ADVERTISEMENT

ADVERTISEMENT

ਏਅਰ ਇੰਡੀਆ ਹਾਦਸੇ 'ਚ ਲਾਪਰਵਾਹੀ ਪਈ ਭਾਰੀ, ਖ਼ਤਰੇ 'ਚ ਤਿੰਨ ਕਰਮਚਾਰੀਆਂ ਦੀ ਨੌਕਰੀ 

DGCA ਦਾ ਕਹਿਣਾ ਹੈ ਕਿ ਇਨ੍ਹਾਂ ਅਣਗਹਿਲੀਆਂ ਨੇ ਹਵਾਬਾਜ਼ੀ ਸੁਰੱਖਿਆ ਨਾਲ ਇੱਕ ਖਤਰਨਾਕ ਖਿਲਵਾੜ ਕੀਤਾ ਹੈ ਅਤੇ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਹੋਈ ਹੈ।

ਏਅਰ ਇੰਡੀਆ ਹਾਦਸੇ 'ਚ ਲਾਪਰਵਾਹੀ / Courtesy Photo

ਭਾਰਤੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੇ ਸ਼ਨੀਵਾਰ 21 ਜੂਨ, 2025 ਨੂੰ ਏਅਰ ਇੰਡੀਆ ਨੂੰ ਅਹਿਮਦਾਬਾਦ 'ਚ ਵਾਪਰੇ ਜਹਾਜ਼ ਹਾਦਸੇ ਸਬੰਧੀ ਇਕ ਸਖ਼ਤ ਕਦਮ ਚੁੱਕਣ ਦਾ ਆਦੇਸ਼ ਦਿੱਤਾ ਹੈ। DGCA ਨੇ ਏਅਰ ਇੰਡੀਆ ਵਿੱਚ ਪਾਇਲਟ ਅਤੇ ਕਰੂ ਸ਼ਡਿਊਲਿੰਗ ਵਿੱਚ ਗੰਭੀਰ ਅਤੇ ਵਾਰ-ਵਾਰ ਕੀਤੀਆਂ ਗਈਆਂ ਗਲਤੀਆਂ ਅਤੇ ਖਾਮੀਆਂ ਨੂੰ ਲੈ ਕੇ ਤਿੰਨ ਸੀਨੀਅਰ ਅਧਿਕਾਰੀਆਂ 'ਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਉਹਨਾਂ ਨੂੰ ਸਾਰੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। DGCA ਦਾ ਕਹਿਣਾ ਹੈ ਕਿ ਇਨ੍ਹਾਂ ਅਣਗਹਿਲੀਆਂ ਨੇ ਹਵਾਬਾਜ਼ੀ ਸੁਰੱਖਿਆ ਨਾਲ ਇੱਕ ਖਤਰਨਾਕ ਖਿਲਵਾੜ ਕੀਤਾ ਹੈ ਅਤੇ ਇਸ ਨਾਲ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਹੋਈ ਹੈ। ਇਹ ਜਾਣਕਾਰੀ ਕਈ ਸੂਤਰਾਂ ਤੋਂ ਪ੍ਰਾਪਤ ਹੋਈ ਹੈ।

ਇਹ ਸਖ਼ਤ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਕੁਝ ਹੀ ਦਿਨ ਪਹਿਲਾਂ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਟੇਕਆਫ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿੱਚ 241 ਲੋਕਾਂ ਦੀ ਜਾਨ ਚਲੀ ਗਈ। ਇਸ ਤ੍ਰਾਸਦੀ ਤੋਂ ਬਾਅਦ ਏਅਰ ਇੰਡੀਆ ਦੇ ਅੰਦਰ ਜਾਂਚ ਦਾ ਦਾਇਰਾ ਹੋਰ ਡੂੰਘਾ ਹੋ ਗਿਆ ਹੈ। DGCA ਨੇ ਇਨ੍ਹਾਂ ਅਧਿਕਾਰੀਆਂ ਖਿਲਾਫ ਬਿਨਾਂ ਦੇਰੀ ਦੇ ਅੰਦਰੂਨੀ ਅਨੁਸ਼ਾਸਨੀ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਅਤੇ ਕਿਹਾ ਹੈ ਕਿ ਅਜਿਹੀ ਕਾਰਵਾਈ ਦੇ ਨਤੀਜੇ ਦੀ ਰਿਪੋਰਟ 10 ਦਿਨਾਂ ਦੇ ਅੰਦਰ ਦਿੱਤੀ ਜਾਵੇਗੀ।

