ADVERTISEMENT

ADVERTISEMENT

ਅੰਮ੍ਰਿਤਸਰ ਦੀਆਂ ਗਲੀਆਂ ਤੋਂ ਵਿਸ਼ਵ ਮੰਚ ਤੱਕ: ਸ਼ੈੱਫ ਵਿਕਾਸ ਖੰਨਾ ਦਾ ਇਤਿਹਾਸਕ ਸਫ਼ਰ

ਹਾਲ ਹੀ ਵਿੱਚ ਟਾਈਮ ਮੈਗਜ਼ੀਨ ਵੱਲੋਂ ਉਨਾਂ ਨੂੰ ‘ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ 100 ਲੋਕਾਂ’ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣਾ ਉਨ੍ਹਾਂ ਦੀ ਉਸੇ ਅਣਥੱਕ ਮਿਹਨਤ ’ਤੇ ਇੱਕ ਅੰਤਰਰਾਸ਼ਟਰੀ ਮੋਹਰ ਲੱਗਣ ਵਾਂਗ ਹੈ।

ਵਿਕਾਸ ਖੰਨਾ / Courtesy Photo

ਵਿਕਾਸ ਖੰਨਾ ਅੱਜ ਦੇ ਦੌਰ ਵਿੱਚ ਸਿਰਫ਼ ਇੱਕ ਮਸ਼ਹੂਰ ਸ਼ੈੱਫ ਦਾ ਨਾਂਅ ਨਹੀਂ ਹੈ, ਸਗੋਂ ਉਹ ਭਾਰਤੀ ਦ੍ਰਿੜਤਾ, ਸੱਭਿਆਚਾਰਕ ਮਾਣ ਅਤੇ ਮਾਨਵਤਾ ਦੀ ਸੇਵਾ ਦਾ ਇੱਕ ਵਿਸ਼ਵ-ਵਿਆਪੀ ਪ੍ਰਤੀਕ ਬਣ ਚੁੱਕੇ ਹਨ। ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਦੀਆਂ ਗਲੀਆਂ ਵਿੱਚੋਂ ਨਿਕਲ ਕੇ ਨਿਊਯਾਰਕ ਦੀਆਂ ਉੱਚੀਆਂ ਇਮਾਰਤਾਂ ਅਤੇ ਵਿਸ਼ਵ ਦੇ ਸਭ ਤੋਂ ਵੱਕਾਰੀ ਮੰਚਾਂ ਤੱਕ ਪਹੁੰਚਣ ਦਾ ਉਨ੍ਹਾਂ ਦਾ ਸਫ਼ਰ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਜਨੂੰਨ ਹੋਵੇ ਅਤੇ ਇਰਾਦੇ ਪਹਾੜ ਵਰਗੇ ਮਜ਼ਬੂਤ ਹੋਣ, ਤਾਂ ਕੋਈ ਵੀ ਸਰੀਰਕ ਕਮੀ ਜਾਂ ਆਰਥਿਕ ਤੰਗੀ ਤੁਹਾਡੇ ਸੁਪਨਿਆਂ ਦੀ ਉਡਾਨ ਨੂੰ ਰੋਕ ਨਹੀਂ ਸਕਦੀ। ਹਾਲ ਹੀ ਵਿੱਚ ਟਾਈਮ ਮੈਗਜ਼ੀਨ ਵੱਲੋਂ ਉਨਾਂ ਨੂੰ ‘ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ 100 ਲੋਕਾਂ’ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣਾ ਉਨ੍ਹਾਂ ਦੀ ਉਸੇ ਅਣਥੱਕ ਮਿਹਨਤ ’ਤੇ ਇੱਕ ਅੰਤਰਰਾਸ਼ਟਰੀ ਮੋਹਰ ਲੱਗਣ ਵਾਂਗ ਹੈ।


