ADVERTISEMENT

ADVERTISEMENT

'ਝੂਠ ਦਾ ਪੁਲੰਦਾ': ਡੈਮੋਕ੍ਰੇਟਸ ਨੇ ਟਰੰਪ ਦੇ ਭਾਸ਼ਣ ਦਾ ਕੀਤਾ 'ਫੈਕਟ-ਚੈੱਕ'

ਰਾਸ਼ਟਰਪਤੀ ਦੇ ਸੰਬੋਧਨ ਵਿੱਚ ਕੀਤੇ ਗਏ ਦਾਅਵਿਆਂ ਦਾ ਵਿਰੋਧ ਕਰਦਿਆਂ ਪ੍ਰਮਿਲਾ ਜੈਪਾਲ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਮਹਿੰਗਾਈ ਵਧੀ ਹੈ, ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ ਅਤੇ ਆਮ ਜਨਤਾ ਸੰਘਰਸ਼ ਕਰ ਰਹੀ ਹੈ

ਡੈਮੋਕਰੇਟ ਸੰਸਦ ਮੈਂਬਰ ਸ਼੍ਰੀ ਥਾਣੇਦਾਰ, ਸੁਹਾਸ ਸੁਬਰਾਮਨੀਅਨ, ਅਮੀ ਬੇਰਾ ਅਤੇ ਪ੍ਰਮਿਲਾ ਜੈਪਾਲ / Wikimedia commons

ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਸਟੇਟ ਆਫ਼ ਦ ਯੂਨੀਅਨ' (SOTU) ਸੰਬੋਧਨ ਤੋਂ ਤੁਰੰਤ ਬਾਅਦ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਦੇ ਭਾਸ਼ਣ ਨੂੰ "ਝੂਠ ਦਾ ਪੁਲੰਦਾ" ਕਰਾਰ ਦਿੰਦੇ ਹੋਏ ਕਈ ਸੰਸਦ ਮੈਂਬਰਾਂ ਨੇ ਤੱਥਾਂ ਦੀ ਜਾਂਚ (Fact-check) ਅਤੇ ਨਿੱਜੀ ਹਮਲਿਆਂ ਰਾਹੀਂ ਪਲਟਵਾਰ ਕੀਤਾ ਹੈ।

ਟਰੰਪ ਨੇ ਦਾਅਵਾ ਕੀਤਾ ਕਿ ਮਹਿੰਗਾਈ, ਮਾਰਗੇਜ ਦਰਾਂ ਅਤੇ ਗੈਸ ਦੀਆਂ ਕੀਮਤਾਂ ਘਟ ਰਹੀਆਂ ਹਨ, ਜਦਕਿ ਸ਼ੇਅਰ ਬਾਜ਼ਾਰ, ਤੇਲ ਉਤਪਾਦਨ ਅਤੇ ਵਿਦੇਸ਼ੀ ਸਿੱਧਾ ਨਿਵੇਸ਼ ਤੇਜ਼ੀ ਨਾਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਨਿਰਮਾਣ ਅਤੇ ਫੈਕਟਰੀਆਂ ਵਿੱਚ ਰੋਜ਼ਗਾਰ ਦੇ ਮੌਕੇ ਵੀ ਵਧ ਰਹੇ ਹਨ।

ਰਾਸ਼ਟਰਪਤੀ ਦੇ ਸੰਬੋਧਨ ‘ਤੇ ਪ੍ਰਤੀਕਿਰਿਆ ਦਿੰਦਿਆਂ ਮਿਸ਼ੀਗਨ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਨੇ 47ਵੇਂ ਰਾਸ਼ਟਰਪਤੀ ਲਈ '47 ਫੈਕਟ-ਚੈੱਕ' ਦੀ ਸੂਚੀ ਜਾਰੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਅਮੀਰਾਂ ਦਾ ਪੱਖ ਪੂਰ ਰਹੇ ਹਨ ਅਤੇ ਉਨ੍ਹਾਂ ਉੱਚੀ ਮਹਿੰਗਾਈ, ਕਾਨੂੰਨੀ ਇਮੀਗ੍ਰੈਂਟਾਂ ਨੂੰ ਨਿਸ਼ਾਨਾ ਬਣਾਉਣ ਅਤੇ ਟਰੰਪ ਦੀ ਟੈਰਿਫ਼ ਨੀਤੀ ਵਰਗੇ ਮੁੱਦਿਆਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, “ਇਹ ਵਿਅਕਤੀ ਅਜੇ ਵੀ ਸੋਚਦਾ ਹੈ ਕਿ ਵਿਦੇਸ਼ੀ ਦੇਸ਼ ਟੈਰਿਫ਼ ਭਰਦੇ ਹਨ, ਜਦਕਿ ਹਕੀਕਤ ਵਿੱਚ ਅਮਰੀਕੀ ਕਾਰੋਬਾਰ ਅਤੇ ਖਪਤਕਾਰ ਇਹ ਭੁਗਤਾਨ ਕਰਦੇ ਹਨ।”

