ADVERTISEMENT

ADVERTISEMENT

ਕਨਿਸ਼ਕਾ ਧਮਾਕੇ ਦੇ ਪੀੜਤਾਂ ਨੂੰ ਕੈਨੇਡਾ ਦੀ ਸ਼ਰਧਾਂਜਲੀ

41ਵੀਂ ਬਰਸੀ 'ਤੇ ਪ੍ਰਧਾਨ ਮੰਤਰੀ ਕਾਰਨੀ ਨੇ ਅੱਤਵਾਦ ਖ਼ਿਲਾਫ਼ ਚੌਕਸੀ ਦੀ ਲੋੜ 'ਤੇ ਦਿੱਤਾ ਜ਼ੋਰ

 ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਨਿਸ਼ਕ ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਇਸਨੂੰ 'ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ' ਦੱਸਿਆ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਨਿਸ਼ਕ ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਇਸਨੂੰ 'ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ' ਦੱਸਿਆ / ਐਕਸ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 23 ਜੂਨ ਨੂੰ ਏਅਰ ਇੰਡੀਆ ਫਲਾਈਟ 182 ‘ਕਨਿਸ਼ਕਾ’ ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਦੁਖਦਾਈ ਘਟਨਾ ਦੀ ਵਿਰਾਸਤ ਸਿਰਫ਼ ਯਾਦ ਕਰਨ ਦੀ ਨਹੀਂ, ਸਗੋਂ ਹਰ ਕਿਸਮ ਦੇ ਅੱਤਵਾਦ ਪ੍ਰਤੀ ਲਗਾਤਾਰ ਚੌਕਸ ਰਹਿਣ ਦੀ ਵੀ ਮੰਗ ਕਰਦੀ ਹੈ।

 

ਅੱਤਵਾਦ ਦੇ ਪੀੜਤਾਂ ਦੀ ਯਾਦ ਵਿੱਚ ਮਨਾਏ ਜਾਂਦੇ ਰਾਸ਼ਟਰੀ ਦਿਵਸ ਮੌਕੇ ਜਾਰੀ ਇੱਕ ਬਿਆਨ ਵਿੱਚ ਕਾਰਨੀ ਨੇ ਕਿਹਾ ਕਿ ਅੱਜ ਤੋਂ 41 ਸਾਲ ਪਹਿਲਾਂ ਏਅਰ ਇੰਡੀਆ ਫਲਾਈਟ 182 'ਤੇ ਹੋਏ ਬੰਬ ਧਮਾਕੇ ਵਿੱਚ 329 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿੱਚ 268 ਕੈਨੇਡੀਅਨ ਨਾਗਰਿਕ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਸੀ।

 

ਉਨ੍ਹਾਂ ਕਿਹਾ ਕਿ ਇਸ ਮੌਕੇ ਫਲਾਈਟ 182 ਦੇ ਸਾਰੇ ਪੀੜਤਾਂ ਅਤੇ ਅੱਤਵਾਦ ਤੇ ਹਿੰਸਕ ਕੱਟੜਪੰਥ ਦਾ ਸ਼ਿਕਾਰ ਹੋਏ ਹੋਰ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਪੀੜਤਾਂ ਦੇ ਪਰਿਵਾਰਾਂ, ਬਚੇ ਹੋਏ ਲੋਕਾਂ ਅਤੇ ਉਨ੍ਹਾਂ ਭਾਈਚਾਰਿਆਂ ਦੇ ਨਾਲ ਖੜ੍ਹੀ ਹੈ ਜੋ ਅੱਜ ਵੀ ਇਸ ਦੁੱਖ ਦਾ ਬੋਝ ਝੱਲ ਰਹੇ ਹਨ।

 

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਫਲਾਈਟ 182 23 ਜੂਨ 1985 ਨੂੰ ਮਾਂਟਰੀਅਲ ਤੋਂ ਮੁੰਬਈ ਲਈ ਲੰਡਨ ਅਤੇ ਦਿੱਲੀ ਰਾਹੀਂ ਜਾ ਰਹੀ ਸੀ, ਜਦੋਂ ਅਟਲਾਂਟਿਕ ਮਹਾਸਾਗਰ ਦੇ ਉੱਪਰ ਜਹਾਜ਼ ਦੇ ਕਾਰਗੋ ਹਿੱਸੇ ਵਿੱਚ ਰੱਖੇ ਬੰਬ ਦੇ ਧਮਾਕੇ ਕਾਰਨ ਇਹ ਹਵਾ ਵਿੱਚ ਹੀ ਤਬਾਹ ਹੋ ਗਿਆ ਸੀ।

 

ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਸਰਕਾਰ ਹਰ ਤਰ੍ਹਾਂ ਦੇ ਹਿੰਸਕ ਕੱਟੜਪੰਥ ਦੀ ਨਿੰਦਾ ਕਰਦੀ ਹੈ ਅਤੇ ਇਸ ਨਾਲ ਨਜਿੱਠਣ ਲਈ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸੰਸਥਾਵਾਂ ਨੂੰ ਹੋਰ ਮਜ਼ਬੂਤ ਬਣਾਉਣ, ਅੱਤਵਾਦੀ ਵਿੱਤੀ ਸਹਾਇਤਾ ਅਤੇ ਨੈੱਟਵਰਕਾਂ ਨੂੰ ਤੋੜਨ ਅਤੇ ਅੱਤਵਾਦੀ ਗਤੀਵਿਧੀਆਂ ਦੀ ਪਛਾਣ, ਰੋਕਥਾਮ ਅਤੇ ਖਾਤਮੇ ਲਈ ਸੁਰੱਖਿਆ ਏਜੰਸੀਆਂ ਨੂੰ ਵਧੇਰੇ ਅਧਿਕਾਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਭ ਤੋਂ ਪਹਿਲਾ ਫਰਜ਼ ਕੈਨੇਡੀਅਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ ਅਤੇ ਇਹੀ ਉਸ ਦਾ ਮੁੱਖ ਉਦੇਸ਼ ਰਹੇਗਾ।

 

ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਕਨਿਸ਼ਕਾ ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਗੋਲੀਆ ਦੇ ਦੌਰੇ 'ਤੇ ਮੌਜੂਦ ਜੈਸ਼ੰਕਰ ਨੇ ਕਿਹਾ ਕਿ ਇਸ ਭਿਆਨਕ ਅੱਤਵਾਦੀ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਯਾਦ ਨੂੰ ਸਨਮਾਨ ਦਿੰਦਿਆਂ ਭਾਰਤ ਅੱਤਵਾਦ ਦੇ ਹਰ ਰੂਪ ਅਤੇ ਪ੍ਰਗਟਾਵੇ ਖ਼ਿਲਾਫ਼ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

 

ਉਨ੍ਹਾਂ ਕਿਹਾ ਕਿ ਕਨਿਸ਼ਕਾ ਬੰਬ ਧਮਾਕਾ ਮਨੁੱਖਤਾ ਲਈ ਇੱਕ ਦਰਦਨਾਕ ਯਾਦ ਹੈ ਅਤੇ ਅੱਤਵਾਦ ਵਿਰੁੱਧ ਵਿਸ਼ਵ ਪੱਧਰੀ ਸਾਂਝੇ ਯਤਨਾਂ ਦੀ ਲੋੜ ਨੂੰ ਰੇਖਾਂਕਿਤ ਕਰਦਾ ਹੈ।

Comments

Leave A Comment

Required fields are marked (*).

Related

Talk to us?