ADVERTISEMENT

ADVERTISEMENT

ਰੋ ਖੰਨਾ ਨੇ ਵੈਸਟ ਬੈਂਕ ਦੌਰੇ ਦੀ ਪਹਿਲੀ ਵੀਡੀਓ ਕੀਤੀ ਜਾਰੀ

ਖਿਰਬਤ ਜ਼ਨੂਤਾ ਨੇੜੇ ਹਥਿਆਰਬੰਦ ਸੈਟਲਰਾਂ ਵੱਲੋਂ 75 ਮਿੰਟ ਤੱਕ ਹਿਰਾਸਤ ਵਿੱਚ ਰੱਖਣ ਦੇ ਦਾਅਵੇ ਤੋਂ ਬਾਅਦ ਜਾਰੀ ਕੀਤੀ ਵੀਡੀਓ

 ਵੈਸਟ ਬੈਂਕ ਵਿੱਚ ਰੋ ਖੰਨਾ ਵੈਸਟ ਬੈਂਕ ਵਿੱਚ ਰੋ ਖੰਨਾ / X/ @RoKhanna

ਕੈਲੀਫ਼ੋਰਨੀਆ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਅਮਰੀਕੀ ਕਾਂਗਰਸ ਮੈਂਬਰ ਰੋ ਖੰਨਾ ਨੇ 13 ਜੁਲਾਈ ਨੂੰ ਆਪਣੇ ਹਾਲੀਆ ਵੈਸਟ ਬੈਂਕ ਦੌਰੇ ਦੀ ਪਹਿਲੀ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਮਰੀਕੀਆਂ ਨੂੰ ਇਜ਼ਰਾਈਲੀ ਕਬਜ਼ੇ ਹੇਠ ਰਹਿ ਰਹੇ ਫ਼ਲਸਤੀਨੀਆਂ ਦੀ ਜ਼ਿੰਦਗੀ ਬਾਰੇ ਉਨ੍ਹਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੀਦੀਆਂ ਹਨ।

 

ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇੱਕ ਪੋਸਟ ਵਿੱਚ ਖੰਨਾ ਨੇ ਲਿਖਿਆ, "ਵੈਸਟ ਬੈਂਕ ਵਿੱਚ ਮੇਰੇ ਨਾਲ ਜੋ ਹੋਇਆ, ਉਹ ਨਿੰਦਣਯੋਗ ਸੀ। ਪਰ ਇਹ ਉਸ ਦੇ ਮੁਕਾਬਲੇ ਕੁਝ ਵੀ ਨਹੀਂ ਜੋ ਫ਼ਲਸਤੀਨੀ ਹਰ ਰੋਜ਼ ਝੱਲਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦੀਆਂ ਉਹ ਕਹਾਣੀਆਂ ਸਾਂਝੀਆਂ ਕੀਤੀਆਂ ਜਾਣ, ਜਿਨ੍ਹਾਂ ਨੂੰ ਅਮਰੀਕੀ ਰਾਜਨੀਤੀ ਨੇ ਚੁੱਪ ਕਰਵਾ ਦਿੱਤਾ ਅਤੇ ਨਜ਼ਰਅੰਦਾਜ਼ ਕੀਤਾ। ਇਹ ਉਨ੍ਹਾਂ ਫ਼ਲਸਤੀਨੀਆਂ ਬਾਰੇ ਸਾਡੀ ਪਹਿਲੀ ਵੀਡੀਓ ਹੈ, ਜਿਨ੍ਹਾਂ ਨੂੰ ਅਸੀਂ ਮਿਲੇ।"



ਇਹ ਵੀਡੀਓ ਖੰਨਾ ਦੇ ਤਿੰਨ ਦਿਨਾਂ ਦੇ ਵੈਸਟ ਬੈਂਕ ਦੌਰੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਫ਼ਲਸਤੀਨੀ ਕਸਬਿਆਂ ਅਤੇ ਪਿੰਡਾਂ ਦੇ ਵਸਨੀਕਾਂ ਨਾਲ ਮੁਲਾਕਾਤ ਕਰਕੇ ਇਜ਼ਰਾਈਲੀ ਕਬਜ਼ੇ ਹੇਠ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਸਿੱਧੇ ਤੌਰ 'ਤੇ ਜਾਣਕਾਰੀ ਹਾਸਲ ਕੀਤੀ।

 

