ਰਾਖੀ ਇਸਰਾਨੀ / Handout
ਅਮਰੀਕਾ ਦੇ ਕੈਲੀਫ਼ੋਰਨੀਆ ਦੇ 14ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਚੋਣ ਲੜ ਰਹੀ ਡੈਮੋਕ੍ਰੇਟਿਕ ਉਮੀਦਵਾਰ ਰਾਖੀ ਇਸਰਾਨੀ ਨੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ, ਇਲਾਕਿਆਂ ਅਤੇ ਕੰਮਕਾਜ ਵਾਲੀਆਂ ਥਾਵਾਂ ‘ਤੇ ਸੁਰੱਖਿਅਤ ਮਹਿਸੂਸ ਕਰਵਾਉਣਾ ਸਰਕਾਰ ਦੀ ਸਭ ਤੋਂ ਮੁੱਢਲੀ ਜ਼ਿੰਮੇਵਾਰੀ ਹੈ। ਰਾਖੀ ਇਸਰਾਨੀ ਨੇ ਕਿਹਾ ਕਿ ਇਸ ਵੇਲੇ ਕਈ ਇਲਾਕਿਆਂ ਵਿੱਚ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਿਉਂਕਿ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਘੱਟ ਸਟਾਫ਼ ਅਤੇ ਸੀਮਤ ਸਰੋਤਾਂ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ, “ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਘੱਟ ਸਰੋਤਾਂ ਨਾਲ ਵੱਧ ਕੰਮ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਲੰਬੇ ਸਮੇਂ ਲਈ ਠੀਕ ਨਹੀਂ ਹੈ।”
ਰਾਖੀ ਇਸਰਾਨੀ ਦੀ ਯੋਜਨਾ ਦਾ ਇੱਕ ਮੁੱਖ ਹਿੱਸਾ ਕਮਿਊਨਿਟੀ ਪੁਲਿਸਿੰਗ ਲਈ ਫੈਡਰਲ ਫੰਡਿੰਗ ਨੂੰ ਮੁੜ ਸ਼ੁਰੂ ਕਰਨਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੁਲਿਸ ਵਿਭਾਗਾਂ ਨੂੰ ਹੋਰ ਅਧਿਕਾਰੀਆਂ ਅਤੇ ਵਧੇਰੇ ਸਰੋਤਾਂ ਦੀ ਲੋੜ ਹੈ, ਤਾਂ ਜੋ ਲੋਕਾਂ ਅਤੇ ਪੁਲਿਸ ਵਿਚਕਾਰ ਭਰੋਸਾ ਮੁੜ ਬਣਾਇਆ ਜਾ ਸਕੇ। ਉਨ੍ਹਾਂ ਕਿਹਾ, “ਸਾਨੂੰ ਕਮਿਊਨਿਟੀ ਪੁਲਿਸਿੰਗ ਲਈ ਫੈਡਰਲ ਮਦਦ ਮੁੜ ਬਹਾਲ ਕਰਨੀ ਚਾਹੀਦੀ ਹੈ, ਤਾਂ ਜੋ ਸ਼ਹਿਰ ਹੋਰ ਪੁਲਿਸ ਅਧਿਕਾਰੀ ਭਰਤੀ ਕਰ ਸਕਣ।” ਇਸਰਾਨੀ ਮੁਤਾਬਕ ਇਸ ਨਾਲ ਨਾ ਸਿਰਫ਼ ਕਾਨੂੰਨ-ਵਿਵਸਥਾ ਮਜ਼ਬੂਤ ਹੋਵੇਗੀ, ਸਗੋਂ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਵੀ ਵਧੇਗੀ।
ਰਾਖੀ ਇਸਰਾਨੀ ਨੇ ਮਾਨਸਿਕ ਸਿਹਤ ਸੰਕਟਾਂ ਨਾਲ ਨਜਿੱਠਣ ਲਈ ਵੱਖਰੀ ਪ੍ਰਣਾਲੀ ਬਣਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਐਮਰਜੈਂਸੀ ਹਾਲਾਤ ਵਿੱਚ ਸਿਰਫ਼ ਪੁਲਿਸ ਅਧਿਕਾਰੀਆਂ ‘ਤੇ ਨਿਰਭਰ ਰਹਿਣ ਦੀ ਬਜਾਏ ਤਜਰਬੇਕਾਰ ਮਾਨਸਿਕ ਸਿਹਤ ਮਾਹਿਰਾਂ ਦੀ ਭੂਮਿਕਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ, “ਸਾਨੂੰ ਮਾਨਸਿਕ ਸਿਹਤ ਸੰਕਟ ਸਹਾਇਤਾ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਫੰਡ ਕਰਨਾ ਚਾਹੀਦਾ ਹੈ। ਐਸੀਆਂ ਸਥਿਤੀਆਂ ਵਿੱਚ ਸਿਰਫ਼ ਪੁਲਿਸ ਨਹੀਂ, ਸਗੋਂ ਤਰਬੀਅਤਯਾਫਤਾ ਮਾਹਿਰ ਵੀ ਮੌਜੂਦ ਹੋਣੇ ਚਾਹੀਦੇ ਹਨ।”
ਚਾਰ ਬੱਚਿਆਂ ਦੀ ਮਾਂ ਰਾਖੀ ਇਸਰਾਨੀ ਨੇ ਕਿਹਾ ਕਿ ਮਾਨਸਿਕ ਸਿਹਤ ਮਾਹਿਰਾਂ ਅਤੇ ਪੁਲਿਸ ਦੇ ਮਿਲਜੁਲ ਕੇ ਕੰਮ ਕਰਨ ਨਾਲ ਸੰਕਟ ਵਿੱਚ ਫਸੇ ਲੋਕਾਂ ਨੂੰ ਸਹੀ ਸਹਾਇਤਾ ਮਿਲ ਸਕਦੀ ਹੈ ਅਤੇ ਪੁਲਿਸ ਆਪਣੇ ਮੁੱਖ ਕੰਮਾਂ ‘ਤੇ ਧਿਆਨ ਦੇ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਿਰਫ਼ ਕਾਨੂੰਨ ਲਾਗੂ ਕਰਨਾ ਹੀ ਕਾਫ਼ੀ ਨਹੀਂ, ਸਗੋਂ ਲੋਕਾਂ ਦਾ ਭਰੋਸਾ ਜਿੱਤਣਾ ਵੀ ਲਾਜ਼ਮੀ ਹੈ। ਇਸਰਾਨੀ ਮੁਤਾਬਕ ਸਹੀ ਸਟਾਫ਼, ਮਜ਼ਬੂਤ ਕਮਿਊਨਿਟੀ ਸਹਿਯੋਗ ਅਤੇ ਮਾਨਸਿਕ ਸਿਹਤ ਸੇਵਾਵਾਂ ਵਿੱਚ ਨਿਵੇਸ਼ ਨਾਲ ਲੋਕ ਆਪਣੇ ਇਲਾਕਿਆਂ ਵਿੱਚ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੇ।
ਕੈਲੀਫ਼ੋਰਨੀਆ ਦੇ ਇਸ ਹਲਕੇ ਲਈ ਖਾਸ ਚੋਣ 18 ਅਗਸਤ ਨੂੰ ਹੋਣੀ ਹੈ, ਜਦਕਿ ਡੈਮੋਕ੍ਰੇਟਿਕ ਪ੍ਰਾਈਮਰੀ 16 ਜੂਨ ਨੂੰ ਕਰਵਾਈ ਜਾਵੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login