ਵਿਕਾਸ ਖੰਨਾ ਦਾ ਜਨਮ 14 ਨਵੰਬਰ 1971 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦੂਜੇ ਬੱਚਿਆਂ ਵਾਂਗ ਸੌਖਾ ਨਹੀਂ ਸੀ। ਜਨਮ ਤੋਂ ਹੀ ਉਨ੍ਹਾਂ ਦੇ ਪੈਰਾਂ ਦੀ ਬਣਤਰ ਵਿੱਚ ਨੁਕਸ ਸੀ, ਜਿਸ ਕਾਰਨ ਉਹ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਸਨ। ਲਗਭਗ 13 ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਭਾਰੀ ਲੋਹੇ ਦੇ ਜੁੱਤੇ ਅਤੇ ਬਰੇਸਿਜ਼ ਪਹਿਨਣੇ ਪੈਂਦੇ ਸਨ। ਜਿੱਥੇ ਦੂਜੇ ਬੱਚੇ ਮੈਦਾਨਾਂ ਵਿੱਚ ਖੇਡਦੇ ਸਨ, ਉਥੇ ਵਿਕਾਸ ਅਕਸਰ ਇਕੱਲੇ ਰਹਿ ਜਾਂਦੇ ਸਨ ਪਰ ਇਸ ਇਕੱਲਤਾ ਨੇ ਉਨ੍ਹਾਂ ਨੂੰ ਰਸੋਈ ਦੀ ਦੁਨੀਆ ਵੱਲ ਮੋੜ ਦਿੱਤਾ। ਉਹ ਆਪਣੀ ਦਾਦੀ ਦੇ ਬਹੁਤ ਨਜ਼ਦੀਕ ਸਨ ਅਤੇ ਰਸੋਈ ਵਿੱਚ ਬੈਠ ਕੇ ਉਨ੍ਹਾਂ ਨੂੰ ਖਾਣਾ ਬਣਾਉਂਦੇ ਦੇਖਣਾ, ਵਿਕਾਸ ਦੇ ਬਚਪਨ ਦੇ ਦਿਨਾਂ ਦਾ ਸਭ ਤੋਂ ਪਸੰਦੀਦਾ ਕੰਮ ਬਣ ਗਿਆ। ਉਥੇ ਹੀ ਉਨ੍ਹਾਂ ਨੇ ਮਸਾਲਿਆਂ ਦੀ ਪਰਖ ਅਤੇ ਪਿਆਰ ਨਾਲ ਖਾਣਾ ਬਣਾਉਣ ਦੀ ਕਲਾ ਸਿੱਖੀ। ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮ ਦਾਸ ਲੰਗਰ ਹਾਲ ‘ਚ ਵੀ ਵਿਕਾਸ ਖੰਨਾ ਲਗਾਤਾਰ ਜਾਂਦੇ ਸਨ ਅਤੇ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਨੇ ਉਨ੍ਹਾਂ ਦੇ ਮਨ ’ਤੇ ਅਜਿਹਾ ਪ੍ਰਭਾਵ ਪਾਇਆ ਕਿ ਉਨ੍ਹਾਂ ਨੇ ਖਾਣੇ ਨੂੰ ਸਿਰਫ਼ ਢਿੱਡ ਭਰਨ ਦਾ ਸਾਧਨ ਹੀ ਨਹੀਂ, ਸਗੋਂ ਸੇਵਾ ਦਾ ਮਾਰਗ ਮੰਨ ਲਿਆ। ਇਸ ਗੱਲ ਦਾ ਜ਼ਿਕਰ ਵਿਕਾਸ ਖੰਨਾ ਅਕਸਰ ਕਰਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਤੋਂ ਮਿਲੀ ਪ੍ਰੇਰਣਾ ਸਦਕਾ ਓਹ ਇਸ ਖੇਤਰ ਵਿੱਚ ਆਏ।


