ‘ਇੰਡੀਆ ਅਬਰਾਡ ਡਾਈਲਾਗ’ ਵੱਲੋਂ ਕਰਵਾਏ ਗਏ ਇਕ ਵੈਬੀਨਾਰ ਵਿੱਚ ਬੋਲ ਰਹੇ ਸਨ, ਜਿਸ ਵਿੱਚ ਐਡਵੋਕੇਸੀ ਗਰੁੱਪ, ਭਾਈਚਾਰਕ ਨੇਤਾ, ਕਾਨੂੰਨਸਾਜ਼ ਅਤੇ ਪੱਤਰਕਾਰ ਰੋਹਿਤ ਸ਼ਰਮਾ ਨੇ ਮਾਡਰੇਟਰ ਵਜੋਂ ਹਿੱਸਾ ਲਿਆ।
ਇਹ ਈਵੈਂਟ "ਯੂਨਾਈਟਿਡ ਅਗੇਂਸਟ ਵਾਇਲੈਂਸ" ਦੇ ਨਾਂਅ ਨਾਲ ਹੋਇਆ, ਜੋ ਨਾਗਮਲੱਈਆ ਲਈ ਇਕ ਮਿੰਟ ਦੇ ਮੌਨ ਨਾਲ ਸ਼ੁਰੂ ਹੋਇਆ। ਉਹ 50 ਸਾਲਾਂ ਦੇ ਮੋਟਲ ਮੈਨੇਜਰ ਸਨ ਜਿਨ੍ਹਾਂ ਨੂੰ 10 ਸਤੰਬਰ ਨੂੰ ਇਕ ਮਹਿਮਾਨ ਵੱਲੋਂ ਝਗੜੇ ਦੌਰਾਨ ਗੰਭੀਰ ਹਮਲੇ ਵਿੱਚ ਮਾਰ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ, ਉਨ੍ਹਾਂ ਦਾ ਕੁਹਾੜੀ ਨਾਲ ਸਿਰ ਕੱਟਿਆ ਗਿਆ। ਇਹ ਘਟਨਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਵਾਪਰੀ, ਜਿਨ੍ਹਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਨੇ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਡਰ ਅਤੇ ਦੁੱਖ ਪੈਦਾ ਕਰ ਦਿੱਤਾ ਹੈ।
ਅਮਰੀਕੀ ਕਾਂਗਰਸ ਮੈਂਬਰ ਸ੍ਰੀ ਥਾਨੇਦਾਰ ਨੇ ਪ੍ਰਵਾਸੀਆਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਵਿਰੁੱਧ ਵੱਧ ਰਹੇ ਨਫਰਤ ਭਰੇ ਅਪਰਾਧਾਂ ਨੂੰ ਲੈ ਕੇ ਚਿੰਤਾ ਜਤਾਈ। ਉਨ੍ਹਾਂ ਨੇ ਕਿਹਾ “ਅਸੀਂ ਹਿੰਦੂਆਂ, ਪ੍ਰਵਾਸੀਆਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਨਫਰਤ ਦੇ ਵਾਪਰਦੇ ਕੇਸਾਂ ਵਿੱਚ ਬੇਹੱਦ ਵਾਧਾ ਦੇਖ ਰਹੇ ਹਾਂ। ਇਹ ਇਕ ਇਕੱਲਾ ਮਾਮਲਾ ਨਹੀਂ ਹੈ। ਸਾਡੇ ਮੰਦਿਰਾਂ ਉੱਤੇ ਹਮਲੇ ਹੋ ਰਹੇ ਹਨ, ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਹ ਲਗਾਤਾਰ ਵੱਧ ਰਿਹਾ ਹੈ।”
