ADVERTISEMENT

ADVERTISEMENT

ਸਰਹੱਦਾਂ ‘ਤੇ ਗੈਰ-ਨਾਗਰਿਕਾਂ ਨੂੰ ਟ੍ਰੈਕ ਕਰਨ ਲਈ ਅਮਰੀਕਾ ਨੇ ਚੁੱਕਿਆ ਅਹਿਮ ਕਦਮ

ਨਵਾਂ ਨਿਯਮ ਅਧਿਕਾਰੀਆਂ ਨੂੰ ਗੈਰ-ਨਾਗਰਿਕਾਂ ਦੀ ਆਵਾਜਾਈ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਲੈਣ ਦੀ ਇਜਾਜ਼ਤ ਦੇਵੇਗਾ

Representative Image / REUTERS/Daniel Cole

ਅਮਰੀਕਾ ਗੈਰ-ਨਾਗਰਿਕਾਂ ਦੀ ਆਵਾਜਾਈ (ਦੇਸ਼ ਵਿੱਚ ਦਾਖ਼ਲ ਹੋਣ ਅਤੇ ਬਾਹਰ ਜਾਣ) ਦੀ ਨਿਗਰਾਨੀ ਕਰਨ ਲਈ ਚਿਹਰਾ ਪਛਾਣ ਤਕਨਾਲੋਜੀ (facial recognition technology) ਦੇ ਇਸਤੇਮਾਲ ਨੂੰ ਵਧਾਏਗਾ, ਤਾਂ ਜੋ ਵੀਜ਼ਾ ਦੀ ਮਿਆਦ ਤੋਂ ਵੱਧ ਰਹਿਣ ਅਤੇ ਪਾਸਪੋਰਟ ਧੋਖਾਧੜੀ ਨਾਲ ਨਜਿੱਠਿਆ ਜਾ ਸਕੇ। ਇਹ ਜਾਣਕਾਰੀ 24 ਅਕਤੂਬਰ ਨੂੰ ਜਾਰੀ ਕੀਤੇ ਸਰਕਾਰੀ ਦਸਤਾਵੇਜ਼ ਵਿੱਚ ਦਿੱਤੀ ਗਈ।

ਨਵੇਂ ਨਿਯਮਾਂ ਅਨੁਸਾਰ, ਅਮਰੀਕੀ ਸਰਹੱਦੀ ਅਧਿਕਾਰੀ ਗੈਰ-ਨਾਗਰਿਕਾਂ ਤੋਂ ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ, ਜ਼ਮੀਨੀ ਸਰਹੱਦਾਂ ਅਤੇ ਹੋਰ ਕਿਸੇ ਵੀ ਡਿਪਾਰਚਰ (ਬਾਹਰ ਜਾਣ) 'ਤੇ ਫੋਟੋ ਖਿੱਚਣ ਦੀ ਮੰਗ ਕਰ ਸਕਣਗੇ। ਇਹ ਪਹਿਲਾਂ ਤੋਂ ਚੱਲ ਰਹੇ ਪਾਇਲਟ ਪ੍ਰੋਗਰਾਮ ਨੂੰ ਹੋਰ ਵਧਾਉਂਦਾ ਹੈ। ਇਹ ਨਿਯਮ 26 ਦਸੰਬਰ ਤੋਂ ਲਾਗੂ ਹੋਵੇਗਾ ਅਤੇ ਇਸ ਅਧੀਨ ਅਮਰੀਕੀ ਅਧਿਕਾਰੀ ਹੋਰ ਬਾਇਓਮੇਟ੍ਰਿਕ ਜਾਣਕਾਰੀਆਂ ਜਿਵੇਂ ਕਿ ਫਿੰਗਰਪ੍ਰਿੰਟਸ ਜਾਂ ਡੀਐਨਏ ਦੀ ਮੰਗ ਵੀ ਕਰ ਸਕਦੇ ਹਨ।

ਇਹ ਨਿਯਮ ਸਰਹੱਦੀ ਅਧਿਕਾਰੀਆਂ ਨੂੰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵੀ ਚਿਹਰਾ ਪਛਾਣ ਤਕਨਾਲੋਜੀ ਵਰਤਣ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਨੂੰ ਇਸ ਵੇਲੇ ਛੋਟ ਮਿਲੀ ਹੋਈ ਹੈ। ਸਰਹੱਦਾਂ 'ਤੇ ਨਵੇਂ ਸਖ਼ਤ ਨਿਯਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰਕਾਨੂੰਨੀ ਇਮੀਗ੍ਰੇਸ਼ਨ 'ਤੇ ਕਾਬੂ ਪਾਉਣ ਦੀ ਵੱਡੀ ਮੁਹਿੰਮ ਦਾ ਹਿੱਸਾ ਹਨ। ਰਿਪਬਲਿਕਨ ਰਾਸ਼ਟਰਪਤੀ ਨੇ ਅਮਰੀਕਾ-ਮੈਕਸੀਕੋ ਸਰਹੱਦ ਦੀ ਸੁਰੱਖਿਆ ਲਈ ਵਾਧੂ ਸਰੋਤ ਮੁਹੱਈਆ ਕਰਵਾਏ ਹਨ ਅਤੇ ਵੀਜ਼ਾ ਦੀ ਮਿਆਦ ਤੋਂ ਵੱਧ ਰਹਿਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਲਈ ਵੀ ਕਦਮ ਚੁੱਕੇ ਹਨ।