ਵੀਡੀਓ ਵਿੱਚ ਖੰਨਾ ਕਹਿੰਦੇ ਹਨ, "ਦਹਾਕਿਆਂ ਤੋਂ ਅਮਰੀਕੀ ਸਿਆਸਤਦਾਨ ਤੇਲ ਅਵੀਵ ਦਾ ਦੌਰਾ ਕਰਦੇ ਰਹੇ ਹਨ, ਪਰ ਉਨ੍ਹਾਂ ਨੇ ਸਰਹੱਦ ਪਾਰ ਕਰਕੇ ਫ਼ਲਸਤੀਨੀਆਂ ਨਾਲ ਜ਼ਮੀਨੀ ਹਕੀਕਤ ਬਾਰੇ ਗੱਲ ਕਰਨ ਲਈ ਸਮਾਂ ਨਹੀਂ ਕੱਢਿਆ। ਬਹੁਤ ਸਾਰੇ ਫ਼ਲਸਤੀਨੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਦੇਖਿਆ ਜਾਵੇ, ਉਨ੍ਹਾਂ ਦੀ ਗੱਲ ਸੁਣੀ ਜਾਵੇ ਅਤੇ ਉਹ ਇੱਜ਼ਤ ਨਾਲ ਜੀ ਸਕਣ।"

 

ਵੀਡੀਓ ਵਿੱਚ ਫ਼ਲਸਤੀਨੀ ਨਿਵਾਸੀਆਂ ਅਤੇ ਸਥਾਨਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜ਼ਮੀਨ, ਪਾਣੀ ਅਤੇ ਆਵਾਜਾਈ ਦੀ ਆਜ਼ਾਦੀ ਤੱਕ ਪਹੁੰਚ ਸਬੰਧੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਫ਼ਲਸਤੀਨੀ ਨਿਵਾਸੀ ਨੇ ਖੰਨਾ ਨੂੰ ਦੱਸਿਆ ਕਿ ਸੈਟਲਰਾਂ ਵੱਲੋਂ ਹਿੰਸਾ 7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਅਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਦੀ ਹੱਤਿਆ ਉਸ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ। ਇੱਕ ਹੋਰ ਸਥਾਨਕ ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਕਾਂਗਰਸ ਦਾ ਕੋਈ ਮੈਂਬਰ ਬੇਤ ਸਾਹੂਰ ਆਇਆ ਹੈ।

 

ਵੀਡੀਓ ਵਿੱਚ ਨਜ਼ਰ ਆ ਰਹੇ ਇੱਕ ਸਥਾਨਕ ਮੇਅਰ ਨੇ ਅਮਰੀਕੀ ਕਾਂਗਰਸ ਮੈਂਬਰਾਂ ਨੂੰ ਖੁਦ ਆ ਕੇ ਹਾਲਾਤ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਸਾਰੇ ਕਾਂਗਰਸ ਮੈਂਬਰਾਂ ਨੂੰ ਆ ਕੇ ਉਹ ਤਿੰਨ ਬੁਨਿਆਦੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੀ ਸਾਨੂੰ ਲੋੜ ਹੈ। ਸਾਨੂੰ ਆਪਣੀ ਜ਼ਮੀਨ ਚਾਹੀਦੀ ਹੈ, ਸਾਨੂੰ ਪਾਣੀ ਚਾਹੀਦਾ ਹੈ ਅਤੇ ਸਾਨੂੰ ਆਵਾਜਾਈ ਦੀ ਆਜ਼ਾਦੀ ਚਾਹੀਦੀ ਹੈ।"

 

ਖੰਨਾ ਨੇ ਕਿਹਾ ਕਿ ਉਹ ਆਉਣ ਵਾਲੇ ਹਫ਼ਤਿਆਂ ਦੌਰਾਨ ਆਪਣੇ ਦੌਰੇ ਦੌਰਾਨ ਮਿਲੇ ਫ਼ਲਸਤੀਨੀਆਂ ਦੀਆਂ ਹੋਰ ਕਹਾਣੀਆਂ ਵੀ ਸਾਂਝੀਆਂ ਕਰਦੇ ਰਹਿਣਗੇ, "ਕਿਉਂਕਿ ਹੁਣ ਸਮਾਂ ਆ ਗਿਆ ਹੈ ਕਿ ਫ਼ਲਸਤੀਨੀਆਂ ਨੂੰ ਆਪਣੇ ਰਾਜ ਵਿੱਚ ਪੂਰੇ ਅਤੇ ਬਰਾਬਰ ਦੇ ਅਧਿਕਾਰ ਮਿਲਣ।"

 

