ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਦੇ ਉਹ ਫੈਸਲੇ ਲਈ ਤਿੱਖੀ ਆਲੋਚਨਾ ਕੀਤੀ ਜਿਸ ਅਨੁਸਾਰ ਘਰੇਲੂ H-1B ਵੀਜ਼ਾ ਰਿਨਿਊਅਲ ਪਾਇਲਟ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਉਹੀ ਪ੍ਰੋਗਰਾਮ ਸੀ ਜਿਸ ਦਾ ਉਹ ਜ਼ੋਰਦਾਰ ਸਮਰਥਨ ਕਰ ਰਹੇ ਸਨ। ਉਨ੍ਹਾਂ ਨੇ ਇਸਨੂੰ ਇਮੀਗ੍ਰੈਂਟ ਕਾਮਿਆਂ, ਵਪਾਰਾਂ ਅਤੇ ਅਮਰੀਕੀ ਅਰਥਵਿਵਸਥਾ ਲਈ ਇੱਕ ਝਟਕਾ ਕਰਾਰ ਦਿੱਤਾ।
ਕ੍ਰਿਸ਼ਨਾਮੂਰਤੀ ਨੇ ਕਿਹਾ, “H-1B ਰਿਨਿਊਅਲ ਪਾਇਲਟ ਪ੍ਰੋਗਰਾਮ ਇੱਕ ਅਜਿਹਾ ਉਪਰਾਲਾ ਸੀ, ਜਿਸ ਨਾਲ ਸਰਕਾਰ ਵਧੀਆ ਢੰਗ ਨਾਲ ਕੰਮ ਕਰ ਰਹੀ ਸੀ, ਕਰਮਚਾਰੀਆਂ ਅਤੇ ਕਾਰੋਬਾਰਾਂ ਲਈ ਬੈਕਲਾਗ ਨੂੰ ਘਟਾਇਆ ਅਤੇ ਸਾਡੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਮਜ਼ਬੂਤ ਹੋ ਰਹੀ ਸੀ, ਜਿਸ ਨਾਲ ਸਾਡੀ ਅਰਥਵਿਵਸਥਾ ਨੂੰ ਫ਼ਾਇਦਾ ਹੋ ਰਿਹਾ ਸੀ ਅਤੇ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਤਿਆਰ ਹੋ ਰਹੀਆਂ ਸਨ।” ਉਹਨਾਂ ਕਿਹਾ, "ਸਾਡੇ ਦੋ-ਪੱਖੀ ਪੱਤਰ ਵਿੱਚ ਇਸ ਸਫਲ ਪ੍ਰੋਗਰਾਮ ਦਾ ਵਿਸਥਾਰ ਕਰਨ ਦੀ ਅਪੀਲ ਦੀ ਬਜਾਏ, ਟਰੰਪ ਪ੍ਰਸ਼ਾਸਨ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।”
ਵਿਭਾਗ ਨੇ ਹਾਲ ਹੀ ਵਿੱਚ ਇੱਕ ਪੱਤਰ ਦਾ ਜਵਾਬ ਦਿੱਤਾ, ਜਿਸ ਵਿੱਚ ਪਾਇਲਟ ਪ੍ਰੋਗਰਾਮ ਨੂੰ ਵਧਾਉਣ ਲਈ ਜ਼ੋਰ ਪਾਇਆ ਗਿਆ ਸੀ। ਪਰ ਜਵਾਬ ਵਿੱਚ ਕਿਹਾ ਗਿਆ ਕਿ ਪ੍ਰੋਗਰਾਮ ਨੂੰ ਨਾ ਤਾਂ ਜਾਰੀ ਰੱਖਿਆ ਜਾਵੇਗਾ ਅਤੇ ਨਾ ਹੀ ਵਿਸਥਾਰ ਕੀਤਾ ਜਾਵੇਗਾ, ਸਗੋਂ ਉਮੀਦਵਾਰਾਂ ਨੂੰ ਰਿਨਿਊਅਲ ਲਈ ਵਿਦੇਸ਼ ਜਾਣਾ ਪਵੇਗਾ।
ਕ੍ਰਿਸ਼ਨਾਮੂਰਤੀ ਨੇ ਕਿਹਾ, "ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਨਾਉਣ ਲਈ ਹਕੀਕਤ-ਅਧਾਰਤ ਅਤੇ ਦੋ-ਪੱਖੀ ਰਿਫਾਰਮ ਲਿਆਉਣ ਦੀ ਲੋੜ ਕਾਫੀ ਸਮੇਂ ਤੋਂ ਸੀ ਅਤੇ ਮੈਂ ਅਜਿਹੀਆਂ ਨੀਤੀਆਂ ਲਈ ਲੜਾਈ ਜਾਰੀ ਰਖਾਂਗਾ ਜੋ ਸਾਡੀ ਅਰਥਵਿਵਸਥਾ ਨੂੰ ਵਧਾਉਣ, ਇਮੀਗ੍ਰੈਂਟ ਭਾਈਚਾਰਿਆਂ ਦੇ ਯੋਗਦਾਨ ਦਾ ਸਨਮਾਨ ਕਰਨ ਅਤੇ ਪ੍ਰਣਾਲੀ ਨੂੰ 21ਵੀਂ ਸਦੀ ਵਿੱਚ ਲਿਆਉਣ ਵਿੱਚ ਮਦਦਗਾਰ ਹੋਣ।”
ਮਈ ਵਿੱਚ, ਕ੍ਰਿਸ਼ਨਾਮੂਰਤੀ ਨੇ ਰਿਪ੍ਰੀਜ਼ੈਂਟੇਟਿਵ ਸੁਹਾਸ ਸੁਬਰਾਮਨੀਅਮ ਅਤੇ ਰਿਚ ਮੈਕਕੋਰਮਿਕ ਨਾਲ ਮਿਲ ਕੇ ਇਕ ਦੋ-ਪੱਖੀ ਗਠਜੋੜ ਦੀ ਅਗਵਾਈ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਵਿਦੇਸ਼ ਮੰਤਰੀ ਮਾਰਕੋ ਰੁਬਿਓ ਨੂੰ 2024 ਦੇ ਰਿਨਿਊਅਲ ਪਾਇਲਟ ਪ੍ਰੋਗਰਾਮ ਨੂੰ ਹੋਰ ਵੀਜ਼ਾ ਸ਼੍ਰੇਣੀਆਂ ਵਿੱਚ ਵਧਾਉਣ ਦੀ ਮੰਗ ਕੀਤੀ ਸੀ। ਦਲੀਲ ਸੀ ਕਿ ਘਰੇਲੂ ਰਿਨਿਊਅਲ ਨਾਲ ਵਿਦੇਸ਼ੀ ਕੌਂਸਲੇਟਾਂ ਵਿੱਚ ਭੀੜ ਘੱਟ ਹੋਵੇਗੀ, ਮਾਲਕਾਂ ਅਤੇ ਕਰਮਚਾਰੀਆਂ 'ਤੇ ਬੋਝ ਘਟੇਗਾ ਅਤੇ ਅਮਰੀਕਾ ਦੀ ਵਿਸ਼ਵ ਭਰ ਦੀ ਪ੍ਰਤਿਭਾ ਨੂੰ ਆਕਰਸ਼ਤ ਕਰਨ ਦੀ ਲੀਡ ਬਣੀ ਰਹੇਗੀ।
Comments
Start the conversation
Become a member of New India Abroad to start commenting.
Sign Up Now
Already have an account? Login