ਥਾਨੇਦਾਰ, ਜੋ ਹੋਮਲੈਂਡ ਸੁਰੱਖਿਆ ਓਵਰਸਾਈਟ ਕਮੇਟੀ ਦੇ ਸੀਨੀਅਰ ਮੈਂਬਰ ਹਨ, ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਫੈਡਰਲ ਅਤੇ ਸਥਾਨਕ ਏਜੰਸੀਆਂ ਕੋਲ ਚੁੱਕਿਆ ਹੈ, ਪਰ ਇਹ ਵੀ ਕਿਹਾ ਕਿ ਏਸ਼ੀਆਈ ਅਤੇ ਭਾਰਤੀ ਅਮਰੀਕੀ ਭਾਈਚਾਰੇ ਉੱਤੇ ਹੋ ਰਹੇ ਅਪਰਾਧਾਂ ਨੂੰ ਕਾਨੂੰਨ ਰਖਵਾਲੇ ਅਕਸਰ “ਗੰਭੀਰਤਾ ਨਾਲ ਨਹੀਂ ਲੈਂਦੇ।” “ਅਸੀਂ ਚੁੱਪ ਨਹੀਂ ਰਹਿ ਸਕਦੇ। ਸਾਨੂੰ ਖੜੇ ਹੋ ਕੇ ਕਹਿਣਾ ਪਏਗਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਉਨ੍ਹਾਂ ਨੇ ਹਰ ਭਾਰਤੀ ਅਮਰੀਕੀ ਨੂੰ ਆਪਣੀ ਆਵਾਜ਼ ਉਠਾਉਣ ਅਤੇ ਸਥਾਨਕ ਕਾਨੂੰਨਸਾਜ਼ਾਂ ਕੋਲ ਕਾਰਵਾਈ ਦੀ ਮੰਗ ਕਰਨ ਦੀ ਅਪੀਲ ਕੀਤੀ।
ਭਾਈਚਾਰਕ ਨੇਤਾ ਅਤੇ ਉਦਯੋਗਪਤੀ ਅਜੇ ਭੁਟੋਰੀਆ ਨੇ ਨਾਗਾਮਲੱਈਆ ਨੂੰ “ਇਕ ਮਿਹਨਤੀ ਮੈਨੇਜਰ ਜੋ ਅਮਰੀਕੀ ਸੁਪਨੇ ਦੀ ਖਾਤਰ ਇੱਥੇ ਆਇਆ ਸੀ” ਵਜੋਂ ਦਰਸਾਇਆ ਅਤੇ ਉਨ੍ਹਾਂ ਦੇ ਕਤਲ ਦੀ “ਅਲ ਕਾਇਦਾ ਸ਼ੈਲੀ” ਹਮਲੇ ਨਾਲ ਤੁਲਨਾ ਕੀਤੀ। ਉਹਨਾਂ ਨੇ ਵਾਈਟ ਹਾਊਸ ਵੱਲੋਂ ਹੌਲੀ ਪ੍ਰਤੀਕਿਰਿਆ ਦੀ ਆਲੋਚਨਾ ਕਰਦਿਆਂ ਕਿਹਾ, “ਜੇਕਰ ਇਸ ਤਰ੍ਹਾਂ ਦੀ ਹੱਤਿਆ ਕਿਸੇ ਗੋਰੇ ਅਮਰੀਕੀ ਨਾਗਰਿਕ ਦੀ ਹੁੰਦੀ ਤਾਂ ਇੱਕ ਘੰਟੇ ਵਿੱਚ ਪ੍ਰਤੀਕਿਰਿਆ ਆ ਜਾਂਦੀ। ਪਰ ਜਦੋਂ ਇਹ ਇਕ ਪ੍ਰਵਾਸੀ ਨਾਲ ਹੁੰਦੀ ਹੈ, ਤਾਂ ਚੁੱਪੀ ਛਾਈ ਰਹਿੰਦੀ ਹੈ।” ਉਹਨਾਂ ਨੇ ਹੋਰ ਚੇਤਾਵਨੀ ਦਿੱਤੀ ਕਿ “ਅੱਜ ਇਹ ਇਕ ਹੋਟਲ ਨਾਲ ਹੋਇਆ ਹੈ, ਕੱਲ੍ਹ ਇਹ ਕਈ ਹੋਟਲਾਂ ਤੱਕ ਫੈਲ ਸਕਦਾ ਹੈ। ਚੁੱਪ ਰਹਿਣਾ ਕੋਈ ਚੋਣ ਨਹੀਂ ਹੈ — ਸਾਨੂੰ ਆਪਣੀ ਆਵਾਜ਼ ਉਠਾਣੀ ਹੀ ਪਏਗੀ।”
