ਪਰਵਾਸੀ ਸੰਸਦ ਮੈਂਬਰਾਂ ਨੇ ਮਨਾਇਆ ਅਮਰੀਕਾ ਦਾ ਆਜ਼ਾਦੀ ਦਿਵਸ / X/@RepCarlos
ਅਮਰੀਕਾ ਦੀ ਆਜ਼ਾਦੀ ਦੇ 250ਵੇਂ ਵਰ੍ਹੇ ਮੌਕੇ ਪਰਵਾਸੀਆਂ ਦੀਆਂ ਕਹਾਣੀਆਂ ਚਰਚਾ ਦਾ ਕੇਂਦਰ ਰਹੀਆਂ। ਇਸ ਮੌਕੇ ਰਿਪਬਲਿਕਨ ਕਾਂਗਰਸ ਮੈਂਬਰ ਕਾਰਲੋਸ ਜਿਮੇਨੇਜ਼ ਅਤੇ ਡੈਮੋਕ੍ਰੈਟਿਕ ਕਾਂਗਰਸ ਮੈਂਬਰ ਐਡਰੀਆਨੋ ਐਸਪਾਇਲਾਟ ਨੇ ਆਪਣੇ ਪਰਵਾਸੀ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕਾਨੂੰਨੀ ਪਰਵਾਸ ਅਮਰੀਕਾ ਦੀ ਪਛਾਣ ਅਤੇ ਭਵਿੱਖ ਦਾ ਅਹਿਮ ਹਿੱਸਾ ਹੈ।
ਸੀਬੀਐੱਸ ਦੇ ਪ੍ਰੋਗਰਾਮ 'ਫੇਸ ਦ ਨੇਸ਼ਨ' ਵਿੱਚ ਗੱਲਬਾਤ ਦੌਰਾਨ ਫਲੋਰਿਡਾ ਤੋਂ ਰਿਪਬਲਿਕਨ ਸੰਸਦ ਮੈਂਬਰ ਕਾਰਲੋਸ ਜਿਮੇਨੇਜ਼ ਨੇ ਦੱਸਿਆ ਕਿ ਉਹ ਕਰੀਬ ਸੱਤ ਸਾਲ ਦੀ ਉਮਰ ਵਿੱਚ ਫਿਡੇਲ ਕਾਸਤਰੋ ਦੇ ਕਮਿਊਨਿਸਟ ਸ਼ਾਸਨ ਤੋਂ ਬਾਅਦ ਆਪਣੇ ਪਰਿਵਾਰ ਨਾਲ ਕਿਊਬਾ ਛੱਡ ਕੇ ਅਮਰੀਕਾ ਆਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਆਜ਼ਾਦੀ ਅਤੇ ਬਿਹਤਰ ਭਵਿੱਖ ਦੇਣ ਲਈ ਅਮਰੀਕਾ ਆਏ ਸਨ। ਉਨ੍ਹਾਂ ਨੂੰ ਆਪਣਾ ਪਹਿਲਾ ਸਕੂਲੀ ਦਿਨ ਅੱਜ ਵੀ ਯਾਦ ਹੈ, ਜਦੋਂ ਉਹ ਅੰਗਰੇਜ਼ੀ ਦਾ ਇੱਕ ਵੀ ਸ਼ਬਦ ਨਹੀਂ ਜਾਣਦੇ ਸਨ।
ਨਿਊਯਾਰਕ ਤੋਂ ਡੈਮੋਕ੍ਰੈਟਿਕ ਕਾਂਗਰਸ ਮੈਂਬਰ ਐਡਰੀਆਨੋ ਐਸਪਾਇਲਾਟ ਨੇ ਦੱਸਿਆ ਕਿ ਉਹ ਨੌਂ ਸਾਲ ਦੀ ਉਮਰ ਵਿੱਚ ਡੋਮਿਨਿਕਨ ਰਿਪਬਲਿਕ ਤੋਂ ਅਮਰੀਕਾ ਆਏ ਸਨ। ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਵੀ ਅੰਗਰੇਜ਼ੀ ਨਾ ਜਾਣਨ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੌਲੀ-ਹੌਲੀ ਉਹ ਨਵੇਂ ਮਾਹੌਲ ਵਿੱਚ ਰਲ-ਮਿਲ ਗਏ।
ਦੋਵਾਂ ਸੰਸਦ ਮੈਂਬਰਾਂ ਨੇ ਆਪਣੇ ਪਰਿਵਾਰਾਂ ਨੂੰ ਆਪਣੀ ਸਫ਼ਲਤਾ ਦਾ ਸਿਹਰਾ ਦਿੱਤਾ। ਐਸਪਾਇਲਾਟ ਨੇ ਕਿਹਾ ਕਿ ਉਨ੍ਹਾਂ ਦੀ ਦਾਦੀ ਪਰਿਵਾਰ ਦੀ ਪਹਿਲੀ ਅਮਰੀਕੀ ਨਾਗਰਿਕ ਸੀ ਅਤੇ ਉਹ ਹਮੇਸ਼ਾ ਅਮਰੀਕਾ ਨੂੰ ਮੌਕਿਆਂ ਦੀ ਧਰਤੀ ਦੱਸਦੀ ਸੀ।
ਭਾਵੇਂ ਦੋਵੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਤ ਹਨ, ਪਰ ਉਨ੍ਹਾਂ ਨੇ ਇਮੀਗ੍ਰੇਸ਼ਨ ਸੁਧਾਰ ਦੀ ਲੋੜ 'ਤੇ ਸਹਿਮਤੀ ਜਤਾਈ। ਜਿਮੇਨੇਜ਼ ਨੇ ਕਿਹਾ ਕਿ ਜੋ ਲੋਕ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਅਤੇ ਸਮਾਜ ਦਾ ਹਿੱਸਾ ਬਣ ਚੁੱਕੇ ਹਨ, ਉਨ੍ਹਾਂ ਨੂੰ ਕਾਨੂੰਨੀ ਦਰਜਾ ਦੇਣ ਦਾ ਰਾਹ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਡਰ ਤੋਂ ਮੁਕਤ ਹੋ ਕੇ ਜੀਵਨ ਬਤੀਤ ਕਰ ਸਕਣ। ਉੱਥੇ ਹੀ ਐਸਪਾਇਲਾਟ ਨੇ ਡ੍ਰੀਮਰਜ਼, ਖੇਤੀਬਾੜੀ ਮਜ਼ਦੂਰਾਂ ਅਤੇ ਪਰਿਵਾਰਾਂ ਨੂੰ ਇਕੱਠੇ ਰੱਖਣ ਲਈ ਦੋਵਾਂ ਪਾਰਟੀਆਂ ਨੂੰ ਮਿਲ ਕੇ ਹੱਲ ਲੱਭਣ ਦੀ ਅਪੀਲ ਕੀਤੀ।
ਦੋਵਾਂ ਨੇ ਭਵਿੱਖ ਦੇ ਪਰਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਆਉਣ। ਉਨ੍ਹਾਂ ਕਿਹਾ ਕਿ ਪਰਵਾਸੀ ਆਪਣੇ ਨਾਲ ਨਵੇਂ ਵਿਚਾਰ, ਨਵੀਂ ਊਰਜਾ ਅਤੇ ਨਵੀਆਂ ਸੰਭਾਵਨਾਵਾਂ ਲਿਆਉਂਦੇ ਹਨ ਅਤੇ ਇਹੀ ਵਿਭਿੰਨਤਾ ਅਮਰੀਕਾ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login