ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ / File Photo
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਿਕਾਗੋ ਵਿੱਚ ਓਬਾਮਾ ਪ੍ਰੈਜ਼ੀਡੈਂਸ਼ੀਅਲ ਸੈਂਟਰ ਦੇ ਉਦਘਾਟਨ ਮੌਕੇ ਲੋਕਤੰਤਰੀ ਮੁੱਲਾਂ ਦੀ ਹਿਮਾਇਤ ਕਰਦਿਆਂ ਕੁਝ ਅਜਿਹੀਆਂ ਨੀਤੀਆਂ ਦੀ ਆਲੋਚਨਾ ਕੀਤੀ, ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਟਰੰਪ ਦਾ ਨਾਮ ਨਹੀਂ ਲਿਆ।
ਅਮਰੀਕਾ ਵਿੱਚ ਰਾਸ਼ਟਰਪਤੀ ਕੇਂਦਰ ਕਿਸੇ ਸਾਬਕਾ ਰਾਸ਼ਟਰਪਤੀ ਦੀ ਵਿਰਾਸਤ ਨੂੰ ਸਮਰਪਿਤ ਇੱਕ ਵਿਸ਼ੇਸ਼ ਕੰਪਲੈਕਸ ਹੁੰਦਾ ਹੈ, ਜਿਸ ਵਿੱਚ ਅਜਾਇਬ ਘਰ, ਸਿੱਖਿਆ ਸਹੂਲਤਾਂ, ਜਨਤਕ ਪ੍ਰੋਗਰਾਮ ਅਤੇ ਰਾਸ਼ਟਰਪਤੀ ਕਾਰਜਕਾਲ ਨਾਲ ਸਬੰਧਿਤ ਦਸਤਾਵੇਜ਼ਾਂ ਦਾ ਸੰਗ੍ਰਹਿ ਸ਼ਾਮਲ ਹੁੰਦਾ ਹੈ।
ਆਪਣੇ ਸੰਬੋਧਨ ਦੌਰਾਨ ਓਬਾਮਾ ਨੇ ਅਮਰੀਕੀ ਲੋਕਤੰਤਰ ਦੀ ਬੁਨਿਆਦੀ ਸੋਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦਾ ਆਦਰਸ਼ "ਨਾ ਕੋਈ ਰਾਜਾ, ਨਾ ਕੋਈ ਜਾਗੀਰਦਾਰ ਅਤੇ ਨਾ ਹੀ ਕੋਈ ਪ੍ਰਜਾ" ਵਾਲਾ ਹੈ। ਉਨ੍ਹਾਂ ਦੀ ਇਹ ਟਿੱਪਣੀ ਹਾਲੀਆ ਮਹੀਨਿਆਂ ਦੌਰਾਨ ਅਮਰੀਕਾ ਭਰ ਵਿੱਚ ਹੋਏ "ਨੋ ਕਿੰਗਜ਼" ਪ੍ਰਦਰਸ਼ਨਾਂ ਦੇ ਸੰਦਰਭ ਵਿੱਚ ਵੀ ਦੇਖੀ ਜਾ ਰਹੀ ਹੈ।
ਓਬਾਮਾ ਨੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਛੂਹਦਿਆਂ ਮਿਨੇਸੋਟਾ ਦੇ ਮਿਨੀਐਪੋਲਿਸ ਸ਼ਹਿਰ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉੱਥੇ ਦੇ ਵਸਨੀਕਾਂ ਨੇ ਕੜਾਕੇ ਦੀ ਠੰਢ ਅਤੇ ਖ਼ਤਰਨਾਕ ਹਾਲਾਤਾਂ ਦੇ ਬਾਵਜੂਦ ਆਪਣੇ ਗੁਆਂਢੀਆਂ ਅਤੇ ਅਣਜਾਣ ਲੋਕਾਂ ਦੀ ਮਦਦ ਲਈ ਇਕੱਠੇ ਹੋ ਕੇ ਮਿਸਾਲ ਕਾਇਮ ਕੀਤੀ।
ਸਾਬਕਾ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਨਵਾਂ ਕੇਂਦਰ ਲੋਕਾਂ ਨੂੰ ਇਹ ਅਹਿਸਾਸ ਕਰਵਾਏਗਾ ਕਿ ਲੋਕਤੰਤਰ ਕਿੰਨਾ ਕੀਮਤੀ ਹੈ ਅਤੇ ਇਸ ਦੀ ਰੱਖਿਆ ਕਿੰਨੀ ਜ਼ਰੂਰੀ ਹੈ।
ਓਬਾਮਾ ਨੇ ਆਪਣੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ 1985 ਵਿੱਚ 23 ਸਾਲ ਦੀ ਉਮਰ ਵਿੱਚ ਇੱਕ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਸ਼ਿਕਾਗੋ ਆਏ ਸਨ। ਉਨ੍ਹਾਂ ਕਿਹਾ ਕਿ ਇਸੇ ਸ਼ਹਿਰ ਵਿੱਚ ਉਹ ਆਪਣੀ ਜੀਵਨ ਸਾਥੀ ਮਿਸ਼ੇਲ ਓਬਾਮਾ ਨੂੰ ਮਿਲੇ, ਪਰਿਵਾਰ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸਿਆਸੀ ਜੀਵਨ ਦੀ ਨੀਂਹ ਰੱਖੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮਿਸ਼ੇਲ ਓਬਾਮਾ ਨੇ ਆਪਣੇ ਪਤੀ ਦੀ ਆਸ਼ਾਵਾਦੀ ਸੋਚ, ਮਿਹਨਤ, ਨੈਤਿਕ ਹਿੰਮਤ ਅਤੇ ਜਨਤਕ ਸੇਵਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹ ਫ਼ੈਸਲਾ ਕਰਨ ਦਾ ਅਧਿਕਾਰ ਨਹੀਂ ਕਿ ਕੌਣ ਕਿੰਨਾ ਅਮਰੀਕੀ ਹੈ।
ਇਸ ਸਮਾਗਮ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਜਾਰਜ ਡਬਲਯੂ. ਬੁਸ਼ ਅਤੇ ਜੋ ਬਾਇਡਨ ਆਪਣੀਆਂ ਪਤਨੀਆਂ ਸਮੇਤ ਸ਼ਾਮਲ ਹੋਏ। ਹਜ਼ਾਰਾਂ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਸਮਾਗਮ ਲਈ ਸੱਦਾ ਨਹੀਂ ਦਿੱਤਾ ਗਿਆ ਸੀ।
ਓਬਾਮਾ ਪ੍ਰੈਜ਼ੀਡੈਂਸ਼ੀਅਲ ਸੈਂਟਰ ਨੂੰ ਸ਼ੁੱਕਰਵਾਰ ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾਣਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login