ADVERTISEMENT

ADVERTISEMENT

ਫੈਡਰਲ ਰਿਜ਼ਰਵ ਚੇਅਰਮੈਨ ਦੇ ਹੱਕ ‘ਚ ਖੜੇ ਹੋਏ ਰੋ ਖੰਨਾ

ਖੰਨਾ ਨੇ ਪੋਵੇਲ ਵਾਲੀ ਫੈਡਰਲ ਰਿਜ਼ਰਵ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ, “ਮੈਂ ਜੇਰੋਮ ਪੋਵੇਲ ਅਤੇ ਇੱਕ ਸੁਤੰਤਰ ਫੈਡਰਲ ਦੇ ਨਾਲ ਖੜ੍ਹਾ ਹਾਂ”

ਕਾਂਗਰਸ ਮੈਂਬਰ ਰੋ ਖੰਨਾ ਤੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਐਚ. ਪੋਵੇਲ / Wikimedia commons

ਕਾਂਗਰਸ ਮੈਂਬਰ ਰੋ ਖੰਨਾ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਐਚ. ਪੋਵੇਲ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਇਹ ਸਮਰਥਨ ਪਾਵੇਲ ਵੱਲੋਂ ਡੋਨਾਲਡ ਟਰੰਪ ਪ੍ਰਸ਼ਾਸਨ 'ਤੇ ਵਿਆਜ ਦਰਾਂ ਦੇ ਫੈਸਲਿਆਂ ਨੂੰ ਲੈ ਕੇ ਡਰਾਉਣ-ਧਮਕਾਉਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਆਇਆ ਹੈ।

ਪੋਵੇਲ ਨੇ ਇੱਕ ਵੀਡੀਓ ਸੁਨੇਹੇ ਵਿੱਚ ਜਸਟਿਸ ਡਿਪਾਰਟਮੈਂਟ ਵੱਲੋਂ ਭੇਜੇ ਗਏ ਗ੍ਰੈਂਡ ਜਿਊਰੀ ਸਮਨਜ਼ ’ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਹੀਂ ਉਨ੍ਹਾਂ ਨੂੰ ਜੂਨ ਵਿੱਚ ਸੈਨੇਟ ਬੈਂਕਿੰਗ ਕਮੇਟੀ ਦੇ ਸਾਹਮਣੇ ਦਿੱਤੀ ਗਈ ਗਵਾਹੀ ਦੇ ਸਬੰਧ ਵਿੱਚ ਅਪਰਾਧਿਕ ਦੋਸ਼ਾਂ ਦੀ ਧਮਕੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਫੈਡਰਲ ਰਿਜ਼ਰਵ ਦੀਆਂ ਇਤਿਹਾਸਕ ਦਫ਼ਤਰੀ ਇਮਾਰਤਾਂ ਦੇ ਨਵੀਨੀਕਰਨ ਬਾਰੇ ਗਵਾਹੀ ਦੇਣ ਲਈ ਬੁਲਾਇਆ ਗਿਆ ਸੀ। 

ਹਾਲਾਂਕਿ, ਪੋਵੇਲ ਨੇ ਦੋਸ਼ ਲਗਾਇਆ, “ਅਪਰਾਧਿਕ ਕਾਰਵਾਈ ਦੀ ਧਮਕੀ ਇਸ ਗੱਲ ਦਾ ਨਤੀਜਾ ਹੈ ਕਿ ਫੈਡਰਲ ਰਿਜ਼ਰਵ ਵਿਆਜ਼ ਦਰਾਂ ਨੂੰ ਰਾਸ਼ਟਰਪਤੀ ਦੀਆਂ ਪਸੰਦਾਂ ਦੇ ਅਨੁਸਾਰ ਨਹੀਂ ਸਗੋਂ ਇਸ ਅਧਾਰ ’ਤੇ ਤੈਅ ਕਰਦਾ ਹੈ ਕਿ ਜਨਤਾ ਦੇ ਹਿਤ ਵਿੱਚ ਸਭ ਤੋਂ ਵਧੀਆ ਕੀ ਹੈ।”

ਉਨ੍ਹਾਂ ਕਿਹਾ, "ਸਵਾਲ ਇਹ ਹੈ ਕਿ ਕੀ ਫੈਡਰਲ ਰਿਜ਼ਰਵ ਸਬੂਤਾਂ ਅਤੇ ਆਰਥਿਕ ਹਾਲਾਤਾਂ ਦੇ ਅਧਾਰ 'ਤੇ ਵਿਆਜ ਦਰਾਂ ਤੈਅ ਕਰਨਾ ਜਾਰੀ ਰੱਖ ਸਕੇਗਾ, ਜਾਂ ਰਾਜਨੀਤਿਕ ਦਬਾਅ ਜਾਂ ਧਮਕੀਆਂ ਇਸਨੂੰ ਨਿਰਦੇਸ਼ਿਤ ਕਰਨਗੀਆਂ।"

ਖੰਨਾ ਨੇ ਪੋਵੇਲ ਵਾਲੀ ਫੈਡਰਲ ਰਿਜ਼ਰਵ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ, “ਮੈਂ ਜੇਰੋਮ ਪੋਵੇਲ ਅਤੇ ਇੱਕ ਸੁਤੰਤਰ ਫੈਡਰਲ ਦੇ ਨਾਲ ਖੜ੍ਹਾ ਹਾਂ।”

ਆਪਣਾ ਵਿਰੋਧ ਜ਼ਾਹਰ ਕਰਦਿਆਂ , ਰਿਪ੍ਰੀਜ਼ੈਂਟੇਟਿਵ ਖੰਨਾ ਨੇ ਕਿਹਾ, “ਜੇਕਰ ਵਿਆਜ਼ ਦਰਾਂ ਬਾਰੇ ਰਾਸ਼ਟਰਪਤੀ ਦੇ ਹੁਕਮ ਮੰਨਣ ਤੋਂ ਇਨਕਾਰ ਕਰਨ ’ਤੇ ਫੈਡਰਲ ਦੇ ਚੇਅਰਮੈਨ ਖ਼ਿਲਾਫ਼ ਅਪਰਾਧਿਕ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਹੈ, ਤਾਂ ਇਹ ਕਾਨੂੰਨ ਦੀ ਸ਼ਾਸ਼ਨ-ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ, ਜੋ ਅਮਰੀਕੀ ਖੁਸ਼ਹਾਲੀ ਦੀ ਮੂਲ ਨੀਂਹ ਹੈ।”

ਟਰੰਪ, ਜੋ ਲੰਬੇ ਸਮੇਂ ਤੋਂ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਕੇਂਦਰੀ ਬੈਂਕ ’ਤੇ ਵਿਆਜ਼ ਦਰਾਂ ਵਿੱਚ ਵੱਡੀ ਕਟੌਤੀ ਕਰਨ ਦਾ ਦਬਾਅ ਬਣਾਉਂਦੇ ਆ ਰਹੇ ਹਨ, ਪਹਿਲਾਂ ਵੀ ਪੋਵੇਲ ਨੂੰ “ਕਠੋਰ” ਕਹਿ ਚੁੱਕੇ ਹਨ। ਉਨ੍ਹਾਂ ਨੇ ਫੈਡਰਲ ਵੱਲੋਂ 25 ਬੇਸਿਸ ਪੌਇੰਟ ਦੀ ਕਟੌਤੀ ਨੂੰ “ਕਾਫ਼ੀ ਛੋਟੀ” ਦੱਸਦਿਆਂ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਕਟੌਤੀ ਦੁੱਗਣੀ ਹੋਣੀ ਚਾਹੀਦੀ ਸੀ। 

Comments

Related