ਅਮਰੀਕੀ ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ / X/@CongressmanRaja
ਅਮਰੀਕੀ ਕਾਂਗਰਸ ਦੇ ਪ੍ਰਭਾਵਸ਼ਾਲੀ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ–ਭਾਰਤ ਸੰਬੰਧ ਇਸ ਸਮੇਂ ਇੱਕ ਠੰਢੇ ਦੌਰ ਵਿਚ ਦਾਖਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਾਲੀਆ ਬਦਲਾਅ ਉਸ ਸਾਂਝੇਦਾਰੀ ਨੂੰ ਕਮਜ਼ੋਰ ਕਰ ਸਕਦੇ ਹਨ, ਜੋ ਤਿੰਨ ਦਹਾਕਿਆਂ ਦੀ ਲਗਾਤਾਰ ਮਿਹਨਤ ਨਾਲ ਬਣੀ ਹੈ।
ਸ਼ਿਕਾਗੋ ਵਿੱਚ ਹੋਈ ਇੰਡੀਆ ਅਬਰੌਡ ਡਾਇਲਾਗ ਦੌਰਾਨ ਆਪਣੇ ਮੁੱਖ ਭਾਸ਼ਣ ਵਿੱਚ ਕ੍ਰਿਸ਼ਨਾਮੂਰਤੀ ਨੇ ਕਿਹਾ, “ਮੈਨੂੰ ਇਸ ਸਮੇਂ ਅਮਰੀਕਾ–ਭਾਰਤ ਸੰਬੰਧਾਂ ਦਾ ਸਭ ਤੋਂ ਵਧੀਆ ਵਰਣਨ ਕਰਨ ਲਈ ਬਾਹਰ ਦੇ ਮੌਸਮ ਨਾਲ ਤੁਲਨਾ ਕਰਨੀ ਪੈਂਦੀ ਹੈ — ਜੋ ਕੁਝ ਕੁ ਠੰਢਾ ਅਤੇ ਜਮ੍ਹਿਆ ਹੋਇਆ ਹੈ।” ਉਨ੍ਹਾਂ ਕਿਹਾ ਕਿ ਇਹ ਰਿਸ਼ਤਾ “ਗਰਮਜੋਸ਼ੀ ਵਾਲਾ” ਅਤੇ “ਲਗਾਤਾਰ ਵਧਦੇ ਰਹਿਣ ਵਾਲਾ” ਹੋਣਾ ਚਾਹੀਦਾ ਸੀ, ਪਰ ਹਾਲੀਆ ਤਬਦੀਲੀਆਂ ਨੇ ਇਸਨੂੰ ਹੋਰ ਖਰਾਬ ਦਿਸ਼ਾ ਵੱਲ ਧੱਕ ਦਿੱਤਾ ਹੈ, ਜਦਕਿ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ।
ਕ੍ਰਿਸ਼ਨਾਮੂਰਤੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਰਣਨੀਤਕ ਮਹੱਤਤਾ ਸਿਰਫ਼ ਅਰਥਵਿਵਸਥਾ ਤੱਕ ਸੀਮਿਤ ਨਹੀਂ, ਇਹ ਇੱਕ ਬੇਹੱਦ ਮਹੱਤਵਪੂਰਨ ਸਾਥੀ ਅਤੇ ਦੋਸਤ ਵੀ ਹੈ ਅਤੇ ਉਨਾਂ ਨੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ “ਸਮਾਨਤਾ, ਆਜ਼ਾਦੀ, ਲੋਕਤੰਤਰ, ਘੱਟ ਗਿਣਤੀ ਅਧਿਕਾਰ, ਧਰਮ-ਨਿਰਪੱਖਤਾ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ” ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੀ ਟੈਰਿਫ਼ ਨੀਤੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਭਾਰਤੀ ਸਮਾਨ ’ਤੇ ਲਗਾਏ ਜਾਣ ਵਾਲੇ ਪ੍ਰਸਤਾਵਿਤ 50 ਫ਼ੀਸਦੀ ਟੈਰਿਫ਼ ਨੂੰ “ਮਨਮਾਨੀ” ਅਤੇ “ਬੇਤੁਕਾ” ਕਰਾਰ ਦਿੱਤਾ।
ਉਨ੍ਹਾਂ ਕਿਹਾ, “ਭਾਰਤ ’ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦਾ ਕੋਈ ਮਤਲਬ ਨਹੀਂ ਬਣਦਾ। ਲੱਗਦਾ ਹੈ ਕਿ ਇਹ ਕਿਸੇ ਟਰੂਥ ਸੋਸ਼ਲ ਟਵੀਟ ਦਾ ਨਤੀਜਾ ਹੈ ਅਤੇ ਵਪਾਰ ਨੀਤੀ ਇਸ ਤਰ੍ਹਾਂ ਨਹੀਂ ਬਣਾਈ ਜਾਂਦੀ।” ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਭਾਰਤ ’ਤੇ ਚੀਨ ਨਾਲੋਂ ਵੱਧ ਟੈਰਿਫ਼ ਲਗਾਉਣਾ ਰਣਨੀਤਕ ਤੌਰ ’ਤੇ ਨੁਕਸਾਨਦਾਇਕ ਹੈ। ਉਨ੍ਹਾਂ ਸਵਾਲ ਕੀਤਾ, “ਜਦੋਂ ਅਸੀਂ ਦੁਨੀਆ ਵਿੱਚ ਸੀਸੀਪੀ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਅਸੀਂ ਆਪਣੇ ਦੋਸਤਾਂ, ਸਾਥੀਆਂ ਅਤੇ ਸਹਿਯੋਗੀਆਂ, ਜਿਵੇਂ ਭਾਰਤ ਨੂੰ ਦੂਰ ਕਿਉਂ ਧੱਕੀਏ?” ਉਨ੍ਹਾਂ ਕਿਹਾ ਕਿ ਚੀਨ ਇੱਕ ਆਰਥਿਕ, ਸੈਨਿਕ ਅਤੇ ਤਕਨੀਕੀ ਰੂਪ ਵਜੋਂ ਤਿੰਨ ਗੁਣਾ ਖ਼ਤਰਾ ਪੇਸ਼ ਕਰਦਾ ਹੈ।