ਨਿਕੁੰਜ ਤ੍ਰਿਵੇਦੀ, ਜੋ ਕਿ ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨੌਰਥ ਅਮਰੀਕਾ (CoHNA) ਦੇ ਪ੍ਰਧਾਨ ਹਨ, ਨੇ ਕਿਹਾ ਕਿ ਇਸ ਅਪਰਾਧ ਨੇ ਭਾਈਚਾਰੇ ਵਿੱਚ ਸਦਮਾ ਫੈਲਾ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਪ੍ਰਵਾਸੀਆਂ ਖਿਲਾਫ਼ ਵੱਧ ਰਹੀ ਹਿੰਸਾ ਦੇ ਰੁਝਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਦੱਖਣੀ ਕੈਰੋਲੀਨਾ ਵਿੱਚ ਸਟੋਰ ਲੁੱਟਣ ਦੌਰਾਨ ਇੱਕ ਗੁਜਰਾਤੀ ਔਰਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਤ੍ਰਿਵੇਦੀ ਨੇ ਕਿਹਾ ਕਿ CoHNA ਨੇ ਮੰਦਿਰਾਂ 'ਤੇ ਹਮਲਿਆਂ ਅਤੇ ਤੋੜ-ਫੋੜ ਦੀ ਇਕ ਸੂਚੀ ਤਿਆਰ ਕਰਕੇ ਕਾਨੂੰਨਸਾਜ਼ਾਂ ਅਤੇ ਕਾਨੂੰਨ ਰਖਵਾਲਿਆਂ ਨਾਲ ਸਾਂਝੀ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ 'ਤੇ ਨਫ਼ਰਤ ਹਕੀਕਤ ਵਿੱਚ ਹਿੰਸਕ ਹਮਲਿਆਂ ਵਿੱਚ ਬਦਲ ਸਕਦੀ ਹੈ। ਉਨ੍ਹਾਂ ਨੇ ਕਿਹਾ “ਅਸੀਂ ਹੋਰ ਹੱਕ ਨਹੀਂ ਮੰਗ ਰਹੇ, ਸਿਰਫ਼ ਓਹੀ ਹੱਕ ਚਾਹੀਦੇ ਹਨ ਜੋ ਸਾਰਿਆਂ ਨੂੰ ਮਿਲਦੇ ਹਨ। ਸਾਡੇ ਭਾਈਚਾਰੇ ਨੂੰ ਹੋਰ ਜ਼ਿਆਦਾ ਆਵਾਜ਼ ਚੁੱਕਣੀ ਚਾਹੀਦੀ ਹੈ, ਇਨਸਾਫ਼ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਮਾਮਲੇ ਕਾਨੂੰਨ ਦੇ ਪੂਰੇ ਪ੍ਰਭਾਵ ਅਧੀਨ ਚਲਾਏ ਜਾਣ।”
ਅਜਿਹੇ ਹਮਲਿਆਂ ਦੇ ਮੱਦੇਨਜ਼ਰ, ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਅਮਰੀਕਨ ਐਸੋਸੀਏਸ਼ਨਜ਼ (NFIA) ਨੇ ਡਾਇਸਪੋਰਾ ਵਿੱਚ ਵੱਧ ਏਕਤਾ ਦੀ ਵਕਾਲਤ ਕੀਤੀ। ਸਤੀਸ਼ ਪਰੀਖ, ਜੋ ਕਿ NFIA