ਇਹ ਵੀਡੀਓ ਉਸ ਘਟਨਾ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਵਿੱਚ ਖੰਨਾ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਖਿਰਬਤ ਜ਼ਨੂਤਾ ਦੇ ਦੌਰੇ ਦੌਰਾਨ ਹਥਿਆਰਬੰਦ ਇਜ਼ਰਾਈਲੀ ਸੈਟਲਰਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਦੇ ਵਫ਼ਦ ਨੂੰ 75 ਮਿੰਟ ਤੱਕ ਹਿਰਾਸਤ ਵਿੱਚ ਰੱਖਿਆ। ਹਾਲਾਂਕਿ ਇਜ਼ਰਾਈਲ ਡਿਫੈਂਸ ਫੋਰਸ (ਆਈਡੀਐੱਫ਼) ਨੇ ਖੰਨਾ ਦੇ ਦਾਅਵੇ ਦੇ ਕੁਝ ਹਿੱਸਿਆਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਪਿੰਡ ਨੇੜੇ ਇਜ਼ਰਾਈਲੀ ਨਾਗਰਿਕਾਂ ਵੱਲੋਂ ਵਿਦੇਸ਼ੀ ਨਾਗਰਿਕਾਂ ਦਾ ਰਸਤਾ ਰੋਕਣ ਦੀ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਅਤੇ ਪੁਲਿਸ ਮੌਕੇ 'ਤੇ ਪਹੁੰਚੀ, ਸੈਟਲਰਾਂ ਨੂੰ ਉੱਥੋਂ ਹਟਾਇਆ ਗਿਆ ਅਤੇ ਇਹ ਦਾਅਵਾ ਵੀ ਰੱਦ ਕੀਤਾ ਕਿ ਫ਼ੌਜੀਆਂ ਨੇ ਖੰਨਾ ਦੇ ਵਫ਼ਦ ਨੂੰ ਹਿਰਾਸਤ ਵਿੱਚ ਲਿਆ ਜਾਂ ਉਨ੍ਹਾਂ ਦਾ ਰਸਤਾ ਰੋਕਿਆ। ਖੰਨਾ ਆਪਣੇ ਇਸ ਦਾਅਵੇ 'ਤੇ ਕਾਇਮ ਹਨ ਕਿ ਇਸ ਟਕਰਾਅ ਦੌਰਾਨ ਇਜ਼ਰਾਈਲੀ ਫ਼ੌਜੀਆਂ ਨੇ ਸੈਟਲਰਾਂ ਦਾ ਸਾਥ ਦਿੱਤਾ ਸੀ।

 

ਕੈਲੀਫ਼ੋਰਨੀਆ ਤੋਂ ਡੈਮੋਕ੍ਰੈਟਿਕ ਸੰਸਦ ਮੈਂਬਰ ਰੋ ਖੰਨਾ ਗਾਜ਼ਾ ਜੰਗ ਅਤੇ ਵੈਸਟ ਬੈਂਕ ਵਿੱਚ ਵਧ ਰਹੀ ਹਿੰਸਾ ਦੇ ਮੱਦੇਨਜ਼ਰ ਇਜ਼ਰਾਈਲੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਸਮੀਖਿਆ ਦੀ ਮੰਗ ਕਰਨ ਵਾਲੇ ਸਭ ਤੋਂ ਮੁਖਰ ਡੈਮੋਕ੍ਰੈਟਿਕ ਆਗੂਆਂ ਵਿੱਚੋਂ ਇੱਕ ਬਣ ਕੇ ਉਭਰੇ ਹਨ। ਉਹ ਲਗਾਤਾਰ ਗਾਜ਼ਾ ਲਈ ਵਧੇਰੇ ਮਨੁੱਖੀ ਸਹਾਇਤਾ, ਜੰਗਬੰਦੀ ਅਤੇ ਦੋ-ਰਾਜ ਹੱਲ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ ਹਨ।

 

ਅਕਤੂਬਰ 2023 ਵਿੱਚ ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਹਿੰਸਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਫ਼ਲਸਤੀਨੀ ਭਾਈਚਾਰਿਆਂ 'ਤੇ ਇਜ਼ਰਾਈਲੀ ਸੈਟਲਰਾਂ ਦੇ ਹਮਲਿਆਂ ਵਿੱਚ ਵਾਧੇ ਦਾ ਦਸਤਾਵੇਜ਼ੀਕਰਨ ਕੀਤਾ ਹੈ, ਜਦਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਇਜ਼ਰਾਈਲੀਆਂ ਖ਼ਿਲਾਫ਼ ਵਧ ਰਹੇ ਅਤਿਵਾਦੀ ਹਮਲਿਆਂ ਦੇ ਜਵਾਬ ਵਿੱਚ ਕਾਰਵਾਈ ਕਰ ਰਿਹਾ ਹੈ।

Comments

Leave A Comment

Required fields are marked (*).

Related

Talk to us?