ADVERTISEMENT

ADVERTISEMENT

ਕੋਲੋਰਾਡੋ ਅਟਾਰਨੀ ਜਨਰਲ ਦੀ ਦੌੜ ਵਿੱਚ ਭਾਰਤੀ-ਅਮਰੀਕੀ ਹੇਤਲ ਦੋਸ਼ੀ

ਡੈਮੋਕ੍ਰੈਟਿਕ ਪ੍ਰਾਇਮਰੀ ਚੋਣ ਵਿੱਚ ਕਿਸਮਤ ਅਜ਼ਮਾ ਰਹੀ ਵਕੀਲ; ਭ੍ਰਿਸ਼ਟਾਚਾਰ ਵਿਰੋਧੀ ਤਜਰਬੇ ਨੂੰ ਬਣਾਇਆ ਚੋਣ ਮੁੱਦਾ

 ਹੇਤਲ ਦੋਸ਼ੀ ਹੇਤਲ ਦੋਸ਼ੀ / Courtesy photo

ਭਾਰਤੀ ਮੂਲ ਦੀ ਅਮਰੀਕੀ ਵਕੀਲ ਹੇਤਲ ਦੋਸ਼ੀ ਕੋਲੋਰਾਡੋ ਦੇ ਅਟਾਰਨੀ ਜਨਰਲ ਅਹੁਦੇ ਲਈ 30 ਜੂਨ ਨੂੰ ਹੋ ਰਹੀ ਡੈਮੋਕ੍ਰੈਟਿਕ ਪ੍ਰਾਇਮਰੀ ਚੋਣ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਹੈ। ਨਵੰਬਰ ਵਿੱਚ ਹੋਣ ਵਾਲੀਆਂ ਮੱਧ-ਅਵਧੀ ਚੋਣਾਂ ਤੋਂ ਪਹਿਲਾਂ ਇਸ ਮੁਕਾਬਲੇ ਨੂੰ ਸੂਬੇ ਦੀਆਂ ਅਹਿਮ ਸਿਆਸੀ ਚੋਣਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

 

ਕਰੀਬ ਦੋ ਦਹਾਕਿਆਂ ਦੇ ਕਾਨੂੰਨੀ ਤਜਰਬੇ ਵਾਲੀ ਹੇਤਲ ਦੋਸ਼ੀ ਕੋਲੋਰਾਡੋ ਵਿੱਚ ਸੰਘੀ ਸਰਕਾਰੀ ਵਕੀਲ ਵਜੋਂ ਸੇਵਾ ਨਿਭਾ ਚੁੱਕੀ ਹੈ। ਰਾਸ਼ਟਰਪਤੀ ਜੋਅ ਬਾਈਡਨ ਦੇ ਕਾਰਜਕਾਲ ਦੌਰਾਨ ਉਹ ਅਮਰੀਕੀ ਨਿਆਂ ਵਿਭਾਗ ਦੇ ਐਂਟੀ-ਟਰੱਸਟ ਡਿਵੀਜ਼ਨ ਵਿੱਚ ਡਿਪਟੀ ਅਸਿਸਟੈਂਟ ਅਟਾਰਨੀ ਜਨਰਲ ਵੀ ਰਹੀ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਇਕਾਧਿਕਾਰ, ਕਾਰਟੈਲਾਂ, ਵਿੱਤੀ ਧੋਖਾਧੜੀ ਅਤੇ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਨਾਲ ਸਬੰਧਤ ਮਾਮਲਿਆਂ ਦੀ ਪੈਰਵੀ ਕੀਤੀ ਹੈ।

 

ਹੇਤਲ ਦੋਸ਼ੀ ਦੀ ਉਮੀਦਵਾਰੀ ਨੂੰ ਇੰਡੀਅਨ ਅਮਰੀਕਨ ਇੰਪੈਕਟ ਸੰਸਥਾ ਦਾ ਸਮਰਥਨ ਹਾਸਲ ਹੈ, ਜੋ ਦੇਸ਼ ਭਰ ਵਿੱਚ ਦੱਖਣੀ ਏਸ਼ੀਆਈ ਅਤੇ ਭਾਰਤੀ-ਅਮਰੀਕੀ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਦੀ ਹੈ।

