ਡੋਨਾਲਡ ਟਰੰਪ ਅਤੇ ਊਸ਼ਾ ਵੈਂਸ / YouTube/ Storytime with the Second Lady
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਦੂਜੀ ਮਹਿਲਾ ਉਸ਼ਾ ਵੈਂਸ ਦੇ ਬੱਚਿਆਂ ਲਈ ਬਣਾਏ ਗਏ ਪੌਡਕਾਸਟ 'ਸਟੋਰੀਟਾਈਮ ਵਿਦ ਦ ਸੈਕਿੰਡ ਲੇਡੀ' ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵ੍ਹਾਈਟ ਹਾਊਸ ਹਿਸਟੌਰੀਕਲ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ ਬੱਚਿਆਂ ਦੀ ਕਿਤਾਬ 'ਪ੍ਰੈਜ਼ੀਡੈਂਟਸ ਪਲੇ!' ਪੜ੍ਹੀ। ਕਹਾਣੀ ਸੁਣਾਉਂਦੇ ਹੋਏ ਟਰੰਪ ਵਾਰ-ਵਾਰ ਕਿਤਾਬ ਤੋਂ ਹਟ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ, ਆਪਣੇ ਕਾਰਜਕਾਲ ਅਤੇ ਵ੍ਹਾਈਟ ਹਾਊਸ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕਰਦੇ ਰਹੇ।
ਓਵਲ ਆਫ਼ਿਸ ਤੋਂ ਰਿਕਾਰਡ ਕੀਤੇ ਗਏ ਇਸ ਪੌਡਕਾਸਟ ਦੀ ਸ਼ੁਰੂਆਤ ਵਿੱਚ ਟਰੰਪ ਨੇ ਓਵਲ ਆਫ਼ਿਸ ਨੂੰ ਦੁਨੀਆ ਦਾ "ਸਭ ਤੋਂ ਸ਼ਕਤੀਸ਼ਾਲੀ ਸਥਾਨ" ਕਰਾਰ ਦਿੱਤਾ ਅਤੇ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਦੀ ਵੀ ਖੁੱਲ੍ਹ ਕੇ ਤਾਰੀਫ਼ ਕੀਤੀ। ਜਦੋਂ ਉਸ਼ਾ ਵੈਂਸ ਨੇ ਪੁੱਛਿਆ ਕਿ ਕੀ ਰਾਸ਼ਟਰਪਤੀ ਵਜੋਂ ਉਨ੍ਹਾਂ ਨੂੰ ਪੜ੍ਹਨ ਦਾ ਸਮਾਂ ਮਿਲਦਾ ਹੈ, ਤਾਂ ਟਰੰਪ ਨੇ ਹੱਸਦਿਆਂ ਕਿਹਾ, "ਮੈਂ ਜ਼ਿਆਦਾਤਰ ਅਖ਼ਬਾਰ ਪੜ੍ਹਦਾ ਹਾਂ ਅਤੇ ਅਕਸਰ ਆਪਣੇ ਬਾਰੇ ਛਪੀਆਂ ਖ਼ਬਰਾਂ ਹੀ ਪੜ੍ਹਦਾ ਹਾਂ।"
ਕਿਤਾਬ ਦੇ ਸਫ਼ੇ ਪਲਟਦੇ ਹੋਏ ਟਰੰਪ ਨੇ ਕਈ ਸਾਬਕਾ ਰਾਸ਼ਟਰਪਤੀਆਂ ਬਾਰੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਉਨ੍ਹਾਂ ਨੇ ਰੋਨਾਲਡ ਰੀਗਨ ਨੂੰ "ਉੱਚ ਕਿਰਦਾਰ ਵਾਲਾ ਵਿਅਕਤੀ" ਦੱਸਿਆ, ਜਦਕਿ ਲਿੰਡਨ ਬੀ. ਜੌਨਸਨ ਨੂੰ "ਬਹੁਤ ਸਖ਼ਤ ਸੁਭਾਅ ਵਾਲਾ ਨੇਤਾ" ਕਿਹਾ। ਜੌਨ ਐੱਫ. ਕੈਨੇਡੀ ਨੂੰ ਉਨ੍ਹਾਂ ਨੇ "ਦੂਜੇ ਸਭ ਤੋਂ ਖੂਬਸੂਰਤ ਰਾਸ਼ਟਰਪਤੀ" ਦੱਸਿਆ, ਹਾਲਾਂਕਿ ਪਹਿਲੇ ਨੰਬਰ 'ਤੇ ਕਿਸ ਨੂੰ ਰੱਖਿਆ, ਇਸ ਬਾਰੇ ਕੁਝ ਨਹੀਂ ਕਿਹਾ।
