Representative image / Pexels
ਅਮਰੀਕੀ ਕੋਰਟ ਆਫ਼ ਅਪੀਲਜ਼ (ਡਿਸਟ੍ਰਿਕਟ ਆਫ਼ ਕੋਲੰਬੀਆ ਸਰਕਿਟ) ਨੇ ਅਸਥਾਈ ਤੌਰ ‘ਤੇ ਆਵਾਜਾਈ ਵਿਭਾਗ (Department of Transport) ਦੇ ਉਸ ਨਿਯਮ ਨੂੰ ਰੋਕ ਦਿੱਤਾ ਹੈ, ਜਿਸ ਦਾ ਮਕਸਦ ਲਗਭਗ 200,000 ਗ਼ੈਰ-ਨਾਗਰਿਕ ਡਰਾਈਵਰਾਂ ਨੂੰ ਟਰੱਕਿੰਗ ਉਦਯੋਗ ਵਿੱਚੋਂ ਬਾਹਰ ਕੱਢਣਾ ਅਤੇ ਘਰੇਲੂ ਕੈਰੀਅਰਾਂ ਲਈ ਦਰਾਂ ਨੂੰ ਸੰਭਾਵੀ ਤੌਰ 'ਤੇ ਵਧਾਉਣਾ ਸੀ।
ਸਤੰਬਰ ਵਿੱਚ ਪਾਸ ਕੀਤੇ ਗਏ ਇਸ ਨਿਯਮ ਨੇ ਰਾਜਾਂ ਤੋਂ ਗ਼ੈਰ-ਡੋਮੀਸਾਈਲਡ (non-domiciled) CDL ਅਤੇ CLP ਲਾਇਸੈਂਸ ਜਾਰੀ ਕਰਨ ਦਾ ਅਧਿਕਾਰ ਵਾਪਸ ਲੈ ਲਿਆ ਸੀ। ਵਿਭਾਗ ਨੇ ਇਹ ਬਦਲਾਅ ਉਸ ਸਮੇਂ ਲਿਆਂਦਾ ਜਦੋਂ ਕਈ ਹਾਦਸੇ ਉਹਨਾਂ ਇਮੀਗ੍ਰੈਂਟ ਟਰੱਕ ਡਰਾਈਵਰਾਂ ਨਾਲ ਜੁੜੇ ਮਿਲੇ ਜੋ ਦੇਸ਼ ਵਿੱਚ ਗੈਰਕਾਨੂੰਨੀ ਤੌਰ ‘ਤੇ ਮੌਜੂਦ ਸਨ ਪਰ ਵੀਜ਼ਾ ਸਮਾਪਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਾਜਾਂ ਦੁਆਰਾ ਵਪਾਰਕ ਲਾਇਸੰਸ ਜਾਰੀ ਕੀਤੇ ਗਏ ਸਨ। ਇਸ ਨਿਯਮ ਦਾ ਮਕਸਦ ਰਾਜ ਪੱਧਰ ‘ਤੇ ਹੋ ਰਹੀ ਨਿਯਮਾਂ ਦੀ ਪਾਲਣਾ ਵਿੱਚ ਕਮੀਆਂ ਨੂੰ ਰੋਕਣਾ ਅਤੇ ਅਯੋਗ ਜਾਂ ਗੈਰ-ਦਸਤਾਵੇਜ਼ੀ ਡਰਾਈਵਰਾਂ ਨੂੰ ਯੂ.ਐੱਸ. ਕਮਰਸ਼ੀਅਲ ਲਾਇਸੰਸ ਹਾਸਲ ਕਰਨ ਤੋਂ ਰੋਕਣਾ ਸੀ।
ਇਹ ਰੋਕ ਅਸਥਾਈ ਹੈ। ਕੋਰਟ ਨੇ ਆਪਣੇ ਆਰਡਰ ਵਿੱਚ ਕਿਹਾ, “ਇਸ ਪ੍ਰਸ਼ਾਸਨਕ ਸਟੇਅ ਦਾ ਉਦੇਸ਼ ਕੋਰਟ ਨੂੰ ਪੈਂਡਿੰਗ ਰਿਵਿਊ ਵਿੱਚ ਦਾਇਰ ਐਮਰਜੈਂਸੀ ਸਟੇਅ ਅਰਜ਼ੀਆਂ ‘ਤੇ ਵਿਚਾਰ ਕਰਨ ਲਈ ਲੋੜੀਂਦਾ ਸਮਾਂ ਦੇਣਾ ਹੈ। ਇਸ ਨੂੰ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਅਰਜ਼ੀਆਂ ਦੇ ਗੁਣ-ਦੋਸ਼ ਸਬੰਧੀ ਫ਼ੈਸਲੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।” ਇਸ ਆਰਡਰ ਨਾਲ ਥੋੜ੍ਹੀ ਰਾਹਤ ਤਾਂ ਮਿਲੀ ਹੈ, ਪਰ ਦੇਸ਼ ਭਰ ਵਿੱਚ ਹਜ਼ਾਰਾਂ ਟਰੱਕ ਡਰਾਈਵਰ ਨਵੇਂ ਅੰਗਰੇਜ਼ੀ ਮੁਹਾਰਤ ਟੈਸਟਾਂ ‘ਚ ਫੇਲ ਹੋਣ ਕਾਰਨ ਕੰਮ ਤੋਂ ਬਾਹਰ ਹੋ ਗਏ ਹਨ—ਜਿਨ੍ਹਾਂ ਵਿੱਚ ਭਾਰਤੀ ਮੂਲ ਅਤੇ ਲਾਤੀਨੀ ਡਰਾਈਵਰ ਸਭ ਤੋਂ ਵੱਧ ਪ੍ਰਭਾਵਿਤ ਹਨ।