 

ਹੇਤਲ ਦੋਸ਼ੀ ਨੇ ਐਮੋਰੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ। ਕਾਨੂੰਨ ਦੀ ਪੜ੍ਹਾਈ ਤੋਂ ਪਹਿਲਾਂ ਉਹ ਸੰਚਾਰ ਅਤੇ ਤਕਨਾਲੋਜੀ ਖੇਤਰ ਨਾਲ ਜੁੜੀ ਰਣਨੀਤਕ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਕਾਨੂੰਨੀ ਫ਼ਰਮਾਂ ਵਿੱਚ ਵਕੀਲ ਵਜੋਂ ਸੇਵਾਵਾਂ ਨਿਭਾਈਆਂ।

 

ਆਪਣੀ ਚੋਣ ਮੁਹਿੰਮ ਦੌਰਾਨ ਹੇਤਲ ਦੋਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਮਿਹਨਤਕਸ਼ ਪਰਿਵਾਰਾਂ ਅਤੇ ਇਮਾਨਦਾਰ ਕਾਰੋਬਾਰਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਨੇ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਵਿਲੀਨਕਰਨ, ਕਿਰਾਏ ਅਤੇ ਕੀਮਤਾਂ ਵਿੱਚ ਗੈਰ-ਵਾਜਬ ਵਾਧੇ, ਇਕਾਧਿਕਾਰ ਅਤੇ ਤਨਖ਼ਾਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਖ਼ਿਲਾਫ਼ ਕੀਤੀ ਕਾਰਵਾਈ ਨੂੰ ਆਪਣੀ ਪ੍ਰਮੁੱਖ ਉਪਲਬਧੀ ਦੱਸਿਆ ਹੈ।

 

ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਵਿੱਚ ਆਪਣੇ ਭਾਰਤੀ ਪ੍ਰਵਾਸੀ ਮਾਪਿਆਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਹੀ ਮਿਹਨਤ, ਨਿਰਪੱਖਤਾ ਅਤੇ ਸਮਾਜ ਨੂੰ ਵਾਪਸ ਦੇਣ ਦੀ ਸੋਚ ਸਿੱਖੀ ਹੈ। ਹੇਤਲ ਦੋਸ਼ੀ ਨੇ ਨਫ਼ਰਤੀ ਅਪਰਾਧਾਂ ਅਤੇ ਕੱਟੜਵਾਦ ਨਾਲ ਨਜਿੱਠਣ ਲਈ ਕੀਤੇ ਕੰਮ ਨੂੰ ਵੀ ਆਪਣੀਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਰਾਜਨੀਤੀ ਨਹੀਂ, ਸਗੋਂ ਕਾਨੂੰਨ ਲਾਗੂ ਕਰਨ ਦੇ ਖੇਤਰ ਵਿੱਚ ਸੇਵਾ ਨਿਭਾਈ ਹੈ।

 

ਡੈਮੋਕ੍ਰੈਟਿਕ ਪ੍ਰਾਇਮਰੀ ਵਿੱਚ ਹੇਤਲ ਦੋਸ਼ੀ ਤੋਂ ਇਲਾਵਾ ਮਾਈਕਲ ਡੋਹਰਟੀ, ਜੇਨਾ ਗ੍ਰਿਸਵੋਲਡ ਅਤੇ ਡੇਵਿਡ ਸੇਲਿਗਮੈਨ ਵੀ ਦਾਅਵੇਦਾਰ ਹਨ। ਮੌਜੂਦਾ ਅਟਾਰਨੀ ਜਨਰਲ ਫ਼ਿਲ ਵਾਈਜ਼ਰ ਕਾਰਜਕਾਲ ਦੀ ਸੀਮਾ ਪੂਰੀ ਹੋਣ ਕਾਰਨ ਇਸ ਵਾਰ ਚੋਣ ਨਹੀਂ ਲੜ ਰਹੇ ਅਤੇ ਗਵਰਨਰ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ।

Comments

Leave A Comment

Required fields are marked (*).

Related

Talk to us?