ADVERTISEMENT

ADVERTISEMENT

ਜਾਰਜੀਆ ਵਿੱਚ ਰਹਿੰਦੇ ਭਾਰਤੀ ਨਾਗਰਿਕ ਨੇ ਗੈਰਕਾਨੂੰਨੀ ਜੂਆ ਰੈਕਟ ਵਿੱਚ ਭੂਮਿਕਾ ਮੰਨੀ

ਅਮਰੀਕਾ ਵਿੱਚ ਕਰੋੜਾਂ ਡਾਲਰ ਦੇ ਗੈਰਕਾਨੂੰਨੀ ਜੂਆ ਕਾਰੋਬਾਰ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਤੁਸ਼ਾਰ ਪਟੇਲ ਨੇ ਦੋਸ਼ ਕਬੂਲੇ

 ਪ੍ਰਤੀਨਿਧੀ ਚਿੱਤਰ ਪ੍ਰਤੀਨਿਧੀ ਚਿੱਤਰ / ਪੈਕਸਲਜ਼

ਅਮਰੀਕਾ ਦੇ ਜਾਰਜੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਨਾਗਰਿਕ ਤੁਸ਼ਾਰ ਆਰ. ਪਟੇਲ ਨੇ ਇੱਕ ਬਹੁ-ਮਿਲੀਅਨ ਡਾਲਰ ਦੇ ਗੈਰਕਾਨੂੰਨੀ ਜੂਆ ਰੈਕਟ ਵਿੱਚ ਸ਼ਾਮਲ ਹੋਣ ਦੇ ਦੋਸ਼ ਫੈਡਰਲ ਅਦਾਲਤ ਵਿੱਚ ਕਬੂਲ ਕਰ ਲਏ ਹਨ। ਫੈਡਰਲ ਪ੍ਰੋਸੀਕਿਊਟਰਾਂ ਮੁਤਾਬਕ ਇਹ ਗਿਰੋਹ ਅਮਰੀਕਾ ਦੇ ਮਿਸੂਰੀ ਰਾਜ ਦੇ ਦੱਖਣ-ਪੱਛਮੀ ਖੇਤਰ ਵਿੱਚ ਵੱਡੇ ਪੱਧਰ ‘ਤੇ ਗੈਰਕਾਨੂੰਨੀ ਜੂਆ ਕਾਰੋਬਾਰ ਚਲਾ ਰਿਹਾ ਸੀ।

 

40 ਸਾਲਾ ਤੁਸ਼ਾਰ ਪਟੇਲ ਨੇ ਅਮਰੀਕੀ ਮੁੱਖ ਮੈਜਿਸਟ੍ਰੇਟ ਜੱਜ ਵਿਲੀ ਜੇ. ਐਪਸ ਜੂਨੀਅਰ ਸਾਹਮਣੇ ਵਾਇਰ ਫ੍ਰੌਡ (wire fraud), ਗੈਰਕਾਨੂੰਨੀ ਜੂਆ ਕਾਰੋਬਾਰ ਚਲਾਉਣ ਅਤੇ ਮਨੀ ਲਾਂਡਰਿੰਗ ਸਾਜ਼ਿਸ਼ ਨਾਲ ਜੁੜੇ ਦੋਸ਼ ਕਬੂਲ ਕੀਤੇ।

 

ਫੈਡਰਲ ਪ੍ਰੋਸੀਕਿਊਟਰਾਂ ਨੇ ਦੱਸਿਆ ਕਿ ਪਟੇਲ ਅਤੇ ਉਸਦੇ ਸਾਥੀਆਂ ਨੇ ਗੈਰਕਾਨੂੰਨੀ ਜੂਆ ਕਾਰੋਬਾਰ ਅਤੇ ਧੋਖਾਧੜੀ ਰਾਹੀਂ ਲਗਭਗ 9.5 ਮਿਲੀਅਨ ਡਾਲਰ ਦੀ ਕਮਾਈ ਕੀਤੀ। ਇਸ ਤੋਂ ਬਾਅਦ ਇਸ ਰਕਮ ਨੂੰ ਵੱਖ-ਵੱਖ ਵਿੱਤੀ ਲੈਣ-ਦੇਣ ਰਾਹੀਂ ਲੁਕਾਉਣ ਅਤੇ ਕਾਨੂੰਨੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।

 

