ADVERTISEMENT

ADVERTISEMENT

2025 ਵਿੱਚ ਸੁਰਖੀਆਂ ਵਿੱਚ ਆਈਆਂ ਪੰਜ ਸ਼ਖ਼ਸੀਅਤਾਂ

Representative Image / AI image

ਸੀਰੀਆ ਦੇ ਜਿਹਾਦੀ ਤੋਂ ਰਾਜਨੇਤਾ ਬਣੇ ਅਹਿਮਦ ਅਲ-ਸ਼ਰਾ ਤੋਂ ਲੈ ਕੇ ਐਪਸਟੀਨ ਮਾਮਲੇ ਦੀ ਮੁੱਖ ਪੀੜਤ ਵਜੋਂ ਸਾਹਮਣੇ ਆਈ ਵਰਜੀਨੀਆ ਗਿਊਫਰੇ ਤੱਕ, ਇਹ ਹਨ ਉਹ ਪੰਜ ਸ਼ਖ਼ਸੀਅਤਾਂ ਜੋ 2025 ਵਿੱਚ ਸੁਰਖੀਆਂ ਵਿੱਚ ਆਈਆਂ:-

1. ਅਹਿਮਦ ਅਲ-ਸ਼ਾਰਾ 

ਕਿਸੇ ਸਮੇਂ ਅਬੂ ਮੁਹੰਮਦ ਅਲ-ਜੋਲਾਨੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇੱਕ ਸਾਬਕਾ ਜਿਹਾਦੀ- ਅਹਿਮਦ ਅਲ-ਸ਼ਾਰਾ ਅੱਜ ਸੀਰੀਆ ਦਾ ਅੰਤਰਿਮ ਰਾਸ਼ਟਰਪਤੀ ਹੈ। 8 ਦਸੰਬਰ 2024 ਨੂੰ ਦਮਿਸ਼ਕ ਵਿੱਚ ਦਾਖਲ ਹੋ ਕੇ ਉਨ੍ਹਾਂ ਨੇ ਬਸ਼ਰ ਅਲ-ਅਸਦ ਦੇ ਦਹਾਕਿਆਂ ਪੁਰਾਣੇ ਸ਼ਾਸਨ ਨੂੰ ਖਤਮ ਕੀਤਾ। ਉਨ੍ਹਾਂ ਨੇ ਤੇਜ਼ੀ ਨਾਲ ਆਪਣੀ ਪਕੜ ਮਜ਼ਬੂਤ ਕੀਤੀ ਅਤੇ ਪੰਜ ਸਾਲਾਂ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਇੱਕ ਅਜਿਹੀ ਸਰਕਾਰ ਬਣਾਈ, ਜਿਸ ਵਿੱਚ ਉਹਨਾਂ ਦੇ ਸਾਥੀ ਮਹੱਤਵਪੂਰਨ ਅਹੁਦਿਆਂ ‘ਤੇ ਹਨ, ਹਾਲਾਂਕਿ ਦੇਸ਼ ਦੇ ਕੁਝ ਹਿੱਸੇ ਅਜੇ ਵੀ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹਨ।

ਅਲਾਵਾਈਟ ਅਤੇ ਦਰੂਜ਼ ਘੱਟਗਿਣਤੀਆਂ ਵਿਰੁੱਧ ਇਸ ਸਾਲ ਹੋਈ ਹਿੰਸਾ ਦੇ ਬਾਵਜੂਦ, ਅੰਤਰਰਾਸ਼ਟਰੀ ਭਾਈਚਾਰੇ ਨੇ ਵੱਡੇ ਪੱਧਰ ‘ਤੇ ਉਹਨਾਂ ਦਾ ਸਵਾਗਤ ਕੀਤਾ। ਤੁਰਕੀ ਅਤੇ ਫ਼ਰਾਂਸ ਸਮੇਤ ਕਈ ਦੇਸ਼ਾਂ ਨੇ ਸ਼ਾਰਾ ਦੀ ਮੇਜ਼ਬਾਨੀ ਕੀਤੀ। ਸਤੰਬਰ ਵਿੱਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਵੀ ਸੰਬੋਧਨ ਕੀਤਾ। ਨਵੰਬਰ ਵਿੱਚ ਵ੍ਹਾਈਟ ਹਾਊਸ ਦਾ ਦੌਰਾ ਸ਼ਾਰਾ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ, ਇੱਕ ਅਜਿਹਾ ਵਿਅਕਤੀ, ਜਿਸ ਦੇ ਸਿਰ ‘ਤੇ ਕਦੇ 1 ਕਰੋੜ ਡਾਲਰ ਦਾ ਅਮਰੀਕੀ ਇਨਾਮ ਰੱਖਿਆ ਗਿਆ ਸੀ, ਉਹ ਅਮਰੀਕਾ ਦਾ ਖਾਸ ਮਹਿਮਾਨ ਬਣਿਆ।