ਆਵਾਜਾਈ ਸਕੱਤਰ ਸੀਨ ਪੀ. ਡੱਫੀ (Sean P. Duffy) ਨੇ ਐਕਸ ‘ਤੇ ਲਿਖਿਆ, “ਅਕਤੂਬਰ 2025 ਤੱਕ 7,248 ਡਰਾਈਵਰ ਟਰੰਪ ਪ੍ਰਸ਼ਾਸਨ ਦੇ ਅੰਗਰੇਜ਼ੀ ਭਾਸ਼ਾ ਮਾਪਦੰਡ ਪੂਰੇ ਨਾ ਕਰਨ ਕਾਰਨ ਸੇਵਾ ਤੋਂ ਬਾਹਰ ਕੀਤੇ ਗਏ ਹਨ।” ਡਫੀ ਨੇ ਅੱਗੇ ਲਿਖਿਆ, “ਅਮਰੀਕੀ ਆਵਾਜਾਈ ਵਿਭਾਗ ਕਮਰਸ਼ੀਅਲ ਟਰੱਕ ਡਰਾਈਵਰਾਂ ਤੋਂ ਅੰਗਰੇਜ਼ੀ ਬੋਲਣ ਅਤੇ ਸਮਝਣ ਦੀ ਯੋਗਤਾ ਦੀ ਮੰਗ ਕਰਦਾ ਹੈ—ਨਹੀਂ ਤਾਂ ਉਹ ਸੇਵਾ ਤੋਂ ਬਾਹਰ ਕਰ ਦਿੱਤੇ ਜਾਣਗੇ।”
28 ਸਾਲਾ ਗੈਰ-ਦਸਤਾਵੇਜ਼ੀ ਇਮੀਗ੍ਰੈਂਟ ਟਰੱਕ ਡਰਾਈਵਰ ਹਰਜਿੰਦਰ ਸਿੰਘ ਉੱਤੇ ਦੋਸ਼ ਹੈ ਕਿ ਉਸ ਨੇ ਫਲੋਰਿਡਾ ਦੇ ਟਰਨਪਾਈਕ ‘ਤੇ ਇੱਕ ਸੜਕ ਹਾਦਸਾ ਕੀਤਾ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਫੈਡਰਲ ਅਧਿਕਾਰੀਆਂ ਦੇ ਅਨੁਸਾਰ, ਸਿੰਘ 2018 ਵਿੱਚ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖ਼ਲ ਹੋਇਆ ਅਤੇ ਬਾਅਦ ਵਿੱਚ ਕੈਲੀਫ਼ੋਰਨੀਆ ਤੋਂ ਵਪਾਰਕ ਲਾਇਸੰਸ ਲਿਆ।
ਇੱਕ ਹੋਰ ਘਟਨਾ ਵਿੱਚ, ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਸ ਦੇ ਚਲਾਏ 18-ਵੀਲਰ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ, ਜਿਸ ਨਾਲ 8 ਵਾਹਨਾਂ ਦਾ ਪਾਇਲਅੱਪ ਹੋਇਆ—ਤਿੰਨ ਲੋਕ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋਏ। ਡੈਸ਼-ਕੈਮ ਫੁਟੇਜ ਤੋਂ ਪਤਾ ਲੱਗਾ ਕਿ ਉਹ ਟੱਕਰ ਤੋਂ ਪਹਿਲਾਂ ਬਰੇਕ ਹੀ ਨਹੀਂ ਲਗਾ ਸਕਿਆ। ਟੌਕਸਿਕੋਲੋਜੀ ਰਿਪੋਰਟਾਂ ਵਿੱਚ ਉਸ ਦੇ ਸਿਸਟਮ ‘ਚ ਨਸ਼ੀਲੇ ਪਦਾਰਥ ਮਿਲੇ। ਉਸ ‘ਤੇ ਨਸ਼ੇ ਵਿੱਚ ਗੰਭੀਰ ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ DUI ਦੇ ਦੋਸ਼ ਲੱਗੇ ਹਨ। ਹੋਮਲੈਂਡ ਸੁਰੱਖਿਆ ਵਿਭਾਗ ਨੇ ਕਿਹਾ ਕਿ ਸਿੰਘ 2022 ਵਿੱਚ ਦੱਖਣੀ ਸਰਹੱਦ ਰਾਹੀਂ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ।