ਅਮਰੀਕੀ ਹਵਾਈ ਅੱਡਿਆਂ ਵਿੱਚ ਚਿਹਰਾ ਪਛਾਣ ਤਕਨਾਲੋਜੀ ਦੇ ਵੱਧਦੇ ਇਸਤੇਮਾਲ ਨੇ ਪਰਾਈਵੇਸੀ ਨੂੰ ਲੈ ਕੇ ਚਿੰਤਾਵਾਂ ਪੈਦਾ ਕੀਤੀਆਂ ਹਨ। ਨਿਗਰਾਨੀ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਕਨਾਲੋਜੀ ਦਾ ਦੁਰਉਪਯੋਗ ਹੋ ਸਕਦਾ ਹੈ ਅਤੇ ਗਲਤੀਆਂ ਵੀ ਹੋ ਸਕਦੀਆਂ ਹਨ। 2024 ਦੀ ਅਮਰੀਕੀ ਕਮਿਸ਼ਨ ਆਨ ਸਿਵਲ ਰਾਈਟਸ ਦੀ ਰਿਪੋਰਟ ਮੁਤਾਬਕ, ਇਹ ਤਕਨਾਲੋਜੀ ਕਾਲੇ ਲੋਕਾਂ ਅਤੇ ਹੋਰ ਘੱਟ ਗਿਣਤੀ ਸਮੂਹਾਂ ਦੀ ਪਛਾਣ ਵਿੱਚ ਵੱਧ ਗਲਤੀਆਂ ਕਰਦੀ ਹੈ।

ਕਾਂਗਰੈਸ਼ਨਲ ਰਿਸਰਚ ਸਰਵਿਸ ਨੇ 2023 ਵਿੱਚ ਅਨੁਮਾਨ ਲਗਾਇਆ ਸੀ ਕਿ ਉਸ ਸਮੇਂ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲਗਭਗ 1.1 ਕਰੋੜ ਇਮੀਗ੍ਰੈਂਟਸ ਵਿਚੋਂ ਕਰੀਬ 42% ਨੇ ਵੀਜ਼ਾ ਦੀ ਮਿਆਦ ਤੋਂ ਵੱਧ ਸਮਾਂ ਕੱਢਿਆ ਸੀ। ਅਮਰੀਕੀ ਕਾਂਗਰਸ ਨੇ 1996 ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਵਿੱਚ ਆਟੋਮੈਟਿਕ ਐਂਟਰੀ-ਐਗਜ਼ਿਟ ਸਿਸਟਮ ਬਣਾਉਣ ਦੀ ਗੱਲ ਕਹੀ ਗਈ ਸੀ, ਪਰ ਇਹ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ।

ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਇਸ ਵੇਲੇ ਸਾਰੇ ਵਪਾਰਕ ਹਵਾਈ ਦਾਖ਼ਲਿਆਂ ਲਈ ਚਿਹਰਾ ਪਛਾਣ ਤਕਨਾਲੋਜੀ ਵਰਤਦਾ ਹੈ, ਪਰ ਕੁਝ ਹੀ ਸਥਾਨਾਂ 'ਤੇ ਡਿਪਾਰਚਰ (ਬਾਹਰ ਜਾਣ) ਦੀ ਰਿਕਾਰਡਿੰਗ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। CBP ਦਾ ਅਨੁਮਾਨ ਹੈ ਕਿ ਬਾਇਓਮੇਟ੍ਰਿਕ ਐਂਟਰੀ-ਐਗਜ਼ਿਟ ਸਿਸਟਮ ਨੂੰ ਅਗਲੇ ਤਿੰਨ ਤੋਂ ਪੰਜ ਸਾਲਾਂ ਵਿੱਚ ਸਾਰੇ ਵਪਾਰਕ ਹਵਾਈ ਅੱਡਿਆਂ ਅਤੇ ਬੰਦਰਗਾਹਾਂ 'ਤੇ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ।

Comments

Related