ਕਾਂਗਰਸਮੈਨ ਨੇ ਕਾਨੂੰਨੀ ਇਮੀਗ੍ਰੇਸ਼ਨ ਦੀ ਵੀ ਮਜ਼ਬੂਤੀ ਨਾਲ ਵਕਾਲਤ ਕੀਤੀ ਅਤੇ ਇਸਨੂੰ ਘਟਾਉਣ ਦੀਆਂ ਮੰਗਾਂ ਤੋਂ ਸਾਵਧਾਨ ਕੀਤਾ। ਉਨ੍ਹਾਂ ਕਿਹਾ, “ਕਾਨੂੰਨੀ ਇਮੀਗ੍ਰੇਸ਼ਨ ਇਸ ਦੇਸ਼ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਰਹੀ ਹੈ। ਜੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨਾ ਹੁੰਦੀ, ਤਾਂ ਨਾ ਇੱਥੇ ਡਾ. ਭਰਤ ਬਰਾਈ ਹੁੰਦੇ ਅਤੇ ਨਾ ਹੀ ਮੇਰਾ ਪਰਿਵਾਰ ਇੱਥੇ ਹੁੰਦਾ।”
ਭਾਰਤੀ ਅਮਰੀਕੀਆਂ ਨੂੰ “ਭਾਰਤ ਦਾ ਸਭ ਤੋਂ ਵੱਡਾ ਨਿਰਯਾਤ” ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪੰਜ ਮਿਲੀਅਨ ਦੀ ਇਹ ਕਮਿਊਨਿਟੀ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਪੁਲ ਬਣਾਉਣ ਵਾਲੀ ਤਾਕਤ ਹੈ। ਕ੍ਰਿਸ਼ਨਾਮੂਰਤੀ ਨੇ ਚੇਤਾਵਨੀ ਦਿੱਤੀ ਕਿ ਭਾਰਤ ਵਿਰੋਧੀ ਭਾਵਨਾਵਾਂ ਵਿੱਚ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ, “ਕੁਝ ਹਫ਼ਤੇ ਪਹਿਲਾਂ ਹੀ ਫਲੋਰੀਡਾ ਦੇ ਇੱਕ ਚੁਣੇ ਹੋਏ ਅਧਿਕਾਰੀ ਨੇ ਮੈਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ” ਅਤੇ ਉਨ੍ਹਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਗੰਭੀਰ ਤੌਰ ’ਤੇ ਚਿੰਤਾਜਨਕ ਦੱਸਿਆ।
ਅਮਰੀਕਾ–ਭਾਰਤ ਰਣਨੀਤਕ ਸਾਂਝੇਦਾਰੀ 2000 ਦੇ ਸ਼ੁਰੂਆਤੀ ਸਾਲਾਂ ਤੋਂ ਲਗਾਤਾਰ ਵਧੀ ਹੈ, ਜਿਸ ਵਿੱਚ ਰੱਖਿਆ ਸਹਿਯੋਗ, ਤਕਨਾਲੋਜੀ ਅਤੇ ਵਪਾਰ ਸ਼ਾਮਲ ਹਨ। ਕਦੇ-ਕਦੇ ਰਾਜਨੀਤਿਕ ਤਣਾਅ ਦੇ ਬਾਵਜੂਦ, ਦੋਵੇਂ ਦੇਸ਼ ਇੰਡੋ-ਪੈਸਿਫਿਕ ਖੇਤਰ ਵਿੱਚ ਚੀਨ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਲਈ ਇੱਕ-ਦੂਜੇ ਨੂੰ ਕੇਂਦਰੀ ਸਾਥੀ ਮੰਨਦੇ ਹਨ।
10 ਸ਼ਹਿਰਾਂ ਦੇ ਦੌਰੇ ਤਹਿਤ ਇੰਡੀਆ ਅਬਰੌਡ ਡਾਇਲਾਗ ਦੀ ਸ਼ੁਰੂਆਤ 13 ਦਸੰਬਰ ਨੂੰ ਡੇਟ੍ਰੋਇਟ ਤੋਂ ਹੋਈ। ਇਹ ਸਮਾਗਮ ਫਾਊਂਡੇਸ਼ਨ ਆਫ਼ ਇੰਡੀਆ ਐਂਡ ਇੰਡਿਅਨ ਡਾਇਸਪੋਰਾ ਸਟਡੀਜ਼ (FIIDS), ਯੂਐੱਸ ਇੰਡਿਅਨ ਕਮਿਊਨਿਟੀ ਫਾਊਂਡੇਸ਼ਨ ਅਤੇ ਹੋਰ ਕਈ ਭਾਈਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login