ਟਰੱਕ ਡਰਾਈਵਰਾਂ ਨੂੰ ਕਮਿਉਨਿਟੀ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ। Change.org ‘ਤੇ ਫਲੋਰਿਡਾ ਦੇ ਗਵਰਨਰ ਰੌਨ ਡੀਸਾਂਟਿਸ ਅਤੇ ਫਲੋਰਿਡਾ ਬੋਰਡ ਆਫ਼ ਏਗਜ਼ਿਕਿਊਟਿਵ ਕਲੀਮੈਂਸੀ ਨੂੰ ਸੰਬੋਧਿਤ ਇੱਕ ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਹਰਜਿੰਦਰ ਸਿੰਘ ਦੀ ਕਰਤੂਤ ਇੱਕ ਦੁੱਖਦਾਈ ਗਲਤੀ ਸੀ, ਕੋਈ ਜਾਨ-ਬੁੱਝ ਕੇ ਕੀਤਾ ਦੋਸ਼ ਨਹੀਂ। ਲੱਖਾਂ ਦਸਤਖਤ ਵਾਲੀ ਇਸ ਪਟੀਸ਼ਨ ਵਿੱਚ ਬੇਨਤੀ ਕੀਤੀ ਗਈ ਹੈ ਕਿ ਜੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਤਾਂ ਉਸ ਨੂੰ “ਉਚਿਤ ਅਤੇ ਨਿਆਇਕ” ਸਜ਼ਾ ਮਿਲੇ—ਜਿਵੇਂ ਕਿ ਪੈਰੋਲ ਦੀ ਯੋਗਤਾ ਜਾਂ ਕੈਦ ਦੇ ਬਦਲ ਵਰਗੇ ਵਿਕਲਪਾਂ ਦੇ ਨਾਲ ਇੱਕ ਵਾਜਬ ਸਜ਼ਾ ਦਿੱਤੀ ਜਾਵੇ। ਯੂਨਾਈਟਿਡ ਸਿੱਖਸ ਅਤੇ ਸਿੱਖ ਕੋਲੀਸ਼ਨ ਸਮੇਤ ਕਈ ਸੰਗਠਨਾਂ ਨੇ ਅਮਰੀਕੀ ਸਰਕਾਰ ਦੀ ਨਿੰਦਾ ਕੀਤੀ ਹੈ ਕਿ ਉਹ ਇਨ੍ਹਾਂ ਹਾਦਸਿਆਂ ਨੂੰ ਰਾਜਨੀਤਿਕ ਮਕਸਦਾਂ ਲਈ ਵਰਤ ਰਹੀ ਹੈ ਅਤੇ ਪੂਰੀ ਕਮਿਉਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਹਰਜਿੰਦਰ ਸਿੰਘ ਨੂੰ “ਗੈਰ-ਕਾਨੂੰਨੀ ਪਰਦੇਸੀ” ਕਿਹਾ ਅਤੇ ਲਿਖਿਆ: “ਫਲੋਰਿਡਾ ਵਿੱਚ 3 ਮਾਸੂਮ ਲੋਕ ਮਾਰੇ ਗਏ ਕਿਉਂਕਿ ਗੈਵਿਨ ਨਿਊਸਮ ਦੀ ਕੈਲੀਫ਼ੋਰਨੀਆ DMV ਨੇ ਇੱਕ ਗੈਰ-ਕਾਨੂੰਨੀ ਪਰਦੇਸੀ ਨੂੰ ਕਮਰਸ਼ੀਅਲ ਲਾਇਸੰਸ ਜਾਰੀ ਕੀਤਾ। ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਕਦੇ ਨਹੀਂ ਹੋਣਾ ਚਾਹੀਦਾ ਸੀ।”
ਨੋਇਮ ਨੇ ਆਪਣੀ ਐਕਸ ਪੋਸਟ ਵਿੱਚ ਇਹ ਵੀ ਕਿਹਾ ਕਿ ਉਹ DOT ਨਾਲ ਮਿਲਕੇ ਇਹ ਯਕੀਨੀ ਬਣਾਵੇਗੀ ਕਿ “ਸੈਂਕਚੁਅਰੀ ਜੁਰਿਸਡਿਕਸ਼ਨਾਂ” ਤੋਂ ਗੈਰ-ਕਾਨੂੰਨੀ ਲੋਕਾਂ ਨੂੰ ਲਾਇਸੰਸ ਜਾਰੀ ਨਾ ਕੀਤੇ ਜਾਣ। ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਕੈਰੋਲਾਈਨ ਲੈਵਿਟ ਨੇ ਕਿਹਾ ਕਿ ਇਹ ਦੋ ਕੇਸ “ਚਿੰਤਾਜਨਕ ਪੈਟਰਨ” ਨੂੰ ਦਰਸਾਉਂਦੇ ਹਨ—ਜਿੱਥੇ ਅਯੋਗ ਅਤੇ ਗੈਰ-ਦਸਤਾਵੇਜ਼ੀ ਡਰਾਈਵਰ ਕਮਰਸ਼ੀਅਲ ਲਾਇਸੰਸ ਪ੍ਰਾਪਤ ਕਰਨ ਵਿੱਚ ਸਫ਼ਲ ਰਹੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login