ਭਾਰਤ 'ਚ ਅੱਤਵਾਦੀ ਐਲਾਨੇ ਹੋਏ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ 'ਚ ਕਤਲ ਕਰਨ ਦੀ ਕਥਿਤ ਸਾਜ਼ਸ਼ 'ਤੇ ਭਾਰਤ ਦੇ ਪ੍ਰਧਾਨ ਮੰਤਰੀ (ਪੀਐੱਮ) ਨਰੇਂਦਰ ਮੋਦੀ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਮੋਦੀ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਸਬੂਤ ਦੇਖਣਗੇ ਅਤੇ ਕੁਝ ਘਟਨਾਵਾਂ ਅਮਰੀਕਾ-ਭਾਰਤ ਸਬੰਧਾਂ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ।
ਬਰਤਾਨੀਆ ਦੇ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਇਸ ਸਬੰਧ 'ਚ ਸਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਅਸੀਂ ਜ਼ਰੂਰ ਇਸ 'ਤੇ ਗੌਰ ਕਰਾਂਗੇ। ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ ਤਾਂ ਅਸੀਂ ਉਸ 'ਤੇ ਵਿਚਾਰ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਪ੍ਰਤੀ ਹੈ।
ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ ਉਹ ਭਾਰਤ ਤੋਂ ਬਾਹਰ ਵੱਖਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਬੇਹੱਦ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀਆਂ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂ ’ਤੇ ਡਰਾਉਣ-ਧਮਕਾਉਣ ਅਤੇ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਪੀਐੱਮ ਮੋਦੀ ਦਾ ਇਹ ਬਿਆਨ ਅਮਰੀਕੀ ਸਰਕਾਰ ਦੇ ਉਸ ਦੋਸ਼ ਤੋਂ ਬਾਅਦ ਆਇਆ ਹੈ, ਜਿਸ 'ਚ ਉਸ ਨੇ ਨਿਊਯਾਰਕ 'ਚ ਪੰਨੂ 'ਤੇ ਕਾਤਲਾਨਾ ਹਮਲੇ ਦੀ ਕਥਿਤ ਸਾਜ਼ਸ਼ ਨੂੰ ਨਾਕਾਮ ਕਰਦਿਆਂ ਦਾਅਵਾ ਕੀਤਾ ਸੀ ਕਿ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਪੰਨੂ ਦੀ ਸੁਪਾਰੀ ਦਿੱਤੀ ਸੀ। ਅਮਰੀਕਾ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਕਤਲ ਲਈ 83 ਲੱਖ ਰੁਪਏ ਦਾ ਠੇਕਾ ਦਿੱਤਾ ਗਿਆ ਸੀ, ਉਹ ਅਸਲ ਵਿੱਚ ਸਰਕਾਰ ਦਾ ਏਜੰਟ ਸੀ। ਅਮਰੀਕਾ ਦਾ ਇਹ ਵੀ ਦਾਅਵਾ ਹੈ ਕਿ ਨਿਖਿਲ ਗੁਪਤਾ ਨੂੰ ਇਹ ਨਿਰਦੇਸ਼ ਭਾਰਤ ਸਰਕਾਰ ਦੇ ਇੱਕ ਅਧਿਕਾਰੀ (ਸੀਸੀ-1) ਤੋਂ ਮਿਲੇ ਸਨ।
ਇਸ ਪੂਰੇ ਮਾਮਲੇ ਦਾ ਖੁਲਾਸਾ 22 ਨਵੰਬਰ ਦੀ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਤੋਂ ਹੀ ਹੋਇਆ ਹੈ। ਹੁਣ ਪੀਐੱਮ ਮੋਦੀ ਨੇ ਇੰਟਰਵਿਊ ਵਿੱਚ ਅੱਗੇ ਕਿਹਾ ਕਿ ਅਮਰੀਕਾ ਨਾਲ ਸਾਡੇ ਰਿਸ਼ਤੇ ਬਹੁਤ ਮਜ਼ਬੂਤ ਹਨ। ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਸਾਡੀ ਭਾਈਵਾਲੀ ਦਾ ਮੁੱਖ ਥੰਮ੍ਹ ਹੈ। ਅਜਿਹੀਆਂ ਕੁਝ ਘਟਨਾਵਾਂ ਨੂੰ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਨਹੀਂ ਜੋੜਨਾ ਚਾਹੀਦਾ।
ਦੱਸ ਦਈਏ ਕਿ ਅਮਰੀਕਾ ਵੱਲੋਂ ਕੂਟਨੀਤਕ ਇਤਰਾਜ਼ ਦਰਜ ਕੀਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਉੱਚ-ਪੱਧਰੀ ਕਮੇਟੀ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਪੰਜ ਅਮਰੀਕੀ ਸੰਸਦ ਮੈਂਬਰਾਂ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਸ੍ਰੀ ਥਾਣੇਦਾਰ ਨੇ ਕਿਹਾ ਸੀ ਕਿ ਜੇਕਰ ਪੰਨੂ ਮਾਮਲੇ ਦੀ ਜਾਂਚ ਨਾ ਹੋਈ ਤਾਂ ਭਾਰਤ-ਅਮਰੀਕਾ ਸਬੰਧ ਖਤਰੇ ਵਿੱਚ ਪੈ ਸਕਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login