ਜਦੋਂ ਵਿਕਾਸ ਖੰਨਾ ਨੇ ਅਦਾਕਾਰੀ ਜਾਂ ਖੇਡਾਂ ਦੀ ਬਜਾਏ ਰਸੋਈ ਨੂੰ ਆਪਣਾ ਕੈਰੀਅਰ ਚੁਣਨ ਦੀ ਗੱਲ ਕੀਤੀ, ਤਾਂ ਸਮਾਜ ਵਿੱਚ ਕਈਆਂ ਨੇ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ ਪਰ ਉਨ੍ਹਾਂ ਦੀ ਮਾਤਾ ਬਿੰਦੂ ਖੰਨਾ ਨੇ ਉਨ੍ਹਾਂ ਦੇ ਹੁਨਰ ’ਤੇ ਪੂਰਾ ਭਰੋਸਾ ਕੀਤਾ। ਸਿਰਫ਼ 17 ਸਾਲ ਦੀ ਉਮਰ ਵਿੱਚ ਵਿਕਾਸ ਖੰਨਾ ਨੇ ਅੰਮ੍ਰਿਤਸਰ ਵਿੱਚ ‘ਲਾਰੈਂਸ ਗਾਰਡਨ’ ਨਾਂਅ ਦਾ ਆਪਣਾ ਇੱਕ ਛੋਟਾ ਜਿਹਾ ਕੈਟਰਿੰਗ ਕਾਰੋਬਾਰ ਸ਼ੁਰੂ ਕੀਤਾ। ਉਹ ਖੁਦ ਸਾਈਕਲ ’ਤੇ ਪਾਣੀ ਦੇ ਕੈਂਪਰ ਅਤੇ ਭਾਰੀ ਬਰਤਨ ਢੋਂਦੇ ਸਨ। ਇਹ ਉਨ੍ਹਾਂ ਦੇ ਜੀਵਨ ਦਾ ਉਹ ਪੜਾਅ ਸੀ ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਦੀ ਅਸਲੀ ਕੀਮਤ ਸਮਝਾਈ। ਆਪਣੀ ਕਲਾ ਨੂੰ ਅਕਾਦਮਿਕ ਰੂਪ ਦੇਣ ਲਈ ਉਨ੍ਹਾਂ ਨੇ ਮਣੀਪਾਲ ਦੇ ਹੋਟਲ ਮੈਨੇਜਮੈਂਟ ਸਕੂਲ ਵਿੱਚ ਦਾਖਲਾ ਲਿਆ, ਜਿੱਥੇ ਉਨ੍ਹਾਂ ਨੇ ਪੇਸ਼ੇਵਰ ਰਸੋਈ ਦੇ ਗੁਰ ਸਿੱਖੇ ਅਤੇ ਫੇਰ ‘ਤਾਜ’ ਅਤੇ ‘ਓਬਰਾਏ’ ਵਰਗੇ ਦੇਸ਼ ਦੇ ਨਾਮਵਰ ਹੋਟਲਾਂ ਵਿੱਚ ਸਫਲਤਾਪੂਰਬਕ ਕੰਮ ਕੀਤਾ।


ਸਾਲ 2000 ਵਿੱਚ ਵਿਕਾਸ ਖੰਨਾ ਆਪਣੇ ਸੁਪਨਿਆਂ ਦੀ ਪੋਟਲੀ ਲੈ ਕੇ ਅਮਰੀਕਾ ਦੇ ਚਰਚਿਤ ਸ਼ਹਿਰ ਨਿਊਯਾਰਕ ਪਹੁੰਚੇ, ਪਰ ਅਮਰੀਕਾ ਦਾ ਇਹ ਸਫ਼ਰ ਉਮੀਦ ਨਾਲੋਂ ਕਿਤੇ ਜ਼ਿਆਦਾ ਮੁਸ਼ਕਿਲ ਅਤੇ ਚੁਣੌਤੀ ਭਰਪੂਰ ਨਿਕਲਿਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਕੋਲ ਰਹਿਣ ਲਈ ਛੱਤ ਨਹੀਂ ਸੀ ਅਤੇ ਉਨ੍ਹਾਂ ਨੇ ਕਈ ਰਾਤਾਂ ਰੇਲਵੇ ਸਟੇਸ਼ਨਾਂ ਜਾਂ ਸ਼ੈਲਟਰਾਂ ਵਿੱਚ ਗੁਜ਼ਾਰੀਆਂ। ਉਨ੍ਹਾਂ ਨੇ ਭਾਂਡੇ ਮਾਂਜਣ ਤੋਂ ਲੈ ਕੇ ਡਿਲੀਵਰੀ ਕਰਨ ਤੱਕ ਦੇ ਕੰਮ ਕੀਤੇ, ਪਰ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਦੀ ਮਿਹਨਤ ਰੰਗ ਲਿਆਈ ਜਦੋਂ ਉਨ੍ਹਾਂ ਨੂੰ ਨਿਊਯਾਰਕ ਦੇ ਇੱਕ ਰੈਸਟੋਰੈਂਟ ਵਿੱਚ ਸ਼ੈੱਫ ਵਜੋਂ ਕੰਮ ਮਿਲਿਆ। ਜਲਦੀ ਹੀ ਉਨ੍ਹਾਂ ਨੇ ਭਾਰਤੀ ਖਾਣੇ ਨੂੰ ਪੱਛਮੀ ਸ਼ੈਲੀ ਵਿੱਚ ਅਜਿਹੇ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਕਿ ਪੂਰਾ ਅਮਰੀਕਾ ਉਨ੍ਹਾਂ ਦੇ ਸੁਆਦ ਦਾ ਦੀਵਾਨਾ ਹੋ ਗਿਆ। ਉਨ੍ਹਾਂ ਦੇ ਰੈਸਟੋਰੈਂਟ ‘ਜੂਨੂਨ’ ਨੇ ਲਗਾਤਾਰ ਕਈ ਸਾਲਾਂ ਤੱਕ ਇਸ ਖੇਤਰ ਦਾ ਵੱਕਾਰੀ ‘ਮਿਸ਼ੇਲਿਨ ਸਟਾਰ’ ਹਾਸਲ ਕੀਤਾ, ਜੋ ਕਿ ਪ੍ਰਾਪਤ ਕਰਨਾ ਦੁਨੀਆ ਭਰ ਦੇ ਸ਼ੈੱਫਾਂ ਲਈ ਇੱਕ ਸੁਪਨਾ ਹੁੰਦਾ ਹੈ।  