ਨਾਲ ਸਬੰਧਤ ਹਨ, ਨੇ ਕਿਹਾ, “ਆਮ ਤੌਰ 'ਤੇ ਅਸੀਂ ਸਾਰੇ ਆਪਣੀਆਂ ਸੰਸਥਾਵਾਂ ਅਤੇ ਜੀਵਨ ਵਿੱਚ ਵਧੀਆ ਕਰ ਰਹੇ ਹਾਂ, ਪਰ ਅਸੀਂ ਇਕਜੁੱਟ ਨਹੀਂ ਹੁੰਦੇ ਅਤੇ ਅਸੀਂ ਸਾਂਝਾ ਨਹੀਂ ਕਰਦੇ।” ਉਨ੍ਹਾਂ ਨੇ ਆਗੇ ਕਿਹਾ, “ਸਾਡੀ ਆਵਾਜ਼ ਤਦ ਹੀ ਸੁਣੀ ਜਾਵੇਗੀ ਜਦੋਂ ਅਸੀਂ ਆਪਣੀ ਦੌਲਤ, ਆਪਣਾ ਤਕਨੀਕੀ ਗਿਆਨ ਸਾਂਝਾ ਕਰਾਂਗੇ ਅਤੇ ਸਥਾਨਕ ਭਾਈਚਾਰੇ ਵਿੱਚ ਯੋਗਦਾਨ ਪਾਵਾਂਗੇ। ਜਦੋਂ ਸਥਾਨਕ ਭਾਈਚਾਰਾ ਸਾਡੀ ਇਜ਼ਤ ਕਰਨ ਲੱਗੇਗਾ, ਤਦ ਸਾਡੀ ਆਵਾਜ਼ ਵੀ ਮਜ਼ਬੂਤ ਹੋਏਗੀ।”
ਹਿੰਦੂਐਕਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਤਸਵ ਚੱਕਰਵਰਤੀ ਨੇ ਖਾਸ ਤੌਰ 'ਤੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਡਲਾਸ ਇਲਾਕੇ ਵਿੱਚ ਹਿੰਦੂਆਂ ਖ਼ਿਲਾਫ਼ ਆਨਲਾਈਨ ਨਫਰਤ ਮੁਹਿੰਮਾਂ ਚੰਦਰ ਦੀ ਹੱਤਿਆ ਤੋਂ ਪਹਿਲਾਂ ਹੀ ਚੱਲ ਰਹੀਆਂ ਸਨ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ “ਲਗਾਤਾਰ ਮਨੁੱਖੀ ਅਪਮਾਨ… ਅਸਲ ਜ਼ਿੰਦਗੀ ਵਿੱਚ ਹੋਣ ਵਾਲੀ ਹਿੰਸਾ ਵਿੱਚ ਤਬਦੀਲ ਹੋ ਸਕਦਾ ਹੈ।”
ਪੂਰੇ ਪ੍ਰੋਗਰਾਮ ਦੌਰਾਨ ਬੋਲਣ ਵਾਲਿਆਂ ਨੇ ਏਕਤਾ, ਸਾਵਧਾਨੀ ਅਤੇ ਕਾਨੂੰਨਸਾਜ਼ਾਂ ਨਾਲ ਵਧੇਰੇ ਸੰਬੰਧ ਬਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ। ਕਈਆਂ ਨੇ ਇਹ ਵੀ ਕਿਹਾ ਕਿ ਮੰਦਿਰਾਂ, ਕਾਰੋਬਾਰਾਂ ਅਤੇ ਮਿਹਨਤੀ ਭਾਰਤੀ ਪ੍ਰਵਾਸੀਆਂ ਦੀ ਵਧੇਰੀ ਸੁਰੱਖਿਆ ਲਾਜ਼ਮੀ ਹੈ, ਕਿਉਂਕਿ ਇਨ੍ਹਾਂ ਨੂੰ ਹਿੰਸਾ ਅਤੇ ਭੇਦਭਾਵ ਦੇ ਸਭ ਤੋਂ ਵੱਧ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login