ਵਰਜੀਨੀਆ ਦੇ ਸੰਸਦ ਮੈਂਬਰ ਸੁਹਾਸ ਸੁਬਰਾਮਨੀਅਮ ਨੇ ਕਿਹਾ ਕਿ ਟਰੰਪ ਅਮਰੀਕੀ ਜਨਤਾ ਦੀ ਅਸਲੀਅਤ ਤੋਂ ਦੂਰ ਰਹਿ ਰਹੇ ਹਨ। ਉਨ੍ਹਾਂ ਹੋਰ ਕਿਹਾ, “ਉਨ੍ਹਾਂ ਦਾਅਵਾ ਕੀਤਾ ਕਿ ਕੀਮਤਾਂ ਘਟੀਆਂ ਹਨ, ਮਹਿੰਗਾਈ ਘਟੀ ਹੈ ਅਤੇ ਜੀਵਨ ਪਿਛਲੇ ਸਾਲ ਨਾਲੋਂ ਬਿਹਤਰ ਹੈ। ਪਰ ਗ੍ਰੋਸਰੀ ਸਟੋਰਾਂ ‘ਤੇ ਖਰੀਦਦਾਰੀ ਕਰਨ ਵਾਲੀਆਂ ਪਰਿਵਾਰਾਂ ਅਤੇ ਆਪਣੀਆਂ ਕਿਤਾਬਾਂ ਸੰਤੁਲਿਤ ਕਰਨ ਵਾਲੇ ਛੋਟੇ ਕਾਰੋਬਾਰੀ ਇਸ ਗੱਲ ਨੂੰ ਨਹੀਂ ਮੰਨਦੇ। ਉਹ ਹਰ ਰੋਜ਼ ਦਬਾਅ ਮਹਿਸੂਸ ਕਰਦੇ ਹਨ।” ਇਸਦੇ ਨਾਲ ਹੀ ਉਨ੍ਹਾਂ ਨੇ ਜੈਫਰੀ ਐਪਸਟੀਨ ਮਾਮਲੇ ਵਿੱਚ ਟਰੰਪ 'ਤੇ ਦਸਤਾਵੇਜ਼ ਲੁਕਾਉਣ ਦੇ ਦੋਸ਼ ਲਾਏ ਹਨ। 

ਕਾਂਗਰਸਮੈਨ ਅਮੀ ਬੇਰਾ ਨੇ ਟਰੰਪ 'ਤੇ ਸੰਵਿਧਾਨ ਦਾ ਅਪਮਾਨ ਕਰਨ ਅਤੇ ਸਿਆਸੀ ਖੇਡਾਂ ਖੇਡਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਫਰਜ਼ ਅਮਰੀਕੀ ਲੋਕਾਂ ਦੀ ਸੁਰੱਖਿਆ ਕਰਨਾ ਹੈ, ਨਾ ਕਿ ਕਿਸੇ 'ਤਾਨਾਸ਼ਾਹ' ਦੀ ਹਾਂ ਵਿੱਚ ਹਾਂ ਮਿਲਾਉਣਾ। 

ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਸਟੇਟ ਆਫ ਦ ਯੂਨੀਅਨ ਸੰਬੋਧਨ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਅਤੇ ਇਸ ਦੀ ਬਜਾਏ ‘ਪੀਪਲਜ਼ ਸਟੇਟ ਆਫ ਦ ਯੂਨੀਅਨ’ ਨਾਮਕ ਪ੍ਰੋਗਰਾਮ ਦੀ ਅਗਵਾਈ ਕੀਤੀ। ਇਹ ਕਾਰਜਕ੍ਰਮ ਡੈਮੋਕ੍ਰੈਟਾਂ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਾਨੂੰਨ ਸਾਜ਼ਾਂ ਅਤੇ ਪ੍ਰਸ਼ਾਸਨਕ ਨੀਤੀਆਂ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਸ਼ਾਮਲ ਕੀਤਾ ਗਿਆ।

ਜੈਪਾਲ 30 ਤੋਂ ਵੱਧ ਡੈਮੋਕ੍ਰੈਟਿਕ ਕਾਨੂੰਨਸਾਜ਼ਾਂ ਦੇ ਨਾਲ, ਐਪਸਟਿਨ ਪੀੜਤਾਂ, ICE ਕਾਰਵਾਈਆਂ ਤੋਂ ਪ੍ਰਭਾਵਿਤ ਪਰਿਵਾਰਾਂ, ਨੌਕਰੀ ਤੋਂ ਕੱਢੇ ਗਏ ਸਾਰਵਜਨਿਕ ਸਿਹਤ ਕਰਮਚਾਰੀਆਂ ਅਤੇ ਵਧ ਰਹੇ ਖ਼ਰਚਿਆਂ ਨਾਲ ਜੂਝ ਰਹੇ ਅਮਰੀਕੀਆਂ ਦੇ ਨਾਲ ਸ਼ਾਮਲ ਹੋਈ।

ਜੈਪਾਲ ਨੇ ਟਰੰਪ ਦੇ ਭਾਸ਼ਣ ਨੂੰ “ਝੂਠਾਂ ਨਾਲ ਭਰਪੂਰ” ਕਰਾਰ ਦਿੱਤਾ। ਉਨ੍ਹਾਂ ਕਿਹਾ, “ਹਕੀਕਤ ਇਹ ਹੈ ਕਿ ਖ਼ਰਚੇ ਵਧ ਰਹੇ ਹਨ, ਬੇਰੋਜ਼ਗਾਰੀ ਵਧ ਰਹੀ ਹੈ ਅਤੇ ਲੋਕ ਸੰਘਰਸ਼ ਕਰ ਰਹੇ ਹਨ। ਇਮੀਗ੍ਰੈਂਟਾਂ ਅਤੇ ਟ੍ਰਾਂਸ ਲੋਕਾਂ ਨੂੰ ਬਲੀ ਦਾ ਬਕਰਾ ਬਣਾਉਣ ਦੀ ਕੋਸ਼ਿਸ਼ ਇਹ ਸੱਚਾਈ ਨਹੀਂ ਬਦਲ ਸਕਦੀ।”

Comments

Related