ਵਿਕਾਸ ਖੰਨਾ ਦੀ ਸ਼ਖਸੀਅਤ ਸਿਰਫ਼ ਖਾਣਾ ਬਣਾਉਣ ਤੱਕ ਹੀ ਸੀਮਤ ਨਹੀਂ ਰਹੀ। ਉਹ ਇੱਕ ਕਮਾਲ ਦੇ ਲੇਖਕ ਵਜੋਂ ਵੀ ਉੱਭਰੇ ਅਤੇ ਉਨ੍ਹਾਂ ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ। ਉਨ੍ਹਾਂ ਦੀ ਕਿਤਾਬ ‘ਉਤਸਵ’ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਅਤੇ ਵੱਡੀਆਂ ਕਿਤਾਬਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਜਿਸ ਵਿੱਚ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਖਾਣੇ ਰਾਹੀਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਫ਼ਿਲਮ ਨਿਰਮਾਣ ਵਿੱਚ ਵੀ ਹੱਥ ਅਜ਼ਮਾਇਆ ਅਤੇ ‘ਦ ਲਾਸਟ ਕਲਰ’ ਵਰਗੀ ਫ਼ਿਲਮ ਬਣਾਈ, ਜਿਸ ਨੇ ਬਨਾਰਸ ਦੀਆਂ ਵਿਧਵਾਵਾਂ ਦੇ ਜੀਵਨ ਅਤੇ ਰੰਗਾਂ ਪ੍ਰਤੀ ਉਨ੍ਹਾਂ ਦੀ ਤੜਫ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਦਿਖਾਇਆ। ਇਸ ਫ਼ਿਲਮ ਨੂੰ ਆਸਕਰ ਲਈ ਵੀ ਨਾਮਜ਼ਦਗੀਆਂ ਦੀ ਦੌੜ ਵਿੱਚ ਸ਼ਾਮਲ ਕੀਤਾ ਗਿਆ ਸੀ। ਟੈਲੀਵਿਜ਼ਨ ’ਤੇ ‘ਮਾਸਟਰ ਸ਼ੈੱਫ ਇੰਡੀਆ’ ਦੇ ਜੱਜ ਵਜੋਂ ਉਨ੍ਹਾਂ ਨੇ ਨਾ ਸਿਰਫ਼ ਆਪਣੀ ਨਿਮਰਤਾ ਨਾਲ ਲੋਕਾਂ ਦੇ ਦਿਲ ਜਿੱਤੇ, ਸਗੋਂ ਹਜ਼ਾਰਾਂ ਨੌਜਵਾਨਾਂ ਨੂੰ ਸ਼ੈੱਫ ਬਣਨ ਲਈ ਪ੍ਰੇਰਿਤ ਵੀ ਕੀਤਾ। 

 

