ADVERTISEMENT

ADVERTISEMENT

ਟਰੰਪ ਪ੍ਰਸ਼ਾਸਨ ਵੱਲੋਂ 1.75 ਲੱਖ ਤੋਂ ਵੱਧ ਵੀਜ਼ੇ ਰੱਦ

ਵੀਜ਼ਾ ਨਿਯਮਾਂ ਦੀ ਉਲੰਘਣਾ, ਅਪਰਾਧ, ਧੋਖਾਧੜੀ ਅਤੇ ਕੌਮੀ ਸੁਰੱਖਿਆ ਨਾਲ ਜੁੜੇ ਮਾਮਲਿਆਂ ’ਚ ਸਖ਼ਤ ਕਾਰਵਾਈ

 ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) / IANS

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੌਰਾਨ ਵਿਦੇਸ਼ੀ ਨਾਗਰਿਕਾਂ ਦੇ 1,75,000 ਤੋਂ ਵੱਧ ਵੀਜ਼ੇ ਰੱਦ ਕੀਤੇ ਜਾ ਚੁੱਕੇ ਹਨ। ਅਮਰੀਕੀ ਸਰਕਾਰ ਵੱਲੋਂ ਇਮੀਗ੍ਰੇਸ਼ਨ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। ਵਿਭਾਗ ਮੁਤਾਬਕ ਵੀਜ਼ਾ ਰੱਦ ਕਰਨ ਦੀ ਇਹ ਕਾਰਵਾਈ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਵਿਰੁੱਧ ਕੀਤੀ ਗਈ ਹੈ, ਜਿਨ੍ਹਾਂ ਨੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ, ਅਪਰਾਧ ਕੀਤੇ, ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਲਈ ਉਕਸਾਇਆ, ਅਮਰੀਕੀਆਂ ਨਾਲ ਧੋਖਾਧੜੀ ਕੀਤੀ, ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾਂ ਕੌਮੀ ਸੁਰੱਖਿਆ ਲਈ ਖ਼ਤਰਾ ਪੈਦਾ ਕੀਤਾ।

ਵਿਦੇਸ਼ ਵਿਭਾਗ ਨੇ ਦੱਸਿਆ ਕਿ ਇਹ ਵੀਜ਼ੇ ਲਗਾਤਾਰ ਕੀਤੀ ਜਾ ਰਹੀ ਜਾਂਚ ਅਤੇ ਵੈਟਿੰਗ ਪ੍ਰਕਿਰਿਆ ਦੌਰਾਨ ਰੱਦ ਕੀਤੇ ਗਏ ਹਨ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵੀਜ਼ਾ ਧਾਰਕ ਅਮਰੀਕੀ ਕਾਨੂੰਨਾਂ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਅਤੇ ਅਮਰੀਕੀ ਨਾਗਰਿਕਾਂ ਲਈ ਖ਼ਤਰਾ ਨਾ ਬਣਨ। ਹਾਲਾਂਕਿ, ਦੇਸ਼-ਵਾਰ ਵੀਜ਼ਾ ਰੱਦ ਕੀਤੇ ਜਾਣ ਦੇ ਅੰਕੜੇ ਤੁਰੰਤ ਜਾਰੀ ਨਹੀਂ ਕੀਤੇ ਗਏ।

ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਅਧਿਕਾਰ ਨਹੀਂ, ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ। ਰੱਦ ਕੀਤੇ ਗਏ ਵੀਜ਼ਿਆਂ ਵਿੱਚ ਵੱਡੀ ਗਿਣਤੀ ਅਜਿਹੇ ਮਾਮਲਿਆਂ ਨਾਲ ਸਬੰਧਤ ਹੈ, ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਵਿੱਚ ਮਾਰਕੁੱਟ, ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ, ਚੋਰੀ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧ ਮੁੱਖ ਹਨ। ਇਸ ਤੋਂ ਇਲਾਵਾ ਲਾਪਰਵਾਹੀ ਨਾਲ ਗੱਡੀ ਚਲਾਉਣ, ਜਿਨਸੀ ਹਮਲੇ, ਬਾਲ ਸ਼ੋਸ਼ਣ, ਧੋਖਾਧੜੀ ਅਤੇ ਗਬਨ ਵਰਗੇ ਮਾਮਲਿਆਂ ਵਿੱਚ ਵੀ ਵੀਜ਼ੇ ਰੱਦ ਕੀਤੇ ਗਏ ਹਨ।

ਵਿਦੇਸ਼ ਵਿਭਾਗ ਨੇ ਕੁਝ ਗੰਭੀਰ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਹੈ। ਇਨ੍ਹਾਂ ਵਿੱਚ ਅਜਿਹੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ, ਜਿਨ੍ਹਾਂ ’ਤੇ ਜਬਰ ਜਨਾਹ, ਜਿਨਸੀ ਹਮਲੇ, ਕਿਡਨੈਪਿੰਗ, ਮਨੁੱਖੀ ਤਸਕਰੀ ਅਤੇ ਨਾਬਾਲਗਾਂ ਦੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਸਨ।

ਇਸ ਤੋਂ ਇਲਾਵਾ ਵਿਭਾਗ ਨੇ ‘ਬਰਥ ਟੂਰਿਜ਼ਮ’ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਉੱਤਰੀ ਅਫਰੀਕਾ ਸਥਿਤ ਇੱਕ ਅਮਰੀਕੀ ਦੂਤਾਵਾਸ ਨੇ 100 ਤੋਂ ਵੱਧ ਅਜਿਹੇ ਮਾਪਿਆਂ ਦੇ ਵੀਜ਼ੇ ਰੱਦ ਕੀਤੇ, ਜਿਨ੍ਹਾਂ ਬਾਰੇ ਕਿਹਾ ਗਿਆ ਕਿ ਉਹ ਮੁੱਖ ਤੌਰ ’ਤੇ ਇਸ ਮਕਸਦ ਨਾਲ ਅਮਰੀਕਾ ਆਏ ਸਨ ਕਿ ਉੱਥੇ ਬੱਚੇ ਦੇ ਜਨਮ ਰਾਹੀਂ ਉਸ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ।

ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਵਿਦੇਸ਼ ਨੀਤੀ ਦੇ ਆਧਾਰ ’ਤੇ ਦੇਸ਼ ਨਿਕਾਲੇ ਲਈ ਯੋਗ ਮੰਨਿਆ ਹੈ। ਇਨ੍ਹਾਂ ਵਿੱਚ ਕਿਊਬਾ ਦੀ ਕਮਿਊਨਿਸਟ ਸਰਕਾਰ ਨਾਲ ਸਬੰਧ ਰੱਖਣ ਵਾਲਾ ਇੱਕ ਕਿਊਬਾਈ ਨਾਗਰਿਕ ਅਤੇ ਈਰਾਨੀ ਸ਼ਾਸਨ ਨਾਲ ਸਬੰਧਾਂ ਵਾਲੇ ਕੁਝ ਈਰਾਨੀ ਨਾਗਰਿਕ ਵੀ ਸ਼ਾਮਲ ਹਨ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਅਤੇ ਵਿਦੇਸ਼ ਮੰਤਰੀ ਰੂਬੀਓ ਦੀ ਅਗਵਾਈ ਹੇਠ ਅਮਰੀਕੀ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਵਾਲੇ ਜਾਂ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਵੀਜ਼ੇ ਰੱਦ ਕਰਨ ਦੀ ਕਾਰਵਾਈ ਜਾਰੀ ਰਹੇਗੀ।

Comments

Leave A Comment

Required fields are marked (*).

Related

Talk to us?