ਡੀ.ਜੀ.ਸੀ.ਏ. (DGCA) ਦੁਆਰਾ 20 ਜੂਨ ਨੂੰ ਜਾਰੀ ਕੀਤੇ ਗਏ ਆਦੇਸ਼ ਅਨੁਸਾਰ, ਏਅਰ ਇੰਡੀਆ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਕਰੂ ਸ਼ਡਿਊਲਿੰਗ ਸਿਸਟਮ ਵਿੱਚ ਗੰਭੀਰ ਗੜਬੜੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਖੁਲਾਸਿਆਂ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਵਾਰ ਅਜਿਹੇ ਕਰੂ ਮੈਂਬਰਾਂ ਨੂੰ ਉਡਾਣਾਂ ਲਈ ਤਾਇਨਾਤ ਕੀਤਾ ਗਿਆ ਜੋ ਲਾਇਸੈਂਸ, ਰੈਸਟ ਪੀਰੀਅਡ (ਆਰਾਮ) ਅਤੇ ਰੀਸੈਂਸੀ (ਹਾਲੀਆ ਉਡਾਣਾਂ ਭਰਨ ਦੀਆਂ ਸ਼ਰਤਾਂ) ਵਰਗੇ ਲਾਜ਼ਮੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਸਨ। ਦਸ ਦਈਏ ਕਿ ਇਨ੍ਹਾਂ ਅਧਿਕਾਰੀਆਂ 'ਤੇ ਅਣਅਧਿਕਾਰਤ ਅਤੇ ਬੇਮੇਲ ਕਰੂ ਜੋੜੀਆਂ ਦੀ ਤਾਇਨਾਤੀ, ਲਾਇਸੈਂਸਿੰਗ ਅਤੇ ਰੀਸੈਂਸੀ ਦੀ ਉਲੰਘਣਾ, ਸ਼ਡਿਊਲਿੰਗ ਪ੍ਰੋਟੋਕੋਲ ਤੇ ਨਿਗਰਾਨੀ ਵਿੱਚ ਅਸਫਲਤਾਵਾਂ ਦੇ ਗੰਭੀਰ ਦੋਸ਼ ਹਨ।

DGCA (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਨੇ ਏਅਰ ਇੰਡੀਆ ਦੇ ਜਵਾਬਦੇਹ ਪ੍ਰਬੰਧਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਦੋਂ ਤੱਕ ਕਰੂ ਸ਼ਡਿਊਲਿੰਗ ਵਿੱਚ ਸੁਧਾਰ ਨਹੀਂ ਕੀਤਾ ਜਾਂਦਾ, ਇਨ੍ਹਾਂ ਅਧਿਕਾਰੀਆਂ ਨੂੰ ਕੇਵਲ ਗੈਰ-ਆਪਰੇਸ਼ਨਲ ਭੂਮਿਕਾਵਾਂ ਵਿੱਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਸੁਰੱਖਿਆ ਜਾਂ ਕਰੂ ਪਾਲਣਾ ਨਾਲ ਸੰਬੰਧਤ ਫੈਸਲੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਡੀਜੀਸੀਏ (DGCA) ਦੁਆਰਾ ਕਰੂ ਸ਼ਡਿਊਲਿੰਗ ਪ੍ਰੋਟੋਕੋਲ ਵਿੱਚ ਗੰਭੀਰ ਗਲਤੀ ਨੂੰ ਲੈ ਕੇ ਏਅਰ ਇੰਡੀਆ ਦੇ ਖਿਲਾਫ ਸਖ਼ਤ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ, ਏਅਰਲਾਈਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਨਿਯਾਮਕ ਦੇ ਨਿਰਦੇਸ਼ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਦੇਸ਼ ਨੂੰ ਲਾਗੂ ਕਰ ਦਿੱਤਾ ਹੈ। ਏਅਰ ਇੰਡੀਆ ਨੇ ਕਿਹਾ, "ਸੁਰੱਖਿਆ ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਲਈ ਏਅਰ ਇੰਡੀਆ ਵਚਨਬੱਧ ਹੈ।"

Comments

Related