ਕਰੋਨਾ ਮਹਾਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਵਿਕਾਸ ਖੰਨਾ ਦਾ ਇੱਕ ਅਜਿਹਾ ਰੂਪ ਸਾਹਮਣੇ ਆਇਆ ਜਿਸ ਨੇ ਪੂਰੀ ਦੁਨੀਆ ਨੂੰ ਨਤਮਸਤਕ ਕਰ ਦਿੱਤਾ। ਨਿਊਯਾਰਕ ਵਿੱਚ ਬੈਠੇ ਹੋਣ ਦੇ ਬਾਵਜੂਦ, ਉਨ੍ਹਾਂ ਦਾ ਦਿਲ ਭਾਰਤ ਵਿੱਚ ਧੜਕ ਰਿਹਾ ਸੀ। ਉਨ੍ਹਾਂ ਨੇ ‘ਫੀਡ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਦੁਨੀਆ ਦੇ ਸਭ ਤੋਂ ਵੱਡੇ ਭੋਜਨ ਵੰਡ ਕਾਰਜਾਂ ਵਿੱਚੋਂ ਇੱਕ ਨੂੰ ਅੰਜਾਮ ਦਿੱਤਾ। ਤਕਨੀਕ ਦੀ ਮਦਦ ਨਾਲ ਉਨ੍ਹਾਂ ਨੇ ਲੱਖਾਂ ਮੀਲ ਦੂਰ ਤੋਂ ਹੀ ਭਾਰਤ ਦੇ ਕੋਨੇ-ਕੋਨੇ ਵਿੱਚ ਕਰੋੜਾਂ ਲੋਕਾਂ ਤੱਕ ਸੁੱਕਾ ਰਾਸ਼ਨ ਅਤੇ ਪੱਕਿਆ ਹੋਇਆ ਭੋਜਨ ਪਹੁੰਚਾਇਆ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਮਾਨਵਤਾ ਦੀ ਸੇਵਾ ਲਈ ਭੂਗੋਲਿਕ ਹੱਦਾਂ ਕੋਈ ਮਾਅਨੇ ਨਹੀਂ ਰੱਖਦੀਆਂ। ਉਨ੍ਹਾਂ ਦੀ ਇਸ ਮੁਹਿੰਮ ਨੂੰ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਵੱਲੋਂ ਵੀ ਭਰਪੂਰ ਸਲਾਹਿਆ ਗਿਆ।


ਇਨ੍ਹਾਂ ਸਾਰੇ ਮਾਨਵਤਾਵਾਦੀ ਅਤੇ ਪੇਸ਼ੇਵਰ ਕਾਰਜਾਂ ਸਦਕਾ ਹੀ, ਸਾਲ 2026 ਵਿੱਚ ‘ਟਾਈਮ’ ਮੈਗਜ਼ੀਨ ਨੇ ਵਿਕਾਸ ਖੰਨਾ ਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਹ ਸਨਮਾਨ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਬਹੁਤ ਘੱਟ ਸ਼ੈੱਫਾਂ ਵਿੱਚੋਂ ਇੱਕ ਹਨ। ਟਾਈਮ ਮੈਗਜ਼ੀਨ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਵਿਕਾਸ ਖੰਨਾ ਨੇ ਖਾਣੇ ਨੂੰ ਇੱਕ ਅਜਿਹਾ ਪੁਲ ਬਣਾ ਦਿੱਤਾ ਹੈ ਜੋ ਲੋਕਾਂ ਨੂੰ ਜੋੜਦਾ ਹੈ ਅਤੇ ਭੁੱਖਮਰੀ ਦੇ ਖ਼ਿਲਾਫ਼ ਜੰਗ ਵਿੱਚ ਇੱਕ ਵੱਡੀ ਉਮੀਦ ਵਜੋਂ ਉੱਭਰਿਆ ਹੈ। ਇਹ ਉਪਲਬਧੀ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਹਰ ਉਸ ਭਾਰਤੀ ਲਈ ਮਾਣ ਵਾਲੀ ਗੱਲ ਹੈ ਜੋ ਆਪਣੀ ਮਿਹਨਤ ਸਦਕਾ ਦੁਨੀਆ ਵਿੱਚ ਬਦਲਾਅ ਲਿਆਉਣਾ ਚਾਹੁੰਦਾ ਹੈ।


