ਕਾਂਗਰਸੀ ਸੁਣਵਾਈ / X/@joekent16jan19
ਅਮਰੀਕਾ ਦੇ ਸੀਨੀਅਰ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਦੱਖਣੀ ਏਸ਼ੀਆ ਵਿੱਚ ਮਜ਼ਬੂਤ ਅੱਤਵਾਦੀ ਸਮੂਹ, ਖਾਸ ਕਰਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਜੁੜੇ ਨੈੱਟਵਰਕ ਅਮਰੀਕਾ ਲਈ ਸਿੱਧਾ ਖ਼ਤਰਾ ਬਣੇ ਹੋਏ ਹਨ।
ਨੈਸ਼ਨਲ ਕਾਊਂਟਰ-ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਸਫ਼ ਕੇਂਟ ਨੇ ਵਿਸ਼ਵ ਪੱਧਰੀ ਖ਼ਤਰਿਆਂ ਬਾਰੇ ਕਾਂਗਰਸੀ ਸੁਣਵਾਈ ਦੌਰਾਨ ਹਾਊਸ ਹੋਮਲੈਂਡ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਆਈਐਸਆਈਐਸ (ISIS) ਅਤੇ ਅਲ-ਕਾਇਦਾ ਦੱਖਣੀ ਅਤੇ ਕੇਂਦਰੀ ਏਸ਼ੀਆ ਵਿੱਚ ਅਜੇ ਵੀ ਸਰਗਰਮ ਹਨ ਅਤੇ ਅਫ਼ਗਾਨਿਸਤਾਨ ਮੁੜ ਤੋਂ ਕੱਟੜਪੰਥੀ ਗਤੀਵਿਧੀਆਂ ਲਈ ਇੱਕ ਅਨੁਕੂਲ ਵਾਤਾਵਰਣ ਦੇ ਰੂਪ ਵਿੱਚ ਉਭਰ ਰਿਹਾ ਹੈ। ਕੇਂਟ ਨੇ ਕਿਹਾ, “ਆਈਐਸਆਈਐਸ ਅਤੇ ਅਲ-ਕਾਇਦਾ ਨੇ ਅਫ਼ਗਾਨਿਸਤਾਨ ਵਰਗੀਆਂ ਥਾਵਾਂ ਵਿੱਚ ਪਨਾਹ ਹਾਸਲ ਕਰ ਲਈ ਹੈ" ਅਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਖੇਤਰ ਅਜੇ ਵੀ ਅਜਿਹੇ ਖ਼ਤਰੇ ਪੈਦਾ ਕਰ ਰਿਹਾ ਹੈ ਜੋ ਆਪਣੀਆਂ ਸਰਹੱਦਾਂ ਤੋਂ ਕਿਤੇ ਅੱਗੇ ਤੱਕ ਅਸਰ ਪਾਉਂਦੇ ਹਨ।
ਕੇਂਟ ਨੇ ਦੱਸਿਆ ਕਿ ਅਮਰੀਕੀ ਖੁਫੀਆ ਮੁਲਾਂਕਣਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਇਤਿਹਾਸਕ ਸਬੰਧ ਰੱਖਣ ਵਾਲੇ ਅੱਤਵਾਦੀ ਸਮੂਹ ਵਿਦੇਸ਼ਾਂ ਵਿੱਚ ਖਾਸ ਕਰਕੇ ਅਮਰੀਕਾ ਦੇ ਅੰਦਰ, ਹਿੰਸਾ ਫੈਲਾਉਣ ਲਈ ਆਨਲਾਈਨ ਪ੍ਰਚਾਰ, ਐਨਕ੍ਰਿਪਟਡ ਸੰਚਾਰ ਅਤੇ ਵਿਚਾਰਧਾਰਕ ਸੰਦੇਸ਼ਾਂ 'ਤੇ ਵੱਧ ਤੋਂ ਵੱਧ ਨਿਰਭਰ ਕਰ ਰਹੇ ਹਨ। ਐਫ਼ਬੀਆਈ ਦੀ ਨੈਸ਼ਨਲ ਸੁਰੱਖਿਆ ਸ਼ਾਖਾ ਦੇ ਓਪਰੇਸ਼ਨ ਡਾਇਰੈਕਟਰ ਮਾਈਕਲ ਗਲੈਸ਼ੀਨ ਨੇ ਇਸ ਚੇਤਾਵਨੀ ਬਾਰੇ ਗੱਲ ਕਰਦਿਆਂ ਕਿਹਾ ਕਿ ਆਈਐਸਆਈਐਸ ਅਤੇ ਅਲ-ਕਾਇਦਾ ਨਾਲ ਜੁੜੀਆਂ ਅੰਤਰਰਾਸ਼ਟਰੀ ਅੱਤਵਾਦੀ ਸੰਸਥਾਵਾਂ ਅਜੇ ਵੀ ਅਮਰੀਕੀ ਧਰਤੀ ਲਈ ਸਭ ਤੋਂ ਵੱਧ ਖ਼ਤਰਿਆਂ ਵਿੱਚੋਂ ਇੱਕ ਹਨ।
