ADVERTISEMENTs

‘ਮੇਡ ਇਨ ਇੰਡੀਆ’ ਹਥਿਆਰਾਂ ਨੇ ਓਪਰੇਸ਼ਨ ਸਿੰਦੂਰ ਨੂੰ ਦਿੱਤੀ ਤਾਕਤ: ਪੀਐਮ ਮੋਦੀ

15 ਅਗਸਤ 2025 ਨੂੰ ਲਾਲ ਕਿਲ੍ਹੇ ‘ਤੇ ਆਪਣੇ ਭਾਸ਼ਣ 'ਚ ਮੋਦੀ ਨੇ ਦੇਸ਼ ਲਈ ਨਵੀਆਂ ਆਰਥਿਕ ਅਤੇ ਰੱਖਿਆ ਯੋਜਨਾਵਾਂ ਦਾ ਖਾਕਾ ਪੇਸ਼ ਕੀਤਾ

ਲਾਲ ਕਿਲ੍ਹੇ ਤੋਂ ਸੰਬੋਧਨ ਕਰਦੇ ਪੀ.ਐਮ. ਨਰਿੰਦਰ ਮੋਦੀ / courtesy photo

15 ਅਗਸਤ ਨੂੰ ਭਾਰਤ ਨੇ ਆਪਣਾ 79ਵਾਂ ਆਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਕਾਮਯਾਬੀ ਨੇ ਆਤਮ-ਨਿਰਭਰ ਰੱਖਿਆ ਸਮਰੱਥਾਵਾਂ ਦੀ ਤਾਕਤ ਸਾਬਤ ਕੀਤੀ ਹੈ। ਉਹਨਾਂ ਨੇ ਕਿਹਾ, “ਸਾਡੇ ਦੁਸ਼ਮਣਾਂ ਨੂੰ ‘ਮੇਡ ਇਨ ਇੰਡੀਆ’ ਦੀ ਸਮਰੱਥਾ ਬਾਰੇ ਪਤਾ ਨਹੀਂ ਸੀ ਕਿ ਕਿਹੜੇ ਹਥਿਆਰ ਸਧਾਰਨ ਹਨ ਤੇ ਕਿਹੜੇ ਇੰਨੇ ਤਾਕਤਵਰ ਹਨ ਕਿ ਇਕ ਪਲ ਵਿੱਚ ਉਨ੍ਹਾਂ ਦਾ ਤਬਾਹ ਕਰ ਸਕਦੇ ਹਨ।” ਉਹਨਾਂ ਨੇ ਅੱਗੇ ਕਿਹਾ, “ਸੋਚੋ, ਜੇ ਅਸੀਂ ਆਤਮਨਿਰਭਰ ਨਾ ਹੁੰਦੇ, ਤਾਂ ਕੀ ਅਸੀਂ ਓਪਰੇਸ਼ਨ ਸਿੰਦੂਰ ਨੂੰ ਇੰਨੀ ਤੇਜ਼ੀ ਨਾਲ ਕਰ ਸਕਦੇ ਸੀ?”

79ਵੇਂ ਆਜ਼ਾਦੀ ਦਿਵਸ ਮੌਕੇ, ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 22 ਅਪ੍ਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੈਨਾਵਾਂ ਨੂੰ ਯੋਜਨਾ ਬਣਾਉਣ ਅਤੇ ਓਪਰੇਸ਼ਨ ਕਰਨ ਲਈ “ਪੂਰੀ ਕਾਰਵਾਈ ਦੀ ਆਜ਼ਾਦੀ” ਦਿੱਤੀ ਗਈ ਸੀ। ਉਹਨਾਂ ਨੇ ਦੱਸਿਆ ਕਿ “ਸੈਨਾਵਾਂ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ” ਅਤੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਦੀ “ਨੀਂਦ ਉੱਡ ਗਈ” ਸੀ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਸਾਰੇ ਖੇਤਰਾਂ ਵਿੱਚ ਵੱਧ ਤੋਂ ਵੱਧ ਆਤਮਨਿਰਭਰ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹੋਰ ਦੇਸ਼ਾਂ ‘ਤੇ ਨਿਰਭਰ ਰਹਿਣਾ “ਤਬਾਹੀ ਦਾ ਨੁਸਖਾ” ਹੈ। 

