ADVERTISEMENT

ADVERTISEMENT

ਨਿਊਜ਼ੀਲੈਂਡ ਨੇ ਭਾਰਤ ਲਈ ਪਹਿਲਾ ਸਥਾਈ ਰੱਖਿਆ ਸਲਾਹਕਾਰ ਕੀਤਾ ਨਿਯੁਕਤ

ਐਂਡੀ ਡਾਉਲਿੰਗ ਜਲਦੀ ਹੀ ਇਸ ਮਹੀਨੇ ਦੇ ਅੰਤ ਵਿੱਚ ਨਵੀਂ ਦਿੱਲੀ ਵਿੱਚ ਨਿਊਜ਼ੀਲੈਂਡ ਹਾਈ ਕਮਿਸ਼ਨ ਵਿੱਚ ਆਪਣੀ ਨਵੀਂ ਭੂਮਿਕਾ ਸੰਭਾਲਣਗੇ

ਕਮੋਡੋਰ ਐਂਡੀ ਡਾਓਲਿੰਗ / New Zealand Defence Force: NZDF (nzdf.mil.nz/nzdf/)

ਨਿਊਜ਼ੀਲੈਂਡ ਨੇ ਕਮੋਡੋਰ ਐਂਡੀ ਡਾਓਲਿੰਗ ਨੂੰ ਭਾਰਤ ਵਿੱਚ ਆਪਣਾ ਪਹਿਲਾ ਸਥਾਈ ਰੱਖਿਆ ਸਲਾਹਕਾਰ (Defence Adviser) ਨਿਯੁਕਤ ਕੀਤਾ ਹੈ। ਅਧਿਕਾਰੀਆਂ ਵੱਲੋਂ ਇਸ ਕਦਮ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਜੋ ਕਿ ਇੰਡੋ-ਪੈਸੀਫਿਕ ਖੇਤਰ ਵਿੱਚ ਨਿਊਜ਼ੀਲੈਂਡ ਦੀ ਰਣਨੀਤਕ ਤਬਦੀਲੀ ਨੂੰ ਦਰਸਾਉਂਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਇੱਕ ਉੱਚੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। 

ਕਮੋਡੋਰ ਐਂਡੀ ਡਾਓਲਿੰਗ ਇਸ ਮਹੀਨੇ ਦੇ ਅੰਤ ਵਿੱਚ ਨਵੀਂ ਦਿੱਲੀ ਸਥਿਤ ਨਿਊਜ਼ੀਲੈਂਡ ਹਾਈ ਕਮਿਸ਼ਨ ਵਿੱਚ ਆਪਣਾ ਨਵਾਂ ਅਹੁਦਾ ਸੰਭਾਲਣਗੇ। ਉਹ ਆਸਟ੍ਰੇਲੀਆ ਤੋਂ ਇੱਥੇ ਤਬਦੀਲ ਹੋਣਗੇ, ਜਿੱਥੇ ਉਹ ਵਰਤਮਾਨ ਵਿੱਚ ਰੱਖਿਆ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਹਨ।

ਹਾਲਾਂਕਿ ਨਿਊਜ਼ੀਲੈਂਡ ਨੇ ਪਹਿਲਾਂ ਵੀ ਭਾਰਤ ਲਈ ਰੱਖਿਆ ਸਲਾਹਕਾਰ ਨਿਯੁਕਤ ਕੀਤੇ ਸਨ, ਪਰ ਉਹ ਦੂਜੇ ਦੇਸ਼ਾਂ ਵਿੱਚ ਰਹਿ ਕੇ ਕੰਮ ਕਰਦੇ ਸਨ। ਇਸ ਕਰਕੇ ਡਾਓਲਿੰਗ ਦੀ ਨਿਯੁਕਤੀ ਨਵੀਂ ਦਿੱਲੀ ਵਿੱਚ ਰਹਿ ਕੇ ਪੂਰਨ ਤੌਰ 'ਤੇ ਸੇਵਾ ਨਿਭਾਉਣ ਵਾਲੇ ਪਹਿਲੇ ਸਥਾਈ ਰੱਖਿਆ ਸਲਾਹਕਾਰ ਵਜੋਂ ਹੋਈ ਹੈ।

