ADVERTISEMENT

ADVERTISEMENT

ਕੈਨੇਡਾ ਵੱਲੋਂ ਏਅਰ ਇੰਡੀਆ ਪਾਇਲਟ ਦੇ ਵਿਵਹਾਰ ਵਿਰੁੱਧ ਕਾਰਵਾਈ ਦੀ ਮੰਗ

ਕੈਪਟਨ ਸੌਰਭ ਕੁਮਾਰ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਕਥਿਤ ਤੌਰ 'ਤੇ ਫਲਾਈਟ ਵਿੱਚ ਸਵਾਰ ਹੋਣ ਤੋਂ ਕੁਝ ਸਮਾਂ ਪਹਿਲਾਂ ਉਹ ਸ਼ਰਾਬੀ ਹਾਲਤ ਵਿੱਚ ਪਾਇਆ ਗਿਆ

ਟਰਾਂਸਪੋਰਟ ਕੈਨੇਡਾ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੀ ਸ਼ਿਕਾਇਤ ਦੇ ਸਬੰਧ ਵਿੱਚ ਏਅਰ ਇੰਡੀਆ ਨੂੰ ਇੱਕ ਅਧਿਕਾਰਤ ਪੱਤਰ ਸੌਂਪਿਆ ਹੈ। ਇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ 23 ਦਸੰਬਰ, 2025 ਨੂੰ ਵੈਨਕੂਵਰ ਹਵਾਈ ਅੱਡੇ 'ਤੇ ਇੱਕ ਉਡਾਣ ਤੋਂ ਪਹਿਲਾਂ ਏਅਰ ਇੰਡੀਆ ਦੇ ਕੈਪਟਨ ਸੌਰਭ ਕੁਮਾਰ ਸ਼ਰਾਬ ਦੇ ਨਸ਼ੇ ਵਿੱਚ ਪਾਏ ਗਏ ਸਨ। 

24 ਦਸੰਬਰ 2025 ਨੂੰ ਜਾਰੀ ਕੀਤਾ ਗਿਆ ਇਹ ਪੱਤਰ ਏਅਰ ਇੰਡੀਆ ਦੇ ਨਾਂ ‘ਤੇ ਸੀ, ਜਿਸ ਵਿੱਚ ਟਰਾਂਸਪੋਰਟ ਕੈਨੇਡਾ ਨੇ ਦੱਸਿਆ ਕਿ ਇਹ ਘਟਨਾ ਫਲਾਈਟ AI186 ਦੌਰਾਨ ਵਾਪਰੀ, ਜੋ ਵੈਨਕੂਵਰ (CYVR) ਤੋਂ ਵੀਅਨਾ (LOWW) ਲਈ ਜਾ ਰਹੀ ਸੀ। RCMP ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਕੈਪਟਨ ਕੁਮਾਰ ਸ਼ਰਾਬ ਦੀ ਹਾਲਤ ਵਿਚ ਡਿਊਟੀ 'ਤੇ ਪਹੁੰਚੇ ਸਨ ਅਤੇ ਉਹ ਉਡਾਣ ਭਰਨ ਲਈ ਅਯੋਗ ਸਨ। 

ਦੱਸਿਆ ਗਿਆ ਹੈ ਕਿ ਬੋਰਡਿੰਗ ਤੋਂ ਕੁਝ ਸਮਾਂ ਪਹਿਲਾਂ ਜਦੋਂ ਕੈਪਟਨ ਕੁਮਾਰ ਦੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਆਈ, ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਿਸ ਕਾਰਨ ਫਲਾਈਟ ਵਿੱਚ ਦੇਰੀ ਹੋਈ। ਰਿਪੋਰਟ ਮੁਤਾਬਕ ਇੱਕ ਡਿਊਟੀ-ਫ੍ਰੀ ਸਟੋਰ ਦੇ ਕਰਮਚਾਰੀ ਨੇ ਸ਼ਰਾਬ ਦੀ ਬਦਬੂ ਆਉਣ ਜਾਂ ਪਾਇਲਟ ਨੂੰ ਸ਼ਰਾਬ ਪੀਂਦੇ ਦੇਖਣ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਨੂੰ ਸੁਚੇਤ ਕੀਤਾ ਸੀ। 

ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਇਹ ਘਟਨਾ ਕੈਨੇਡੀਅਨ ਐਵੀਏਸ਼ਨ ਰੈਗੂਲੇਸ਼ਨਜ਼ (CARs) ਦੀ ਉਲੰਘਣਾ ਹੈ। ਕੈਨੇਡੀਅਨ ਅਥਾਰਟੀ ਨੇ ਏਅਰ ਇੰਡੀਆ ਨੂੰ ਸੁਧਾਰਾਤਮਕ ਕਦਮ ਚੁੱਕਣ ਅਤੇ 26 ਜਨਵਰੀ ਤੱਕ ਜਵਾਬ ਦੇਣ ਲਈ ਕਿਹਾ ਹੈ, ਜਿਸ ਵਿੱਚ ਜਾਂਚ ਦੇ ਨਤੀਜਿਆਂ ਅਤੇ ਚੁੱਕੇ ਗਏ ਕਦਮਾਂ ਦਾ ਵੇਰਵਾ ਹੋਵੇ।

31 ਦਸੰਬਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ, ਏਅਰ ਇੰਡੀਆ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਪਾਇਲਟ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਇਹ ਵੀ ਕਿਹਾ ਕਿ ਸੁਰੱਖਿਆ ਉਸਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਕਿਸੇ ਵੀ ਨਿਯਮ ਜਾਂ ਕਾਨੂੰਨ ਦੀ ਉਲੰਘਣਾ ਪ੍ਰਤੀ ਉਸਦੀ ਜ਼ੀਰੋ-ਟੋਲਰੈਂਸ ਨੀਤੀ ਹੈ। ਕੰਪਨੀ ਨੇ ਭਰੋਸਾ ਦਿਵਾਇਆ ਕਿ ਜਾਂਚ ਤੋਂ ਬਾਅਦ ਜੇਕਰ ਕੋਈ ਉਲੰਘਣਾ ਸਾਬਤ ਹੁੰਦੀ ਹੈ ਤਾਂ ਕੰਪਨੀ ਦੀ ਨੀਤੀ ਅਨੁਸਾਰ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Comments

Related