2. ਮਿਸਟਰ ਬੀਸਟ 

2025 ਵਿੱਚ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਡਿਜ਼ਿਟਲ ਕਨਟੈਂਟ ਕ੍ਰਿਏਟਰ ਨੇ ਮਨੋਰੰਜਨ ਪਾਰਕ, ਐਨੀਮੇਟਡ ਸੀਰੀਜ਼ ਅਤੇ ਖਿਡੌਣਿਆਂ ਦੇ ਬ੍ਰਾਂਡ ਵਰਗੇ ਵਿਸ਼ਾਲ ਪ੍ਰੋਜੈਕਟ ਸ਼ੁਰੂ ਕੀਤੇ। ਯੂਟਿਊਬ ‘ਤੇ 45 ਕਰੋੜ ਤੋਂ ਵੱਧ ਸਬਸਕ੍ਰਾਈਬਰਾਂ ਨਾਲ ਨੰਬਰ ਇੱਕ ‘ਜਿਮੀ ਡੋਨਾਲਡਸਨ’ (ਜਿਸ ਨੂੰ ਮਿਸਟਰ ਬੀਸਟ ਕਿਹਾ ਜਾਂਦਾ ਹੈ) ਦਾ ਸਾਮਰਾਜ ਚਾਕਲੇਟ ਬ੍ਰਾਂਡਾਂ ਤੋਂ ਲੈ ਕੇ ਮਨੋਰੰਜਨ ਪਾਰਕਾਂ ਤੱਕ ਫੈਲਿਆ ਹੋਇਆ ਹੈ। ਚਾਕਲੇਟ ਬ੍ਰਾਂਡ ਤੋਂ ਇਲਾਵਾ ਇਸ ਸਾਮਰਾਜ ਵਿਚ ਰੈਸਟੋਰੈਂਟ ਚੇਨ ਅਤੇ ਐਮਾਜ਼ਾਨ ਪ੍ਰਾਈਮ ਦੀ ਇੱਕ ਸੀਰੀਜ਼ ਵੀ ਸ਼ਾਮਲ ਹੈ।

27 ਸਾਲਾ ਅਮਰੀਕੀ ਕ੍ਰਿਏਟਰ ਨੇ ਅਮਰੀਕਾ ਵਿੱਚ ਸੋਸ਼ਲ ਮੀਡੀਆ ਪਲੇਟਫ਼ਾਰਮ ਟਿਕਟੌਕ ਨੂੰ ਖਰੀਦਣ ਦੀ ਦੌੜ ਵਿੱਚ ਖੁਦ ਨੂੰ ਸੰਭਾਵੀ ਦਾਅਵੇਦਾਰ ਵਜੋਂ ਵੀ ਪੇਸ਼ ਕੀਤਾ। ਸ਼ੁਰੂਆਤ ਵਿੱਚ ਯਾਤਰਾ ਅਤੇ ਪ੍ਰੈਂਕ ਵੀਡੀਓਜ਼ ਬਣਾਉਣ ਵਾਲੇ ਮਿਸਟਰ ਬੀਸਟ ਦੀ ਸਤੰਬਰ ਵਿੱਚ ਉਸ ਦੀ ਹੀ ਇਕ ਵੀਡੀਓ “Would You Risk Your Life for $500,000?” ‘ਤੇ ਆਲੋਚਨਾ ਹੋਈ, ਜਿੱਥੇ ਕੁਝ ਆਲੋਚਕਾਂ ਨੇ ਮਨੋਰੰਜਨ ਲਈ ਜਾਨ ਨੂੰ ਖ਼ਤਰੇ ‘ਚ ਪਾਉਣ ਦੇ ਦੋਸ਼ ਲਗਾਏ। ਫੋਰਬਸ ਅਨੁਸਾਰ ਉਨ੍ਹਾਂ ਦੀ ਸੰਪਤੀ ਲਗਭਗ ਅੱਧਾ ਬਿਲੀਅਨ ਡਾਲਰ ਹੈ।

