ADVERTISEMENT

ADVERTISEMENT

ਹੋਰਮੁਜ਼ ਜਲਡਮਰੂ ਪਾਰ ਕਰ ਭਾਰਤ ਵੱਲ ਵਧਿਆ ਤੇਲ ਟੈਂਕਰ, 3 ਜੂਨ ਤੱਕ ਵਿਸਾਖਾਪਟਨਮ ਪਹੁੰਚਣ ਦੀ ਉਮੀਦ

ਈਰਾਨ ਵੱਲੋਂ 23 ਵਪਾਰਕ ਜਹਾਜ਼ਾਂ ਨੂੰ ਦਿੱਤੀ ਗਈ ਲੰਘਣ ਦੀ ਇਜਾਜ਼ਤ, ਵਿਸ਼ਵ ਊਰਜਾ ਸਪਲਾਈ ‘ਤੇ ਬਣਿਆ ਹੋਇਆ ਹੈ ਦਬਾਅ

 ਪ੍ਰਤੀਕ ਤਸਵੀਰ ਪ੍ਰਤੀਕ ਤਸਵੀਰ / ਏ.ਆਈ.

ਭਾਰਤ ਲਈ ਪੈਟਰੋਲੀਅਮ ਲੈ ਕੇ ਆ ਰਿਹਾ ਇੱਕ ਵੱਡਾ ਤੇਲ ਟੈਂਕਰ ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਤਰੀਕੇ ਨਾਲ ਪਾਰ ਕਰ ਚੁੱਕਾ ਹੈ। ਸਮੁੰਦਰੀ ਆਵਾਜਾਈ ‘ਤੇ ਨਜ਼ਰ ਰੱਖਣ ਵਾਲੀਆਂ ਵੈੱਬਸਾਈਟਾਂ ਅਨੁਸਾਰ ‘ਨਿਸੋਸ ਕੇਰੋਸ’ ਨਾਮਕ ਇਹ ਜਹਾਜ਼ ਵਿਸਾਖਾਪਟਨਮ ਵੱਲ ਰਵਾਨਾ ਹੈ ਅਤੇ ਇਸ ਦੇ 3 ਜੂਨ ਤੱਕ ਉੱਥੇ ਪਹੁੰਚਣ ਦੀ ਸੰਭਾਵਨਾ ਹੈ।

 

ਮਾਰਸ਼ਲ ਆਈਲੈਂਡਜ਼ ਦੇ ਝੰਡੇ ਹੇਠ ਰਜਿਸਟਰਡ ਇਹ ਟੈਂਕਰ 21 ਮਈ ਨੂੰ ਸ਼ਾਰਜਾਹ ਤੋਂ ਰਵਾਨਾ ਹੋਇਆ ਸੀ। ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ ਇਸ ਨੂੰ ਭਾਰਤ ਦੇ ਪੱਛਮੀ ਤੱਟ ਨੇੜੇ ਉੱਤਰੀ ਅਰਬ ਸਾਗਰ ਵਿੱਚ ਦੇਖਿਆ ਗਿਆ।

 

ਈਰਾਨ ਦੀ ਸਰਕਾਰੀ ਖ਼ਬਰ ਏਜੰਸੀ IRNA ਮੁਤਾਬਕ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਪਿਛਲੇ 24 ਘੰਟਿਆਂ ਦੌਰਾਨ 23 ਵਪਾਰਕ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਰਾਹੀਂ ਲੰਘਣ ਦੀ ਮਨਜ਼ੂਰੀ ਦਿੱਤੀ। ਇਨ੍ਹਾਂ ਵਿੱਚ ਤੇਲ ਟੈਂਕਰਾਂ ਅਤੇ ਕੰਟੇਨਰ ਜਹਾਜ਼ਾਂ ਸਮੇਤ ਕਈ ਵਪਾਰਕ ਜਹਾਜ਼ ਸ਼ਾਮਲ ਸਨ।

 

ਰਿਪੋਰਟ ਅਨੁਸਾਰ ਸਾਰੇ ਜਹਾਜ਼ਾਂ ਦੀ ਆਵਾਜਾਈ IRGC ਦੀ ਜਲ ਸੈਨਾ ਦੇ ਅਧਿਕਾਰੀਆਂ ਨਾਲ ਰਸਮੀ ਤਾਲਮੇਲ ਤੋਂ ਬਾਅਦ ਹੀ ਹੋਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਹਾਜ਼ਾਂ ਤੋਂ ਲੰਘਣ ਲਈ ਕੋਈ ਫੀਸ ਵੀ ਲਈ ਗਈ ਜਾਂ ਨਹੀਂ।