ਗਲੈਸ਼ੀਨ ਨੇ ਕਿਹਾ, “ਕੁਝ ਅੰਤਰਰਾਸ਼ਟਰੀ ਅੱਤਵਾਦੀ ਅਜਿਹੇ ਲੋਕ ਹਨ ਜੋ ਮੁੱਖ ਤੌਰ ‘ਤੇ ਅਮਰੀਕਾ ਦੇ ਅੰਦਰ ਹੀ ਰਹਿੰਦੇ ਹੋਏ ਹਿੰਸਾ ਲਈ ਕੱਟੜਪੰਥੀ ਬਣ ਗਏ ਹਨ।” ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ “ਆਈਐਸਆਈਐਸ ਅਤੇ ਅਲ-ਕਾਇਦਾ ਵਰਗੀਆਂ ਵਿਦੇਸ਼ੀ ਅੱਤਵਾਦੀ ਸੰਸਥਾਵਾਂ ਤੋਂ ਪ੍ਰੇਰਿਤ ਹੋ ਕੇ ਹਿੰਸਾ ਕਰਦੇ ਹਨ।” ਕੇਂਟ ਨੇ ਕਿਹਾ ਕਿ ਅਮਰੀਕੀ ਏਜੰਸੀਆਂ ਨੇ ਐਮਰਜੈਂਸੀ ਪ੍ਰੋਗਰਾਮਾਂ ਤਹਿਤ ਦਾਖ਼ਲ ਹੋਏ ਕੁਝ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਬਾਅਦ ਵਿੱਚ ਅੱਤਵਾਦੀ ਸੰਸਥਾਵਾਂ ਨਾਲ ਸੰਬੰਧ ਬਣਾਏ। ਉਨ੍ਹਾਂ ਕਿਹਾ, “ਇਹ ਅਜਿਹੇ ਲੋਕ ਹਨ ਜੋ ਆਮ ਹਾਲਾਤਾਂ ਵਿੱਚ ਕਦੇ ਵੀ ਸਾਡੇ ਦੇਸ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਪਾਉਂਦੇ, ਕਿਉਂਕਿ ਉਨ੍ਹਾਂ ਦੇ ਆਈਐਸਆਈਐਸ ਅਤੇ ਅਲ-ਕਾਇਦਾ ਵਰਗੇ ਗਰੁੱਪਾਂ ਨਾਲ ਸੰਬੰਧ ਹਨ।”
ਦੱਖਣੀ ਏਸ਼ੀਆ ਦੇ ਇਨ੍ਹਾਂ ਖ਼ਤਰਿਆਂ ਦੀ ਚੇਤਾਵਨੀ ਉਸ ਸੁਣਵਾਈ ਦੇ ਸ਼ੁਰੂਆਤੀ ਹਿੱਸੇ ਵਿੱਚ ਸਾਹਮਣੇ ਆਈ, ਜੋ ਬਾਅਦ ਵਿੱਚ ਤਿੱਖੇ ਰਾਜਨੀਤਿਕ ਟਕਰਾਅ ਵਿੱਚ ਤਬਦੀਲ ਹੋ ਗਈ। ਇਸ ਵਿੱਚ ਭਾਰਤੀ–ਅਮਰੀਕੀ ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ ਅਤੇ ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਦਰਮਿਆਨ ਇੱਕ ਤਣਾਅਪੂਰਨ ਤਕਰਾਰ ਵੀ ਸ਼ਾਮਲ ਸੀ।