3. ਮਾਰੀਆ ਕੋਰੀਨਾ ਮਾਚਾਡੋ 

ਵੇਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਾਚਾਡੋ (ਜੋ ਇਸ ਸਮੇਂ ਗੁਪਤ ਥਾਂ ‘ਤੇ ਰਹਿ ਰਹੀ ਹੈ) ਨੂੰ ਲੋਕਤੰਤਰ ਲਈ ਉਨ੍ਹਾਂ ਦੇ ਸੰਘਰਸ਼ ਸਦਕਾ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ।  58 ਸਾਲਾ ਮਾਚਾਡੋ ਨੇ ਕਦੇ ਵੀ ਰਾਸ਼ਟਰਪਤੀ ਨਿਕੋਲਸ ਮਾਦੁਰੋ (ਜਿਸ ‘ਤੇ ਲਗਾਤਾਰ ਵੋਟਾਂ ਚੋਰੀ ਕਰਨ ਅਤੇ ਵਿਰੋਧੀਆਂ ਨੂੰ ਕੈਦ ਕਰਨ ਦੇ ਦੋਸ਼ ਹਨ) ਅਤੇ ਉਸ ਦੇ ਸਮਾਜਵਾਦੀ ਸਾਥੀ ਹੁਗੋ ਚਾਵੇਜ਼ ਦੀ ਆਲੋਚਨਾ ਕਰਨ ਤੋਂ ਪਰਹੇਜ਼ ਨਹੀਂ ਕੀਤਾ। ਹਾਲਾਂਕਿ, ਯੂਰਪ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਸ ਦੀ ਨਜ਼ਦੀਕੀ ਕਾਰਨ ਉਹ ਜਾਂਚ ਦੇ ਘੇਰੇ ‘ਚ ਵੀ ਆਈ।

ਪੇਸ਼ੇ ਨਾਲ ਇੰਜੀਨੀਅਰ ਮਾਚਾਡੋ ਵਿੱਚ, ਰਾਕਸਟਾਰ ਵਰਗੀ ਲੋਕਪ੍ਰਿਯਤਾ ਅਤੇ ਜੋਸ਼ੀਲੇ ਭਾਸ਼ਣਾਂ ਰਾਹੀਂ ਵੱਡੀਆਂ ਭੀੜਾਂ ਨੂੰ ਇਕੱਠਾ ਕਰਨ ਦੀ ਕਾਬਲੀਅਤ ਹੈ। ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੀ ਉਮੀਦਵਾਰ ਸੀ, ਪਰ ਉਸ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਗਿਆ। 10 ਅਕਤੂਬਰ 2025 ਨੂੰ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ, ਜੋ ਵੇਨੇਜ਼ੁਏਲਾ ਵਿੱਚ ਲੋਕਤੰਤਰੀ ਲਹਿਰ ਲਈ ਇੱਕ ਵੱਡੀ ਜਿੱਤ ਹੈ।

