ਹਿੰਦੂ ਸਮਾਜ ਨਾਲ ਸਬੰਧਿਤ ਪ੍ਰਮੁੱਖ ਆਗੂਆਂ ਅਤੇ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ / Courtesy Photo
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਬੰਧੀ ਕਰਵਾਏ ਜਾ ਰਹੇ ਵਿਸ਼ਵ ਪੱਧਰੀ ਧਾਰਮਿਕ ਸਮਾਗਮਾਂ ਦੇ ਮੱਦੇਨਜ਼ਰ ਜੰਮੂ ਅਤੇ ਕਸ਼ਮੀਰ ਦੇ ਹਿੰਦੂ ਸਮਾਜ ਨਾਲ ਸਬੰਧਿਤ ਪ੍ਰਮੁੱਖ ਆਗੂਆਂ ਅਤੇ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਮੀਟਿੰਗ ਕੀਤੀ। ਇਹ ਇਕੱਤਰਤਾ ਸ਼ਤਾਬਦੀ ਸਮਾਗਮਾਂ ਵਿਚ ਜੰਮੂ ਕਸ਼ਮੀਰ ਦੇ ਹਿੰਦੂ ਭਾਈਚਾਰੇ ਦੀ ਸ਼ਮੂਲੀਅਤ ਦੇ ਉਦੇਸ਼ ਨਾਲ ਕੀਤੀ ਗਈ, ਜਿਸ ਵਿੱਚ ਪੁੱਜੇ ਹਿੰਦੂ ਆਗੂਆਂ ਨੇ ਜਿਥੇ ਨਗਰ ਕੀਰਤਨ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਉਥੇ ਸ਼ਤਾਬਦੀ ਸਮਾਗਮ ਸਮੇਂ ਭਰਵੀਂ ਸ਼ਮੂਲੀਅਤ ਕਰਨ ਦੀ ਗੱਲ ਵੀ ਕਹੀ।
ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਕਸ਼ਮੀਰ ਦੇ ਪੰਡਿਤਾਂ ਦਾ ਜਿਕਰ ਮਹੱਤਵਪੂਰਨ ਸਥਾਨ ਰੱਖਦਾ ਹੈ। ਜਦੋਂ ਮੁਗਲਾਂ ਦੇ ਜ਼ੁਲਮੀ ਦੌਰ ਵਿੱਚ ਕਸ਼ਮੀਰ ਦੇ ਪੰਡਿਤ ਆਪਣੇ ਧਾਰਮਿਕ ਹੱਕਾਂ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚੇ ਸਨ, ਤਾਂ ਗੁਰੂ ਸਾਹਿਬ ਨੇ ਉਨ੍ਹਾਂ ਦੀ ਧਾਰਮਿਕ ਅਜ਼ਾਦੀ ਖ਼ਾਤਰ ਕੁਰਬਾਨੀ ਦਾ ਸੰਕਲਪ ਲਿਆ ਸੀ।
ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 15 ਨਵੰਬਰ ਨੂੰ ਗੁਰਦੁਆਰਾ ਸਾਹਿਬ ਮਟਨ, ਕਸ਼ਮੀਰ ਤੋਂ ਵਿਸ਼ੇਸ਼ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਸ਼ਮੀਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਰਾਜਾਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਤਕ ਪਹੁੰਚੇਗਾ। ਕਸ਼ਮੀਰ ਤੋਂ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਮੁੱਖ ਸ਼ਤਾਬਦੀ ਸਮਾਗਮਾਂ ਵਿੱਚ ਕਸ਼ਮੀਰੀ ਪੰਡਿਤਾਂ ਅਤੇ ਹਿੰਦੂ ਭਾਈਚਾਰੇ ਦੀ ਸ਼ਮੂਲੀਅਤ ਲਈ ਅਹਿਮ ਹੋਵੇਗਾ।
ਮੀਟਿੰਗ ਦੌਰਾਨ ਕਸ਼ਮੀਰ ਦੇ ਹਿੰਦੂ ਆਗੂਆਂ ਵੱਲੋਂ ਸ੍ਰੀ ਰਾਜੇਸ਼ ਗੁਪਤਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੇ ਲੋਕਾਂ ਨੂੰ ਆਪਣੇ ਧਰਮ, ਸਭਿਆਚਾਰ ਤੇ ਆਤਮ-ਗੌਰਵ ਦੀ ਰੱਖਿਆ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਸ਼ਹਾਦਤ ਦੀ ਸ਼ਤਾਬਦੀ ਮੌਕੇ ਸਿੱਖਾਂ ਦੇ ਨਾਲ ਨਾਲ ਹਿੰਦੂ ਸਮਾਜ ਅੰਦਰ ਵੀ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨ ਲਈ ਵੱਡਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਉਪਰਾਲਾ ਆਪਸੀ ਭਾਈਚਾਰਕ ਸਾਂਝ ਲਈ ਵੱਡਾ ਯਤਨ ਹਨ। ਇਸ ਮੌਕੇ ਹਿੰਦੂ ਸਮਾਜ ਦੇ ਆਗੂਆਂ ਵੱਲੋਂ ਐਡਵੋਕੇਟ ਧਾਮੀ ਦਾ ਸਨਮਾਨ ਵੀ ਕੀਤਾ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login