ਪ੍ਰਤੀਕ ਤਸਵੀਰ / Pexels
ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ, ਲਗਭਗ ਪੰਜ ਮਹੀਨਿਆਂ ਬਾਅਦ, ਇੱਕ ਵਾਰ ਮੁੜ ਯੂਕੇ ਦੇ ਲੰਡਨ ਸ਼ਹਿਰ ਨਾਲ ਸਿੱਧੇ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ। ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਲੰਡਨ ਗੈਟਵਿਕ ਵਿਚਕਾਰ ਆਪਣੀ ਸਿੱਧੀ ਉਡਾਣ 29 ਅਕਤੂਬਰ ਤੋਂ ਮੁੜ ਸ਼ੁਰੂ ਕਰ ਦਿੱਤੀ ਹੈ। 12 ਜੂਨ, 2025 ਨੂੰ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਏਅਰ ਇੰਡੀਆ ਹਾਦਸੇ ਤੋਂ ਕੁੱਝ ਹੀ ਦਿਨਾਂ ਬਾਅਦ ਇਹ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਪਹਿਲੀ ਉਡਾਣ 29 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈ, ਜਦਕਿ ਵਾਪਸੀ ਦੀ ਉਡਾਣ 30 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚੀ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਸਾਂਝੇ ਬਿਆਨ ਵਿੱਚ ਉਡਾਣਾਂ ਦੀ ਮੁੜ ਸ਼ੁਰੂਆਤ ਦਾ ਸਵਾਗਤ ਕਰਦਿਆਂ ਇਸਨੂੰ ਪੰਜਾਬ ਅਤੇ ਲੰਡਨ ਵੱਸਦੇ ਪੰਜਾਬੀ ਭਾਈਚਾਰੇ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲੀ ਉਡਾਣ ਪੂਰੀ ਭਰੀ ਹੋਈ ਸੀ। ਉਹਨਾਂ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਉਡਾਣ ਦੇ ਮੁੜ ਸ਼ੁਰੂ ਹੋਣ ਦਾ ਦੋਨੋਂ ਮੁਲਕਾਂ ‘ਚ ਵੱਸਦਾ ਪੰਜਾਬੀ ਭਾਈਚਾਰਾ ਬਹੁਤ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ।
ਏਅਰ ਇੰਡੀਆ ਵੱਲੋਂ ਜਾਰੀ ਸਮਾਂਸੂਚੀ ਅਨੁਸਾਰ, ਅੰਮ੍ਰਿਤਸਰ – ਲੰਡਨ ਗੈਟਵਿਕ ਉਡਾਣ ਹਫਤੇ ਵਿੱਚ ਤਿੰਨ ਦਿਨ - ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦੁਪਹਿਰ 12:35 ਵਜੇ ਰਵਾਨਾ ਹੋਵੇਗੀ ਅਤੇ ਲਗਭਗ 10 ਘੰਟੇ 55 ਮਿੰਟ ਬਾਅਦ ਉਸੇ ਦਿਨ ਸ਼ਾਮ ਨੂੰ 6:00 ਵਜੇ ਲੰਡਨ ਪਹੁੰਚੇਗੀ। ਇਹੀ ਜਹਾਜ਼ ਫਿਰ ਲੰਡਨ ਤੋਂ ਰਾਤ 8:00 ਵਜੇ ਰਵਾਨਾ ਹੋ ਕੇ ਲਗਭਗ 9 ਘੰਟੇ 50 ਮਿੰਟ ਬਾਅਦ ਅਗਲੇ ਦਿਨ ਸਵੇਰੇ 11:20 ਵਜੇ ਅੰਮ੍ਰਿਤਸਰ ਪਹੁੰਚੇਗਾ। ਪਾਕਿਸਤਾਨ ਦਾ ਹਵਾਈ ਖੇਤਰ ਭਾਰਤ ਦੀਆਂ ਏਅਰਲਾਈਨ ਲਈ ਬੰਦ ਹੋਣ ਕਾਰਨ, ਉਡਾਣ ਨੂੰ ਇਸ ਸਮੇਂ ਲਗਭਗ 1.5 ਤੋਂ 2 ਘੰਟੇ ਦਾ ਵੱਧ ਸਮਾਂ ਲੱਗਦਾ ਹੈ।
