ADVERTISEMENT

ADVERTISEMENT

ਸਿੱਖ ਭਾਈਚਾਰੇ ਨੇ ਕੈਨੇਡਾ ’ਚ ਅੱਗ ਪੀੜਤਾਂ ਦੀ ਫੜੀ ਬਾਂਹ

ਬ੍ਰਿਟਿਸ਼ ਕੋਲੰਬੀਆ ’ਚ ਜੰਗਲਾਂ ਦੀ ਅੱਗ ਕਾਰਨ ਬਜ਼ੁਰਗ ਔਰਤ ਦੀ ਮੌਤ; 20 ਹਜ਼ਾਰ ਤੋਂ ਵੱਧ ਲੋਕ ਬੇਘਰ

 ਕੈਨੇਡਾ ਵਿੱਚ ਜੰਗਲ ਦੀ ਅੱਗ ਕੈਨੇਡਾ ਵਿੱਚ ਜੰਗਲ ਦੀ ਅੱਗ / Photo Courtesy

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੀ ਜੰਗਲਾਂ ਦੀ ਅੱਗ ਦਾ ਪ੍ਰਭਾਵ ਹੁਣ ਕੁਝ ਘਟਣ ਲੱਗਾ ਹੈ। ਇਸ ਅੱਗ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਚੁੱਕੀ ਹੈ।

ਦੂਜੇ ਪਾਸੇ, ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚੇ 20 ਹਜ਼ਾਰ ਤੋਂ ਵੱਧ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਸਿੱਖ ਭਾਈਚਾਰਾ ਵੀ ਸਰਗਰਮ ਹੋ ਗਿਆ ਹੈ। ਇਨ੍ਹਾਂ ਯਤਨਾਂ ਵਿੱਚ ਪੈਂਟਿਕਟਨ ਦੀ ਗੁਰਦੁਆਰਾ ਕਮੇਟੀ ਪੀੜਤਾਂ ਦੀ ਮਦਦ ਲਈ ਮੋਹਰੀ ਭੂਮਿਕਾ ਨਿਭਾ ਰਹੀ ਹੈ। ਕਮੇਟੀ ਵੱਲੋਂ ਪ੍ਰਭਾਵਿਤ ਲੋਕਾਂ ਲਈ ਲੰਗਰ, ਰਹਿਣ-ਸਹਿਣ, ਕੱਪੜਿਆਂ ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਕੀਤੀ ਜਾ ਰਹੀ ਹੈ।

ਓਕਨਾਗਨ ਖੇਤਰ ਵਿੱਚ ਅੱਗ ਤੋਂ ਬਚੇ ਆਮ ਲੋਕ ਵੀ ਕਮੇਟੀ ਦੇ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲੱਗੇ ਹਨ। ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸ਼ਰਨ ਲਈ ਆਏ ਹਰੇਕ ਪੀੜਤ ਦੀ ਉਸ ਸਮੇਂ ਤੱਕ ਸਾਂਭ-ਸੰਭਾਲ ਕੀਤੀ ਜਾਵੇਗੀ, ਜਦੋਂ ਤੱਕ ਉਹ ਸੁਰੱਖਿਅਤ ਢੰਗ ਨਾਲ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤ ਜਾਂਦੇ।

ਇਸੇ ਦੌਰਾਨ ਸਰੀ, ਐਬਟਸਫੋਰਡ, ਵੈਨਕੂਵਰ, ਮਿਸ਼ਨ, ਰਿਚਮੰਡ, ਕੋਕਿਟਲਮ ਅਤੇ ਹੋਰ ਸ਼ਹਿਰਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਵੀ ਅੱਗ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਸਮੇਂ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਪ੍ਰਬੰਧਾਂ ਵਿੱਚ ਜੁਟ ਗਿਆ ਹੈ। ਸਿੱਖ ਸੰਗਤ ਵੱਲੋਂ ਪਹਿਲਾਂ ਹੀ ਉਨ੍ਹਾਂ ਵਸਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਪੀੜਤਾਂ ਨੂੰ ਆਪਣੇ ਘਰਾਂ ਵਿੱਚ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਲੋੜ ਪਵੇਗੀ।

ਸੂਬਾ ਸਰਕਾਰ ਵੱਲੋਂ ਹਰੇਕ ਪੀੜਤ ਨੂੰ ਰੋਜ਼ਾਨਾ 200 ਡਾਲਰ ਗੁਜ਼ਾਰਾ ਭੱਤਾ ਦਿੱਤਾ ਜਾ ਰਿਹਾ ਹੈ। ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਲਈ ਫੈਡਰਲ ਸਰਕਾਰ ਦੀ ਨੀਂਦ ਵੀ ਦੋ ਦਿਨ ਬਾਅਦ ਖੁੱਲ੍ਹੀ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਅੱਗ ਬੁਝਾਉਣ ਲਈ ਹਰ ਸੰਭਵ ਯਤਨ ਕਰਨ ਅਤੇ ਬਿਨਾਂ ਝਿਜਕ ਮੌਕੇ ’ਤੇ ਪਹੁੰਚਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗ ਕਾਰਨ ਉਜੜੇ ਲੋਕਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ।

Comments

Leave A Comment

Required fields are marked (*).

Related

Talk to us?