ਭਾਰਤ ਦਾ ਤਾਮਿਲਨਾਡੂ ਰਾਜ ਵਿਦੇਸ਼ੀ ਨਿਵੇਸ਼ ਲਈ ਇੱਕ ਪ੍ਰਮੁੱਖ ਸਥਾਨ ਬਣ ਰਿਹਾ ਹੈ। ਰਾਜ ਸਰਕਾਰ ਨੇ ਹਾਲ ਹੀ ਵਿੱਚ ਐਪਲ ਦੇ ਸਪਲਾਇਰ ਟਾਟਾ ਇਲੈਕਟ੍ਰਾਨਿਕਸ ਅਤੇ ਪੇਗਾਟ੍ਰੋਨ ਅਤੇ ਕੰਪਨੀ ਹੁੰਡਈ ਮੋਟਰਜ਼ ਵਰਗੀਆਂ ਕੰਪਨੀਆਂ ਨਾਲ 4.39 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਨਿਵੇਸ਼ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ।
ਐਪਲ ਚੀਨ ਤੋਂ ਅਲੱਗ ਹਟਕੇ ਆਪਣੇ ਉਤਪਾਦਨ ਵਿੱਚ ਵਿਭਿੰਨਤਾ ਲਿਆਉਣਾ ਚਾਹੁੰਦਾ ਹੈ। ਇਸ ਕਾਰਨ ਉਹ ਭਾਰਤ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਸਦੀ ਸਹਿਯੋਗੀ ਤਕਨੀਕੀ ਕੰਪਨੀ ਪੇਗਾਟ੍ਰੋਨ ਇਸ ਦਿਸ਼ਾ 'ਚ ਅੱਗੇ ਵਧ ਰਹੀ ਹੈ ਅਤੇ ਆਪਣੀ ਦੂਜੀ ਫੈਕਟਰੀ 'ਤੇ ਕੰਮ ਕਰ ਰਹੀ ਹੈ। ਟਾਟਾ ਸਮੂਹ ਵੀ ਪਿਛਲੇ ਸਾਲ ਤੋਂ ਆਈਫੋਨ ਅਸੈਂਬਲ ਕਰਨਾ ਸ਼ੁਰੂ ਚੁੱਕਿਆ ਹੈ।
ਸਮਝੌਤਿਆਂ 'ਤੇ ਦਸਤਖ਼ਤ ਕਰਨ ਦੌਰਾਨ, ਰਾਜ ਸਰਕਾਰ ਵੱਲੋਂ ਦੱਸਿਆ ਗਿਆ ਕਿ ਟਾਟਾ ਇਲੈਕਟ੍ਰੋਨਿਕਸ ਨੇ ਫ਼ੋਨ ਅਸੈਂਬਲਿੰਗ ਲਈ 120.8 ਅਰਬ ਰੁਪਏ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਪ੍ਰੋਗਰਾਮ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦੇਵੇਗੀ।
ਸਰਕਾਰ ਨੇ ਕਿਹਾ ਕਿ ਐਪਲ ਲਈ ਤਾਈਵਾਨ ਦੇ ਪ੍ਰਮੁੱਖ ਸਪਲਾਇਰ ਪੇਗਾਟ੍ਰੋਨ ਵੀ ਉਤਪਾਦਨ ਵਧਾਉਣ ਲਈ 10 ਅਰਬ ਰੁਪਏ ਦਾ ਨਿਵੇਸ਼ ਕਰੇਗਾ। ਇਸ ਤੋਂ ਇਲਾਵਾ ਟਾਟਾ ਪਾਵਰ ਅਗਲੇ ਕਈ ਸਾਲਾਂ 'ਚ ਤਾਮਿਲਨਾਡੂ 'ਚ 700 ਅਰਬ ਰੁਪਏ ਤੱਕ ਦੇ ਨਿਵੇਸ਼ ਦੀ ਸੰਭਾਵਨਾ ਤਲਾਸ਼ ਰਿਹਾ ਹੈ। ਇਸ ਨਾਲ ਸੂਬੇ ਵਿੱਚ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਤਾਮਿਲਨਾਡੂ ਵਿੱਚ ਹੋਏ ਇਨ੍ਹਾਂ ਸੌਦਿਆਂ ਵਿੱਚ ਜੇਐੱਸਡਬਲਿਊ ਐਨਰਜੀ ਨਾਲ ਰਿਨਿਊਏਬਲ ਐਨਰਜੀ ਪ੍ਰੋਜੈਕਟਾਂ ਵਿੱਚ 120 ਅਰਬ ਰੁਪਏ ਦਾ ਨਿਵੇਸ਼ ਕਰਨ ਦਾ ਸਮਝੌਤਾ ਸ਼ਾਮਲ ਹੈ। ਪ੍ਰਮੁੱਖ ਆਟੋ ਕੰਪਨੀ ਹੁੰਡਈ ਮੋਟਰਜ਼ ਨੇ ਵੀ ਇਲੈਕਟ੍ਰਿਕ ਵਾਹਨ ਬੈਟਰੀਆਂ ਅਤੇ ਕਾਰ ਨਿਰਮਾਣ 'ਤੇ ਜ਼ੋਰ ਦਿੰਦੇ ਹੋਏ 61.80 ਅਰਬ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ।
ਇਸ ਤੋਂ ਪਹਿਲਾਂ, ਵੀਅਤਨਾਮੀ ਈਵੀ ਨਿਰਮਾਤਾ ਵਿਨਫਾਸਟ ਭਾਰਤ ਵਿੱਚ ਆਪਣੀ ਪਹਿਲੀ ਨਿਰਮਾਣ ਇਕਾਈ ਸਥਾਪਤ ਕਰਨ ਅਤੇ 2 ਅਰਬ ਅਮਰੀਕੀ ਡਾਲਰ ਤੱਕ ਦੇ ਨਿਵੇਸ਼ ਲਈ ਕੰਮ ਕਰਨ ਲਈ ਸਹਿਮਤ ਹੋ ਗਿਆ ਹੈ। ਨਾਈਕੀ ਦੇ ਲਈ ਜੁੱਤੀਆਂ ਬਣਾਉਣ ਵਾਲੀ ਕੰਪਨੀ ਹਾਂਗ ਫੂ ਵੀ ਭਾਰਤ ਵਿੱਚ ਲਗਭਗ 10.4 ਅਰਬ ਰੁਪਏ ਦੇ ਨਿਵੇਸ਼ ਲਈ ਰਾਜ ਸਰਕਾਰ ਨਾਲ ਜਲਦ ਹੀ ਇੱਕ ਸਮਝੌਤੇ 'ਤੇ ਦਸਤਖ਼ਤ ਕਰਨ ਦੀ ਤਿਆਰੀ ਕਰ ਰਹੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login