 

ਈਰਾਨ ਪਹਿਲਾਂ ਹੀ ਸੰਕੇਤ ਦੇ ਚੁੱਕਾ ਹੈ ਕਿ ਉਹ ਹੋਰਮੁਜ਼ ਜਲਡਮਰੂ ਰਾਹੀਂ ਲੰਘਣ ਵਾਲੇ ਜਹਾਜ਼ਾਂ ਤੋਂ ਫੀਸ ਵਸੂਲ ਸਕਦਾ ਹੈ। ਇਸ ਮਹੀਨੇ ਈਰਾਨ ਨੇ ਸਮੁੰਦਰੀ ਆਵਾਜਾਈ ਦੇ ਪ੍ਰਬੰਧ ਲਈ ‘ਪਰਸ਼ੀਅਨ ਗਲਫ ਸਟ੍ਰੇਟ ਅਥਾਰਟੀ’ ਨਾਮ ਦੀ ਨਵੀਂ ਏਜੰਸੀ ਬਣਾਉਣ ਦਾ ਐਲਾਨ ਵੀ ਕੀਤਾ ਸੀ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਜਲ ਮਾਰਗਾਂ ਤੋਂ ਲੰਘਣ ਲਈ ਫੀਸ ਵਸੂਲਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

 

ਅਮਰੀਕਾ ਨੇ ਈਰਾਨ ਤੋਂ ਮੰਗ ਕੀਤੀ ਹੈ ਕਿ ਹੋਰਮੁਜ਼ ਜਲਡਮਰੂ ਵਿੱਚ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਨੂੰ ਮੁੜ ਬਹਾਲ ਕੀਤਾ ਜਾਵੇ। ਇਸ ਮਾਰਗ ‘ਤੇ ਚੱਲ ਰਹੇ ਤਣਾਅ ਕਾਰਨ ਵਿਸ਼ਵ ਪੱਧਰ ‘ਤੇ ਤੇਲ ਅਤੇ ਗੈਸ ਦੀ ਸਪਲਾਈ ‘ਤੇ ਦਬਾਅ ਬਣਿਆ ਹੋਇਆ ਹੈ।

 

ਮਾਹਿਰਾਂ ਮੁਤਾਬਕ ਦੁਨੀਆ ਦੀ ਲਗਭਗ 20 ਫ਼ੀਸਦੀ ਤੇਲ ਅਤੇ ਗੈਸ ਸਪਲਾਈ ਇਸੇ ਜਲਡਮਰੂ ਰਾਹੀਂ ਲੰਘਦੀ ਹੈ। ਇਸ ਕਰਕੇ ਇੱਥੇ ਪੈਦਾ ਹੋਣ ਵਾਲਾ ਕੋਈ ਵੀ ਵਿਵਾਦ ਵਿਸ਼ਵ ਊਰਜਾ ਬਾਜ਼ਾਰ ਅਤੇ ਅਰਥਵਿਵਸਥਾ ‘ਤੇ ਸਿੱਧਾ ਅਸਰ ਪਾ ਸਕਦਾ ਹੈ।

 

ਜਹਾਜ਼ਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀ ਸੰਸਥਾ ਔਕਵਿਸਰ ਅਨੁਸਾਰ ‘ਨਿਸੋਸ ਕੇਰੋਸ’ ਜਹਾਜ਼ ਦਾ ਮਾਲਕ ਅਰੇਥੂਸਾ ਸ਼ਿਪਿੰਗ ਕਾਰਪੋਰੇਸ਼ਨ ਹੈ, ਜਦਕਿ ਇਸ ਦਾ ਸੰਚਾਲਨ ਕਿਕਲੇਡਜ਼ ਮੈਰੀਟਾਈਮ ਕਾਰਪੋਰੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ।

 

ਹੁੰਡਈ ਵੱਲੋਂ ਤਿਆਰ ਕੀਤਾ ਗਿਆ ਇਹ ਵਿਸ਼ਾਲ ਟੈਂਕਰ 333 ਮੀਟਰ ਲੰਬਾ ਹੈ। ਇਸ ਦੀ ਢੋਆਈ ਸਮਰੱਥਾ ਲਗਭਗ 3,18,744 ਟਨ ਜਾਂ 3,38,648 ਘਣ ਮੀਟਰ ਹੈ, ਜਿਸ ਕਾਰਨ ਇਹ ਦੁਨੀਆ ਦੇ ਵੱਡੇ ਤੇਲ ਟੈਂਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

 

Comments

Related