ਇਹ ਨਿਯੁਕਤੀ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਇੱਕ ਸਾਲ ਦੌਰਾਨ ਵਧੀ ਹੋਈ ਰੱਖਿਆ ਅਤੇ ਕੂਟਨੀਤਿਕ ਗਤੀਵਿਧੀਆਂ ਤੋਂ ਬਾਅਦ ਹੋਈ ਹੈ। ਮਾਰਚ ਮਹੀਨੇ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਦੀ ਭਾਰਤ ਯਾਤਰਾ ਦੌਰਾਨ ਭਾਰਤ–ਨਿਊਜ਼ੀਲੈਂਡ ਡਿਫ਼ੈਂਸ ਸਹਿਯੋਗ ਬਾਰੇ ਇੱਕ ਸਮਝੌਤੇ (MoU) ਦਸਤਖ਼ਤ ਕੀਤਾ ਗਿਆ ਸੀ।

ਕਮੋਡੋਰ ਡਾਓਲਿੰਗ ਨੇ ਕਿਹਾ ਕਿ ਰੱਖਿਆ ਅਤੇ ਸੁਰੱਖਿਆ ਨਾਲ ਜੁੜੇ ਮਸਲੇ ਭਾਰਤ ਨਾਲ ਨਿਊਜ਼ੀਲੈਂਡ ਦੀ ਭਾਗੀਦਾਰੀ ਦੇ ਕੇਂਦਰੀ ਬਿੰਦੂ ਹਨ। ਉਨ੍ਹਾਂ ਇਹ ਵੀ ਦਰਸਾਇਆ ਕਿ ਪਿਛਲੇ ਦਹਾਕੇ ਦੌਰਾਨ ਭਾਰਤ ਦੀ ਰਣਨੀਤਿਕ ਸੋਚ ਵਿੱਚ ਬਦਲਾਅ ਆਇਆ ਹੈ ਅਤੇ ਦੇਸ਼ ਮੁੱਖ ਤੌਰ ’ਤੇ ਘਰੇਲੂ ਚਿੰਤਾਵਾਂ ਤੋਂ ਹਟ ਕੇ ਹੁਣ ਖੇਤਰੀ ਪੱਧਰ ’ਤੇ ਵਧੇਰੇ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ।

ਉਹਨਾਂ ਕਿਹਾ ਕਿ ਭਾਰਤੀ ਜਲ ਸੈਨਾ ਹਿੰਦ ਮਹਾਸਾਗਰ ਤੋਂ ਬਾਹਰ ਵੀ ਸਰਗਰਮ ਹੋ ਗਈ ਹੈ, ਜਿਸ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਸਾਂਝੀਆਂ ਅਭਿਆਸ ਅਤੇ ਤਾਇਨਾਤੀਆਂ ਸ਼ਾਮਲ ਹਨ। ਡਾਓਲਿੰਗ ਅਨੁਸਾਰ, ਭਾਰਤ ਵਿੱਚ ਉਹਨਾਂ ਦੀ ਸਥਾਈ ਮੌਜੂਦਗੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸਿਰਫ਼ ਕਦੇ-ਕਦਾਈਂ ਹੋਣ ਵਾਲੀ ਗੱਲਬਾਤ ਦੀ ਬਜਾਏ ਇੱਕ ਸਥਿਰ ਅਤੇ ਰਣਨੀਤਕ ਰੂਪ ਦੇਣ ਵਿੱਚ ਮਦਦ ਕਰੇਗੀ।

ਭਾਰਤ ਵਿੱਚ ਕਮੋਡੋਰ ਡਾਓਲਿੰਗ ਦਾ ਕਾਰਜਕਾਲ ਤਿੰਨ ਸਾਲਾਂ ਦਾ ਹੋਵੇਗਾ।

Comments

Related