ਭਾਰਤੀ-ਅਮਰੀਕੀ ਕਾਂਗਰਸਮੈਨ ਡਾ. ਅਮੀ ਬੇਰਾ ਨੇ ਸਿਹਤ ਅਤੇ ਮਨੁੱਖੀ ਸੇਵਾਵਾਂ (HHS) ਦੇ ਸਕੱਤਰ ਰਾਬਰਟ ਐਫ. ਕੈਨੇਡੀ ਜੂਨੀਅਰ ਨੂੰ ਲਿਖੇ ਇੱਕ ਪੱਤਰ ਵਿੱਚ ਉਨ੍ਹਾਂ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕੈਨੇਡੀ 'ਤੇ ਟੀਕਾ ਨੀਤੀ ਨੂੰ ਕਮਜ਼ੋਰ ਕਰਨ ਅਤੇ ਜਨਤਕ ਸਿਹਤ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ।
4 ਸਤੰਬਰ ਨੂੰ ਕੈਨੇਡੀ ਨੂੰ ਲਿਖੇ ਪੱਤਰ ਵਿੱਚ, ਬੇਰਾ ਅਤੇ ਡੈਮੋਕ੍ਰੇਟਿਕ ਡਾਕਟਰਜ਼ ਕਾਕਸ ਦੇ ਮੈਂਬਰਾਂ ਨੇ ਜ਼ੋਰ ਦਿੱਤਾ ਕਿ ਐਚਐਚਐਸ ਵਿੱਚ ਉਨ੍ਹਾਂ ਦਾ ਕਾਰਜਕਾਲ “ਵਿਗਿਆਨਕ ਇਮਾਨਦਾਰੀ ਨੂੰ ਖਤਮ ਕਰਨ ਅਤੇ ਸਬੂਤ-ਅਧਾਰਤ ਸਿਫ਼ਾਰਸ਼ਾਂ ਤੇ ਨੀਤੀਆਂ ਨੂੰ ਕਮਜ਼ੋਰ ਕਰਨ ਦੇ ਵਧਦੇ ਰੁਝਾਨ” ਦੀ ਪਾਲਣਾ ਕਰਦਾ ਰਿਹਾ ਹੈ। ਕਾਨੂੰਨਘਾੜਿਆਂ ਨੇ ਲਿਖਿਆ, “ਤੁਸੀਂ ਸੁਣਵਾਈਆਂ ਦੌਰਾਨ ਵਾਅਦਾ ਕੀਤਾ ਸੀ ਕਿ ਟੀਕਿਆਂ ਬਾਰੇ ਵਿਗਿਆਨ ਦੀ ਪਾਲਣਾ ਕਰੋਗੇ। ਪਰ ਮਹੀਨਿਆਂ ਵਿੱਚ, ਵਿਗਿਆਨਕ ਅਤੇ ਮੈਡੀਕਲ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਤੁਹਾਡੀਆਂ ਕਾਰਵਾਈਆਂ ਨੇ ਉਸ ਵਾਅਦੇ ਨੂੰ ਵਾਰ-ਵਾਰ ਖੰਡਿਤ ਕੀਤਾ ਹੈ। ਇਸ ਲਾਪਰਵਾਹੀ ਦੀ ਚਰਮ ਸੀਮਾ ਉਸ ਵੇਲੇ ਸਾਹਮਣੇ ਆਈ, ਜਦੋਂ ਤੁਸੀਂ ਪਿਛਲੇ ਹਫ਼ਤੇ ਸੀਡੀਸੀ ਡਾਇਰੈਕਟਰ ਸੁਜ਼ਨ ਮੋਨਾਰੇਜ਼ ਨੂੰ ਸਬੂਤ-ਅਧਾਰਤ ਟੀਕਾ ਮਿਆਰਾਂ ਦਾ ਬਚਾਅ ਕਰਨ ਕਾਰਨ ਬਰਖਾਸਤ ਕਰ ਦਿੱਤਾ। ਇਹ ਫੈਸਲੇ ਅਮਰੀਕੀ ਜੀਵਨ ਅਤੇ ਜਨਤਕ ਭਰੋਸੇ ਦੋਹਾਂ ਨੂੰ ਖ਼ਤਰੇ ਵਿੱਚ ਪਾਉਂਦੇ ਹਨ।”
ਕਾਨੂੰਨਘਾੜਿਆਂ ਨੇ ਕੈਨੇਡੀ ਵੱਲੋਂ ਟੀਕਾਕਰਨ ਅਭਿਆਸਾਂ ਬਾਰੇ ਸਲਾਹਕਾਰ ਕਮੇਟੀ (ACIP) ਦੇ ਸਾਰੇ ਮੈਂਬਰਾਂ ਨੂੰ ਹਟਾਉਣ ਦੇ ਫੈਸਲੇ ਦੀ ਵੀ ਨਿੰਦਾ ਕੀਤੀ। ਇਹ ਕਮੇਟੀ ਲੰਬੇ ਸਮੇਂ ਤੋਂ ਟੀਕਾ ਨੀਤੀ ਲਈ ਮਿਆਰ ਵਜੋਂ ਮੰਨੀ ਜਾਂਦੀ ਸੀ। ਉਨ੍ਹਾਂ ਦੀ ਥਾਂ ਟੀਕਿਆਂ 'ਤੇ ਸ਼ੱਕ ਕਰਨ ਵਾਲੇ ਲੋਕਾਂ ਨੂੰ ਨਿਯੁਕਤ ਕੀਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ “ਇਹ ਕਦਮ ਦਹਾਕਿਆਂ ਤੋਂ ਪ੍ਰਮਾਣਿਤ ਜਨਤਕ ਸਿਹਤ ਮਾਰਗਦਰਸ਼ਨ ਨੂੰ ਕਮਜ਼ੋਰ ਕਰਨ ਦਾ ਜੋਖਮ ਰੱਖਦੇ ਹਨ, ਜਿਸ ਵਿੱਚ ਬਚਪਨ ਦੀ ਟੀਕਾਕਰਨ ਸਮਾਂ-ਸਾਰਣੀ ਅਤੇ ਨਵਜੰਮੇ ਬੱਚਿਆਂ ਲਈ ਹੈਪੇਟਾਈਟਸ ਬੀ ਟੀਕਾਕਰਨ ਵੀ ਸ਼ਾਮਲ ਹੈ।”