ਇਸ ਤੋਂ ਇਲਾਵਾ, ਏਅਰ ਇੰਡੀਆ ਆਪਣੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਵੀ ਹਫ਼ਤੇ ਵਿੱਚ ਤਿੰਨ ਦਿਨ ਚਲਾਈ ਜਾਂਦੀ ਹੈ। ਇਸ ਨਾਲ ਏਅਰ ਇੰਡੀਆ ਵੱਲੋਂ ਹੁਣ ਅੰਮ੍ਰਿਤਸਰ ਤੋਂ ਯੂਕੇ ਲਈ ਹਫਤੇ ਵਿੱਚ ਛੇ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਗੁਮਟਾਲਾ ਅਤੇ ਕਾਮਰਾ ਨੇ ਕਿਹਾ, “ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ ਇੱਕ ਵਾਰ ਫਿਰ ਪੰਜਾਬ ਅਤੇ ਲੰਡਨ ਤੋਂ ਯਾਤਰੀਆਂ ਨੂੰ ਦਿੱਲੀ ਰਾਹੀਂ ਉਡਾਣਾਂ ਲੈਣ ਦੇ ਝੰਝਟ ਅਤੇ ਵਾਧੂ ਖਰਚ ਤੋਂ ਰਾਹਤ ਮਿਲੇਗੀ। ਅਸੀਂ ਇਸ ਮਹੱਤਵਪੂਰਨ ਉਡਾਣ ਨੂੰ ਬਹਾਲ ਕਰਨ ਲਈ ਏਅਰ ਇੰਡੀਆ ਦਾ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸ ਦੀ ਸਫਲਤਾ ਤੋਂ ਬਾਦ ਇਹਨਾਂ ਉਡਾਣਾਂ ਦੀ ਗਿਣਤੀ ਨੂੰ ਵਧਾ ਕੇ ਰੋਜ਼ਾਨਾ ਕਰ ਦਿੱਤਾ ਜਾਵੇਗਾ। ਹਾਲਾਂਕਿ ਪੰਜਾਬੀਆਂ ਵੱਲੋਂ ਕਈ ਵਾਰ ਏਅਰ ਇੰਡੀਆ ਦੇ ਜਹਾਜ਼ਾਂ ਦੀ ਹਾਲਤ ਆਤੇ ਸੇਵਾਵਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ, ਪਰ ਇਹ ਸਿੱਧੀਆਂ ਉਡਾਣਾਂ ਸਾਡੇ ਵਿਦੇਸ਼ ਵੱਸਦੇ ਪੰਜਾਬੀਆਂ, ਪੰਜਾਬ ਦੀ ਅਰਥਵਿਵਸਥਾ ਅਤੇ ਸੂਬੇ ਦੇ ਅਧਿਆਤਮਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਲਈ ਬਹੁਤ ਮਹੱਤਵਪੂਰਨ ਹਨ।”
ਉਨ੍ਹਾਂ ਅੱਗੇ ਕਿਹਾ, “ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸੁਵਿਧਾ ਮਿਲੀ ਹੈ, ਸਗੋਂ ਸੂਬੇ ਦੇ ਕਾਰੋਬਾਰੀਆਂ, ਕਿਸਾਨਾਂ ਅਤੇ ਉਦਯੋਗਾਂ ਲਈ ਕਾਰਗੋ ਰਾਹੀਂ ਆਪਣਾ ਸਮਾਨ ਵਿਦੇਸ਼ ਭੇਜਣ ਦਾ ਰਾਹ ਵੀ ਦੁਬਾਰਾ ਖੁੱਲ ਗਿਆ ਹੈ। ਹੁਣ ਲੋੜ ਹੈ ਕਿ ਕਾਰਗੋ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਕਾਰਗੋ ਸਮਰੱਥਾ ਵਧਾਈ ਜਾਵੇ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login