ਤੁਸ਼ਾਰ ਪਟੇਲ ਉਨ੍ਹਾਂ ਨੌਂ ਵਿਅਕਤੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਖ਼ਿਲਾਫ਼ 72 ਦੋਸ਼ਾਂ ਵਾਲਾ ਵੱਡਾ ਇਲਜ਼ਾਮਨਾਮਾ ਮਈ 2025 ਵਿੱਚ ਮਿਸੂਰੀ ਦੇ ਸਪ੍ਰਿੰਗਫੀਲਡ ਵਿੱਚ ਫੈਡਰਲ ਗ੍ਰੈਂਡ ਜੂਰੀ ਵੱਲੋਂ ਜਾਰੀ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਗਿਰੋਹ ਜੁਲਾਈ 2022 ਤੋਂ ਮਈ 2025 ਤੱਕ ਗੈਰਕਾਨੂੰਨੀ ਜੂਆ ਅਤੇ ਵਾਇਰ ਫ੍ਰੌਡ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ।

 

ਅਧਿਕਾਰੀਆਂ ਨੇ ਦੱਸਿਆ ਕਿ ਇਹ ਗਿਰੋਹ ਚਾਰ ਵੱਖ-ਵੱਖ ਥਾਵਾਂ ‘ਤੇ “ਇੰਟਰਨੈੱਟ ਅਮਿਊਜ਼ਮੈਂਟ ਆਰਕੇਡ”, “ਸਕਿਲ ਗੇਮ ਆਰਕੇਡ” ਅਤੇ “ਅਡਲਟ ਆਰਕੇਡ” ਦੇ ਨਾਂ ‘ਤੇ ਗੈਰਕਾਨੂੰਨੀ ਜੂਆ ਕਾਰੋਬਾਰ ਚਲਾ ਰਿਹਾ ਸੀ। ਇਨ੍ਹਾਂ ਥਾਵਾਂ ‘ਤੇ ਸਲਾਟ ਮਸ਼ੀਨਾਂ, ਜੂਆ ਯੰਤਰ ਅਤੇ ਕਿਸਮਤ ਆਧਾਰਿਤ ਖੇਡਾਂ ਚਲਾਈਆਂ ਜਾਂਦੀਆਂ ਸਨ, ਜੋ ਮਿਸੂਰੀ ਅਤੇ ਫੈਡਰਲ ਕਾਨੂੰਨਾਂ ਦੀ ਉਲੰਘਣਾ ਸਨ।

 

ਮਾਮਲੇ ਵਿੱਚ ਸ਼ਾਮਲ ਸਾਰੇ ਨੌਂ ਮੁਲਜ਼ਮਾਂ ‘ਤੇ ਵਾਇਰ ਫ੍ਰੌਡ ਦੇ ਦੋਸ਼ ਲਗੇ ਹਨ, ਜਦਕਿ ਅੱਠ ਲੋਕਾਂ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਵੀ ਲਗਾਏ ਗਏ ਹਨ।

 

ਤੁਸ਼ਾਰ ਪਟੇਲ ਨੂੰ ਵਾਇਰ ਫ੍ਰੌਡ ਸਾਜ਼ਿਸ਼ ਮਾਮਲੇ ਵਿੱਚ ਵੱਧ ਤੋਂ ਵੱਧ 20 ਸਾਲ, ਗੈਰਕਾਨੂੰਨੀ ਜੂਆ ਕਾਰੋਬਾਰ ਚਲਾਉਣ ਲਈ 5 ਸਾਲ ਅਤੇ ਮਨੀ ਲਾਂਡਰਿੰਗ ਸਾਜ਼ਿਸ਼ ਲਈ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਮਰੀਕੀ ਪ੍ਰੋਬੇਸ਼ਨ ਦਫ਼ਤਰ ਦੀ ਜਾਂਚ ਰਿਪੋਰਟ ਤੋਂ ਬਾਅਦ ਸਜ਼ਾ ਸੁਣਾਉਣ ਦੀ ਤਾਰੀਖ ਤੈਅ ਕੀਤੀ ਜਾਵੇਗੀ।

 

ਇਸ ਮਾਮਲੇ ਦੀ ਜਾਂਚ ਵਿੱਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਜ਼, ਐਫਬੀਆਈ, ਆਈਆਰਐਸ ਕਰਿਮਿਨਲ ਇਨਵੈਸਟੀਗੇਸ਼ਨ ਅਤੇ ਮਿਸੂਰੀ ਰਾਜ ਦੀਆਂ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮਿਲ ਕੇ ਕਾਰਵਾਈ ਕੀਤੀ।

Comments

Leave A Comment

Required fields are marked (*).

Related

Talk to us?