ਥਾਨੇਦਾਰ ਨੇ ਨੋਏਮ ‘ਤੇ ਇਮੀਗ੍ਰੇਸ਼ਨ ਲਾਗੂ ਕਰਨ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਬਾਰੇ ਕਾਂਗਰਸ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, “ਸਕੱਤਰ ਨੋਏਮ, ਉਸ ਦਿਨ ਤੁਸੀਂ ਸਹੁੰ ਚੁੱਕ ਕੇ ਮੈਨੂੰ ਝੂਠ ਬੋਲਿਆ ਸੀ ਅਤੇ ਇਹ ਦਾਅਵਾ ਕੀਤਾ ਕਿ ਅਮਰੀਕੀ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਹਿਰਾਸਤ ਵਿੱਚ ਨਹੀਂ ਲਿਆ ਗਿਆ।" ਨੋਏਮ ਨੇ ਇਸ ਦੋਸ਼ ਨੂੰ ਨਕਾਰਦੇ ਹੋਏ ਕਿਹਾ, “ਹੋਮਲੈਂਡ ਸੁਰੱਖਿਆ ਵਿਭਾਗ ਅਤੇ ਇਹ ਪ੍ਰਸ਼ਾਸਨ ਸਾਰੇ ਸੰਘੀ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਡੀਐਚਐਸ ਨੇ ਕਦੇ ਵੀ ਕਿਸੇ ਅਮਰੀਕੀ ਨਾਗਰਿਕ ਨੂੰ ਨਾ ਤਾਂ ਹਿਰਾਸਤ ਵਿੱਚ ਲਿਆ ਹੈ ਅਤੇ ਨਾ ਹੀ ਡਿਪੋਰਟ ਕੀਤਾ ਹੈ, ਹਾਲਾਂਕਿ ਪਛਾਣ ਦੀ ਪੁਸ਼ਟੀ ਤੱਕ ਕਿਸੇ ਨੂੰ ਥੋੜ੍ਹੀ ਦੇਰ ਲਈ ਰੋਕਿਆ ਜਾ ਸਕਦਾ ਹੈ।
ਇਹ ਤਕਰਾਰ ਹੋਰ ਵੀ ਤਿੱਖੀ ਹੋ ਗਈ, ਜਦੋਂ ਥਾਨੇਦਾਰ ਨੇ ਕਿਹਾ, “ਮੈਂ ਤੁਹਾਡੇ ਝੂਠਾਂ ਤੋਂ ਤੰਗ ਆ ਚੁੱਕਾ ਹਾਂ। ਅਮਰੀਕੀ ਲੋਕ ਸੱਚ ਦੀ ਮੰਗ ਕਰਦੇ ਹਨ।” ਉਨ੍ਹਾਂ ਨੇ ਨੋਏਮ ਤੋਂ ਅਸਤੀਫੇ ਦੀ ਵੀ ਮੰਗ ਕੀਤੀ। ਇਸ ‘ਤੇ ਨੋਏਮ ਨੇ ਤਿੱਖਾ ਜਵਾਬ ਦਿੱਤਾ, “ਮੈਂ ਤੁਹਾਡੇ ਅਸਤੀਫੇ ਦੀ ਮੰਗ ਨੂੰ ਆਪਣੇ ਕੰਮ ਦੀ ਪੁਸ਼ਟੀ ਮੰਨਾਂਗੀ।"
ਇਹ ਕਮੇਟੀ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਬਣਾਈ ਗਈ ਸੀ, ਜਿਨ੍ਹਾਂ ਵਿੱਚ ਲਗਭਗ 3,000 ਲੋਕ ਮਾਰੇ ਗਏ ਸਨ। ਅਮਰੀਕੀ ਅਧਿਕਾਰੀ ਲਗਾਤਾਰ ਚੇਤਾਵਨੀ ਦੇ ਰਹੇ ਹਨ ਕਿ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨਾਲ ਜੁੜੇ ਅੱਤਵਾਦੀ ਨੈੱਟਵਰਕ ਅਜੇ ਵੀ ਵਿਸ਼ਵ ਅਤੇ ਅਮਰੀਕੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣੇ ਹੋਏ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login