ਵਿਕਾਸ ਖੰਨਾ ਦੀ ਸਫ਼ਲਤਾ ਦੇ ਪਿੱਛੇ ਉਨ੍ਹਾਂ ਦੀ ਉਹ ਸਾਦਗੀ ਹੈ ਜੋ ਅੱਜ ਵੀ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਦੀ ਹੈ। ਉਹ ਅਕਸਰ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਦਾਦੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਸੋਈ ਵਿੱਚੋਂ ਮਿਲੀ ਸਿੱਖਿਆ ਨੂੰ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ‘ਰਸੋਈ ਹੀ ਉਹ ਥਾਂ ਹੈ ਜਿੱਥੇ ਜਾਤ-ਪਾਤ ਅਤੇ ਅਮੀਰੀ-ਗਰੀਬੀ ਦਾ ਭੇਦ ਮਿਟ ਜਾਂਦਾ ਹੈ’। ਉਹ ਅੱਜ ਵੀ ਨਿਊਯਾਰਕ ਵਿੱਚ ਭਾਰਤੀ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ ਅਤੇ ਦੁਨੀਆ ਨੂੰ ਭਾਰਤੀ ਪਰਾਹੁਣਚਾਰੀ ਦਾ ਅਸਲੀ ਮਤਲਬ ਵੀ ਸਮਝਾਉਂਦੇ ਹਨ। ਉਨ੍ਹਾਂ ਦਾ ਇਹ ਜੀਵਨ ਸਫਰ ਸਾਨੂੰ ਇਹ ਸਿਖਾਉਂਦਾ ਹੈ ਕਿ ਸਫ਼ਲਤਾ ਸਿਰਫ਼ ਪੈਸਾ ਜਾਂ ਸ਼ੋਹਰਤ ਕਮਾਉਣਾ ਨਹੀਂ ਹੈ, ਸਗੋਂ ਇਹ ਇਸ ਗੱਲ ਵਿੱਚ ਹੈ ਕਿ ਤੁਸੀਂ ਦੂਜਿਆਂ ਦੇ ਜੀਵਨ ਵਿੱਚ ਕਿੰਨਾ ਸੁਧਾਰ ਲਿਆ ਸਕਦੇ ਹੋ।


ਇਸ ਤਰਾਂ, ਵਿਕਾਸ ਖੰਨਾ ਦਾ ਅੰਮ੍ਰਿਤਸਰ ਦੀਆਂ ਗਲੀਆਂ ਤੋਂ ‘ਟਾਈਮ ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ’ ਤੱਕ ਪਹੁੰਚਣ ਦਾ ਇਹ ਸਫ਼ਰ ਹਰ ਸੰਘਰਸ਼ਸ਼ੀਲ ਇਨਸਾਨ ਲਈ ਇੱਕ ਚਾਨਣ ਮੁਨਾਰਾ ਹੈ। ਉਨ੍ਹਾਂ ਨੇ ਸਰੀਰਕ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਇਆ, ਵਿਦੇਸ਼ੀ ਧਰਤੀ ’ਤੇ ਮਿਲੀ ਇਕੱਲਤਾ ਨੂੰ ਆਪਣੀ ਸਿਰਜਣਾਤਮਕਤਾ ਵਿੱਚ ਬਦਲਿਆ ਅਤੇ ਸਫ਼ਲਤਾ ਦੇ ਸਿਖਰ ’ਤੇ ਪਹੁੰਚ ਕੇ ਵੀ ਸੇਵਾ ਦੇ ਮਾਰਗ ਨੂੰ ਨਹੀਂ ਤਿਆਗਿਆ। ਵਿਕਾਸ ਖੰਨਾ ਦੀ ਅਵਾਜ਼ ਅਤੇ ਉਨ੍ਹਾਂ ਦਾ ਸਾਰਾ ਕੰਮ, ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਇਹ ਪ੍ਰੇਰਣਾ ਦਿੰਦਾ ਰਹੇਗਾ ਕਿ ‘ਜੇਕਰ ਤੁਸੀਂ ਦਿਲੋਂ ਚਾਹੋ, ਤਾਂ ਪੂਰੀ ਕਾਇਨਾਤ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ’। ਉਹ ਸਹੀ ਮਾਇਨਿਆਂ ਵਿੱਚ ਭਾਰਤ ਦੇ ਇੱਕ ਅਜਿਹੇ ਅਨਮੋਲ ਰਤਨ ਹਨ, ਜਿਨ੍ਹਾਂ ਦੀ ਚਮਕ ਪੂਰੀ ਦੁਨੀਆ ਵਿੱਚ ਭਾਰਤ ਦਾ ਮਾਣ ਵਧਾ ਰਹੀ ਹੈ।

 

Comments

Related

To continue...

Already have an account? Log in

Create your free account or log in