ਉਹਨਾਂ ਨੇ ਕਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਵਿੱਚ ‘ਮਿਸ਼ਨ ਸੁਦਰਸ਼ਨ ਚੱਕਰ’—ਇਕ ਹਥਿਆਰ ਪ੍ਰਣਾਲੀ ਜੋ ਦੁਸ਼ਮਣ ਦੇ ਹਮਲਿਆਂ ਨੂੰ ਨਾਕਾਮ ਕਰਨ ਅਤੇ ਉਲਟ ਜਵਾਬ ਦੇਣ ਲਈ ਤਿਆਰ ਕੀਤੀ ਗਈ ਹੈ ਅਤੇ ‘ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ’ ਸ਼ਾਮਲ ਹੈ, ਜੋ 1 ਲੱਖ ਕਰੋੜ ਰੁਪਏ ($12 ਬਿਲੀਅਨ) ਦੀ ਯੋਜਨਾ ਹੈ, ਜਿਸ ਨਾਲ ਨਿੱਜੀ ਖੇਤਰ ਵਿੱਚ 3.5 ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਇੱਕ ਹੋਰ ਵੱਡਾ ਐਲਾਨ “ਅਗਲੀ ਪੀੜ੍ਹੀ ਦੇ ਜੀਐਸਟੀ ਸੁਧਾਰ” ਬਾਰੇ ਸੀ, ਜਿਨ੍ਹਾਂ ਨੂੰ ਦਿਵਾਲੀ ਤੱਕ ਪੇਸ਼ ਕੀਤਾ ਜਾਣਾ ਹੈ। ਇਸਦਾ ਉਦੇਸ਼ ਜ਼ਰੂਰੀ ਸੇਵਾਵਾਂ 'ਤੇ ਟੈਕਸ ਘਟਾਉਣਾ, ਛੋਟੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣਾ ਅਤੇ ਖਪਤਕਾਰਾਂ ਲਈ ਲਾਗਤਾਂ ਨੂੰ ਘਟਾਉਣਾ ਹੈ।

ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ, ਸਾਲ ਦੇ ਅੰਤ ਤੱਕ ਦੇਸ਼ ਵਿੱਚ ਬਣੇ ਚਿਪ ਮਾਰਕੀਟ ਵਿੱਚ ਆ ਜਾਣਗੇ ਅਤੇ ਦੇਸ਼ ਆਪਣੀ ਪਰਮਾਣੂ ਊਰਜਾ ਸਮਰੱਥਾ ਵਧਾ ਰਿਹਾ ਹੈ ਜਿਸ ਵਿਚ ਮੌਜੂਦਾ 10 ਰਿਐਕਟਰ ਚੱਲ ਰਹੇ ਹਨ ਅਤੇ 2047 ਤੱਕ ਇਸ ਵਿੱਚ ਦਸ ਗੁਣਾ ਵਾਧੇ ਦੀ ਯੋਜਨਾ ਹੈ।

ਆਜ਼ਾਦੀ ਦਿਵਸ ਦੇ ਇਤਿਹਾਸ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਸਭ ਤੋਂ ਲੰਬਾ ਭਾਸ਼ਣ ਦਿੰਦਿਆਂ, ਮੋਦੀ ਨੇ ਦੁਹਰਾਇਆ ਕਿ ਭਾਰਤ “ਪਰਮਾਣੂ ਧਮਕੀਆਂ”  ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ 2047 ਤੱਕ “ਵਿਕਸਿਤ ਭਾਰਤ” ਦੇ ਦ੍ਰਿਸ਼ਟੀਕੋਣ ਤਹਿਤ ਰਾਸ਼ਟਰੀ ਵਿਕਾਸ, ਰੱਖਿਆ ਤਕਨਾਲੋਜੀ ਤੋਂ ਲੈ ਕੇ ਫਾਰਮਾਸਿਊਟੀਕਲ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।

ਦਿਨ ਦੇ ਸਮਾਗਮਾਂ ਦੀ ਸ਼ੁਰੂਆਤ ਮੋਦੀ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਕੀਤੀ। ਇਸ ਸਾਲ ਦੇ ਸਮਾਰੋਹ ਦੀ ਥੀਮ “ਨਵਾਂ ਭਾਰਤ” ਸੀ, ਜੋ ਸਰਕਾਰ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। 

Comments

Related

ADVERTISEMENT

 

 

 

ADVERTISEMENT

 

 

E Paper

 

 

 

Video