4. ਓਲੇਕਸੈਂਡਰ ਉਸਿਕ 

ਯੂਕਰੇਨੀ ਮੁੱਕੇਬਾਜ਼ ਓਲੇਕਸੈਂਡਰ ਉਸਿਕ ਨੇ ਜੁਲਾਈ 2025 ਵਿੱਚ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਡੇਨੀਅਲ ਡੁਬੋਇਸ ਨੂੰ ਪੰਜਵੇਂ ਰਾਊਂਡ ਵਿੱਚ ਨਾਕਆਊਟ (KO) ਕਰਕੇ ਇਤਿਹਾਸ ਰਚਿਆ। 38 ਸਾਲ ਦੀ ਉਮਰ ਵਿੱਚ ਉਹ ਦੂਜੀ ਵਾਰ 'ਅਨਡਿਸਪਿਊਟਿਡ ਹੈਵੀਵੇਟ ਚੈਂਪੀਅਨ' ਬਣੇ। ਉਨ੍ਹਾਂ ਨੇ ਆਪਣੀ ਇਸ ਜਿੱਤ ਨੂੰ ਰੂਸ ਵਿਰੁੱਧ ਲੜ ਰਹੇ ਯੂਕਰੇਨੀ ਸੈਨਿਕਾਂ ਨੂੰ ਸਮਰਪਿਤ ਕੀਤਾ। ਉਸਿਕ ਨੇ ਆਪਣੀ ਸੰਸਥਾ ਰਾਹੀਂ ਯੂਕਰੇਨ ਦੇ ਮੁੜ ਨਿਰਮਾਣ ਲਈ ਲੱਖਾਂ ਯੂਰੋ ਇਕੱਠੇ ਕੀਤੇ ਹਨ। 

5. ਵਰਜੀਨੀਆ ਜਿਊਫਰੇ 

ਜੈਫਰੀ ਐਪਸਟੀਨ ਅਤੇ ਪ੍ਰਿੰਸ ਐਂਡਰਿਊ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਵਰਜੀਨੀਆ ਜਿਊਫਰੇ ਦੀ ਇਸ ਸਾਲ ਅਪ੍ਰੈਲ ਵਿੱਚ 41 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਲਗਭਗ 15 ਸਾਲਾਂ ਤੱਕ ਉਨ੍ਹਾਂ ਨੇ ਕਿਹਾ ਕਿ ਨਾਬਾਲਗ ਦੀ ਉਮਰ ਵਿਚ ਉਸ ਨਾਲ ਐਪਸਟੀਨ ਵੱਲੋਂ ਜ਼ਬਰਦਸਤੀ ਕੀਤੀ ਗਈ ਅਤੇ ਉਸ ਨੂੰ ਉਸ ਦੇ ਤਾਕਤਵਰ ਦੋਸਤਾਂ, ਜਿਨ੍ਹਾਂ ਵਿੱਚ ਤਤਕਾਲੀ ਸ਼ਹਿਜ਼ਾਦਾ ਐਂਡਰਿਊ ਵੀ ਸ਼ਾਮਲ ਸੀ, ਵੱਲੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ। 

ਐਪਸਟੀਨ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਟ੍ਰਾਇਲ ਦੀ ਉਡੀਕ ਦੌਰਾਨ ਮਰ ਗਿਆ ਸੀ। ਉਸ ਦੀ ਸਾਥੀ ਗਿਸਲੇਨ ਮੈਕਸਵੈੱਲ 20 ਸਾਲ ਦੀ ਸਜ਼ਾ ਕੱਟ ਰਹੀ ਹੈ ਅਤੇ ਐਂਡਰਿਊ ਤੋਂ ਉਸ ਦੇ ਸਾਰੇ ਸ਼ਾਹੀ ਖ਼ਿਤਾਬ ਵਾਪਸ ਲਏ ਜਾ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਕਦੇ ਐਪਸਟੀਨ ਦੇ ਨਜ਼ਦੀਕੀ ਰਹੇ ਸਨ, ਅਜੇ ਵੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਹਨ। ਜਿਊਫਰੇ ਨੇ ਆਸਟ੍ਰੇਲੀਆ ਵਿੱਚ ਪਰਿਵਾਰ ਵਸਾਇਆ ਅਤੇ “Speak Out, Act, Reclaim” ਨਾਂ ਦੀ ਸੰਸਥਾ ਬਣਾਈ, ਜੋ ਮਨੁੱਖੀ ਤਸਕਰੀ ਅਤੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਦੀ ਮਦਦ ਕਰਦੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਅਕਤੂਬਰ 2025 ਵਿੱਚ ਉਨ੍ਹਾਂ ਦੀਆਂ ਯਾਦਾਂ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਨ੍ਹਾਂ ਨੇ ਦੁਨੀਆ ਭਰ ਵਿੱਚ ਨਿਆਂ ਪ੍ਰਣਾਲੀ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਅਪਰਾਧਾਂ 'ਤੇ ਨਵੀਂ ਚਰਚਾ ਛੇੜ ਦਿੱਤੀ।

Comments

Related