ਟਰੰਪ ਨੇ ਡਵਾਈਟ ਆਈਜ਼ਨਹਾਵਰ ਦੀ ਫ਼ੌਜੀ ਅਗਵਾਈ ਅਤੇ ਅੰਤਰਰਾਜੀ ਹਾਈਵੇ ਪ੍ਰਣਾਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਯੋਗਦਾਨ ਮੁਤਾਬਕ ਕਦੇ ਸਨਮਾਨ ਨਹੀਂ ਮਿਲਿਆ। ਰਿਚਰਡ ਨਿਕਸਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਵਾਟਰਗੇਟ ਮਾਮਲੇ ਦਾ ਜ਼ਿਕਰ ਕੀਤਾ, ਜਦਕਿ ਹਰਬਰਟ ਹੂਵਰ ਬਾਰੇ ਹਾਸੇ-ਮਜ਼ਾਕ ਵਿੱਚ ਮਹਾਂਮੰਦੀ ਨਾਲ ਜੁੜੀ ਟਿੱਪਣੀ ਕੀਤੀ। ਬਰਾਕ ਓਬਾਮਾ ਦਾ ਜ਼ਿਕਰ ਕਰਦਿਆਂ ਟਰੰਪ ਨੇ ਉਨ੍ਹਾਂ ਦੀ ਬਾਸਕੇਟਬਾਲ ਖੇਡਣ ਦੀ ਸਮਰੱਥਾ 'ਤੇ ਸਵਾਲ ਉਠਾਇਆ ਅਤੇ ਗੋਲਫ਼ ਬਾਰੇ ਵੀ ਚੁਟਕੀ ਲਈ। ਇਸ ਦੇ ਉਲਟ ਬਿਲ ਕਲਿੰਟਨ ਬਾਰੇ ਉਨ੍ਹਾਂ ਦਾ ਲਹਿਜ਼ਾ ਕਾਫ਼ੀ ਨਰਮ ਰਿਹਾ। ਟਰੰਪ ਨੇ ਕਿਹਾ ਕਿ ਉਹ ਅੱਜ ਵੀ ਬਿਲ ਕਲਿੰਟਨ ਨੂੰ ਪਸੰਦ ਕਰਦੇ ਹਨ।
ਪੌਡਕਾਸਟ ਦੌਰਾਨ ਟਰੰਪ ਨੇ ਆਪਣੇ ਉੱਤੇ ਵੀ ਹਾਸੇ-ਮਜ਼ਾਕ ਕੀਤੇ। ਵਿਲੀਅਮ ਹਾਵਰਡ ਟਾਫਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਵਜ਼ਨ ਸੰਭਾਲ ਕੇ ਰੱਖਣਾ ਪਵੇਗਾ ਤਾਂ ਜੋ ਟਾਫਟ ਦਾ ਰਿਕਾਰਡ ਨਾ ਟੁੱਟੇ। ਨਾਲ ਹੀ ਲੋਕਾਂ ਨੂੰ ਫ਼ਿਟ ਰਹਿਣ ਦੀ ਸਲਾਹ ਵੀ ਦਿੱਤੀ।
ਅੰਤ ਵਿੱਚ ਟਰੰਪ ਨੇ ਸੁਝਾਅ ਦਿੱਤਾ ਕਿ ਜੇ ਸਾਬਕਾ ਰਾਸ਼ਟਰਪਤੀਆਂ- ਬਰਾਕ ਓਬਾਮਾ, ਜੋ ਬਾਇਡਨ ਅਤੇ ਬੁਸ਼ ਪਰਿਵਾਰ- ਨੂੰ ਇਕੱਠੇ ਫੁੱਟਬਾਲ ਮੈਚ ਦੇਖਣ ਲਈ ਸੱਦਾ ਦਿੱਤਾ ਜਾਵੇ ਤਾਂ ਇਹ ਇੱਕ ਦਿਲਚਸਪ ਦ੍ਰਿਸ਼ ਹੋਵੇਗਾ ਅਤੇ ਮੀਡੀਆ ਵਿੱਚ ਇਸ ਦੀ ਕਾਫ਼ੀ ਚਰਚਾ ਹੋਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਬੱਚਿਆਂ ਨੂੰ ਆਜ਼ਾਦੀ ਦਿਵਸ ਕਿਉਂ ਮਨਾਉਣਾ ਚਾਹੀਦਾ ਹੈ, ਤਾਂ ਟਰੰਪ ਨੇ ਕਿਹਾ ਕਿ ਅਮਰੀਕਾ ਇੱਕ ਮਹਾਨ ਦੇਸ਼ ਹੈ ਅਤੇ ਉਹ ਇਸ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ 4 ਜੁਲਾਈ ਨੂੰ "ਸ਼ਾਨਦਾਰ ਦਿਨ" ਦੱਸਦਿਆਂ ਕਿਹਾ ਕਿ ਇਸ ਵਾਰ ਦਾ ਆਜ਼ਾਦੀ ਦਿਵਸ ਦੇਸ਼ ਦੀ 250ਵੀਂ ਵਰ੍ਹੇਗੰਢ ਦੇ ਜਸ਼ਨਾਂ ਨਾਲ ਵੀ ਜੁੜਿਆ ਹੋਇਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login