ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਵਿਰੁੱਧ ਸਿੱਖ ਸੰਸਥਾ ਦੇ ਇੱਕ ਫਰਜੀ ਐਕਸ ਖਾਤੇ ਨੂੰ ਲੈ ਕੇ ਕਾਰਵਾਈ ਆਰੰਭ ਕਰਦਿਆਂ ਐਕਸ/ਟਵਿੱਟਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਕਾਨੂੰਨੀ ਨੋਟਿਸ ਸ਼੍ਰੋਮਣੀ ਕਮੇਟੀ ਦੀ 20 ਨਵੰਬਰ 2023 ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੇ ਫੈਸਲੇ ਅਨੁਸਾਰ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜਿਆ ਗਿਆ ਹੈ।
ਐਡਵੋਕੇਟ ਸਿਆਲੀ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਐਕਸ ਜਿਹੇ ਸੋਸ਼ਲ ਮੀਡੀਆ ਮੰਚਾਂ ਵੱਲੋਂ ਪੈਰੋਡੀ ਖਾਤਿਆਂ ਦੀ ਨੀਤੀ ਹੇਠ ਕਿਸੇ ਵੀ ਧਰਮ ਜਾਂ ਧਾਰਮਿਕ ਸੰਸਥਾ ਵਿਰੁੱਧ ਨਫ਼ਰਤੀ ਪ੍ਰਚਾਰ ਫੈਲਾਉਣਾ ਅਤੇ ਇਸ ਨੂੰ ਹੱਲਾਸ਼ੇਰੀ ਦੇਣੀ ਭਾਰਤੀ ਦੰਡ ਪ੍ਰਣਾਲੀ, ਸੂਚਨਾ ਤਕਨਾਲੋਜੀ ਐਕਟ 2001 ਅਤੇ ਸੂਚਨਾ ਤਕਨਾਲੋਜੀ ਨਿਯਮਾਂ 2021 ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਸੱਟ ਮਾਰਨ ਲਈ ਕੀਤਾ ਜਾ ਰਿਹਾ ਹੈ। ਇਸ ਹਰਕਤ ਨਾਲ ਸਮਾਜ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ, ਲਿਹਾਜ਼ਾ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟੇਗੀ।
ਭੇਜੇ ਗਏ ਇਸ ਨੋਟਿਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਸੰਵਿਧਾਨਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਾਹਲੀ/ਪੈਰੋਡੀ ਐਕਸ ਖਾਤਾ ਸਾਹਮਣੇ ਆਉਣ ’ਤੇ ਮਾਮਲਾ ਇਸ ਸੋਸ਼ਲ ਮੀਡੀਆ ਪਲੇਟਫਾਰਮ ਪਾਸ ਉਠਾਇਆ ਗਿਆ ਸੀ, ਪਰੰਤੂ ਲਿਖਾਪੜ੍ਹੀ ਦੌਰਾਨ ਉਨ੍ਹਾਂ ਨੇ ਇਸ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੁੜ ਲਿਖਣ ’ਤੇ ਐਕਸ/ਟਵਿੱਟਰ ਨੇ ਪੈਰੋਡੀ ਖਾਤੇ ਨੂੰ ਆਪਣੀ ਨੀਤੀ ਦਾ ਹਿੱਸਾ ਦੱਸਿਆ ਸੀ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਨੇ ਕਾਨੂੰਨੀ ਕਾਰਵਾਈ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਇਸ ਫਰਜੀ ਖਾਤੇ ’ਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਸੋਸ਼ਲ ਮੀਡੀਆ ਖਾਤੇ ਰਾਹੀਂ ਸਿੱਖਾਂ ਦੀ ਸੰਵਿਧਾਨਕ ਸੰਸਥਾ ਦਾ ਅਕਸ ਖਰਾਬ ਕਰਨਾ ਕਿਸੇ ਤਰ੍ਹਾਂ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੀਆਂ ਹਰਕਤਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਸਰਕਾਰਾਂ ਨੂੰ ਲਿਖਿਆ ਜਾ ਚੁੱਕਾ ਹੈ, ਪਰ ਇਹ ਨਫ਼ਰਤੀ ਚਲਣ ਨਿਰੰਤਰ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਧਰਮ ਖਿਲਾਫ ਨੀਤੀਗਤ ਨਫ਼ਰਤੀ ਪ੍ਰਚਾਰ ਨੂੰ ਰੋਕਣਾ ਸਰਕਾਰਾਂ ਦਾ ਫਰਜ ਹੈ, ਪਰ ਇਸ ਨੂੰ ਰੋਕਣ ਪ੍ਰਤੀ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਰੁੱਧ ਸਾਜ਼ਸ਼ੀ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰਤ ਐਕਸ/ਟਵਿੱਟਰ ਖਾਤਾ @SGPCAmritsar ਹੈ ਜਦਕਿ ਸ਼ਰਾਰਤੀ ਲੋਕਾਂ ਵੱਲੋਂ ਇੱਕ ਪੈਰੋਡੀ ਖਾਤਾ @SGPCAmritsar_ ਬਣਾ ਕੇ ਸੰਸਥਾ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਫਰਜੀ ਖਾਤੇ ’ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਲੋਗੋ ਅੰਦਰ ਦਰਜ ਧਾਰਮਿਕ ਚਿੰਨ੍ਹਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ।
Comments
Start the conversation
Become a member of New India Abroad to start commenting.
Sign Up Now
Already have an account? Login