ਪੱਤਰ ਵਿੱਚ mRNA ਟੀਕਾ ਵਿਕਾਸ ਲਈ ਫੰਡ ਘਟਾਉਣ ਅਤੇ ਸੀਡੀਸੀ ਵੱਲੋਂ ਅਜਿਹੇ ਮਾਰਗਦਰਸ਼ਨ ਜਾਰੀ ਕਰਨ ਦੇ ਕੈਨੇਡੀ ਦੇ ਫ਼ੈਸਲਿਆਂ ਬਾਰੇ ਵੀ ਚਿੰਤਾ ਜਤਾਈ ਗਈ, ਜੋ “ਵਿਗਿਆਨਕ ਡੇਟਾ ਜਾਂ ਮਾਹਿਰਾਂ ਦੀ ਸਲਾਹ 'ਤੇ ਆਧਾਰਿਤ ਨਹੀਂ ਸਨ।” ਪੱਤਰ ਦੇ ਅੰਤ ਵਿੱਚ ਲਿਖਿਆ, “ਡਾਕਟਰਾਂ ਅਤੇ ਕਾਂਗਰਸ ਮੈਂਬਰਾਂ ਵਜੋਂ ਅਸੀਂ ਡੂੰਘੀ ਚਿੰਤਾ ਵਿੱਚ ਹਾਂ ਕਿ ਐਚਐਚਐਸ ਵਿੱਚ ਤੁਹਾਡਾ ਕਾਰਜਕਾਲ ਵਿਭਾਗ ਦੇ ਮੁੱਖ ਮਿਸ਼ਨ, ਅਮਰੀਕੀ ਲੋਕਾਂ ਦੀ ਸਿਹਤ ਦੀ ਰੱਖਿਆ ਅਤੇ ਉਸ ਦਾ ਪ੍ਰਚਾਰ ਕਰਨ ਨੂੰ ਕਮਜ਼ੋਰ ਕਰ ਰਿਹਾ ਹੈ। ਤੁਹਾਡੀਆਂ ਕਾਰਵਾਈਆਂ ਨੇ ਜਨਤਕ ਭਰੋਸੇ ਨੂੰ ਢਾਹ ਦਿੱਤਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਇਆ ਹੈ। ਅਸੀਂ ਆਪਣੇ ਭਾਈਚਾਰਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਤੁਹਾਡੇ ਅਸਤੀਫ਼ੇ ਦੀ ਮੰਗ ਕਰਦੇ ਹਾਂ।”
ਇਹ ਪੱਤਰ ਕੈਨੇਡੀ ਦੀ ਅਗਵਾਈ ਵਿਰੁੱਧ ਵਧ ਰਹੇ ਵਿਰੋਧ ਨੂੰ ਤੇਜ਼ ਕਰਦਾ ਹੈ। 1000 ਤੋਂ ਵੱਧ ਮੌਜੂਦਾ ਅਤੇ ਸਾਬਕਾ ਐਚਐਚਐਸ ਕਰਮਚਾਰੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੇ ਪੱਤਰਾਂ 'ਤੇ ਦਸਤਖਤ ਕਰ ਚੁੱਕੇ ਹਨ। ਇਸ ਤੋਂ ਇਲਾਵਾ, 20 ਤੋਂ ਵੱਧ ਪ੍ਰਮੁੱਖ ਮੈਡੀਕਲ ਅਤੇ ਜਨਤਕ ਸਿਹਤ ਸੰਸਥਾਵਾਂ ਨੇ ਵੀ ਉਨ੍ਹਾਂ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ। ਸੀਡੀਸੀ ਦੇ ਸਾਬਕਾ ਅਧਿਕਾਰੀਆਂ ਨੇ ਵੀ ਆਪਣੀ ਰਾਇ ਦਿੱਤੀ ਹੈ, ਜਿਨ੍ਹਾਂ ਵਿੱਚੋਂ ਇੱਕ ਨੇ ਚੇਤਾਵਨੀ ਦਿੱਤੀ ਕਿ ਕੈਨੇਡੀ ਦੀ ਅਗਵਾਈ ਹੇਠ ਏਜੰਸੀ ਨੂੰ ਆਪਣੇ ਭਵਿੱਖ ਵਿੱਚ “ਸਿਰਫ਼ ਨੁਕਸਾਨ ਹੀ ਨਜ਼ਰ ਆ ਰਿਹਾ ਹੈ।”
Comments
Start the conversation
Become a member of New India Abroad to start commenting.
Sign Up Now
Already have an account? Login