ADVERTISEMENT

ADVERTISEMENT

'ਐਡੋਬੀ’ ਦੇ ਧੁਰੇ: ਜੌਨ ਵਾਰਨੌਕ-ਚਾਰਲਸ ਗੇਸ਼ਕੇ ਅਤੇ ਸ਼ਾਂਤਨੂ ਨਾਰਾਇਣ

ਤਕਨਾਲੋਜੀ ਅਤੇ ਰਚਨਾਤਮਕਤਾ ਦੇ ਖੇਤਰ ਵਿੱਚ ‘ਐਡੋਬੀ’ ਇੱਕ ਅਜਿਹਾ ਨਾਂਅ ਹੈ ਜਿਸ ਨੇ ਪੂਰੀ ਦੁਨੀਆ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ।

 'ਐਡੋਬੀ’ ਦੇ ਧੁਰੇ: ਜੌਨ ਵਾਰਨੌਕ-ਚਾਰਲਸ ਗੇਸ਼ਕੇ ਅਤੇ ਸ਼ਾਂਤਨੂ ਨਾਰਾਇਣ 'ਐਡੋਬੀ’ ਦੇ ਧੁਰੇ: ਜੌਨ ਵਾਰਨੌਕ-ਚਾਰਲਸ ਗੇਸ਼ਕੇ ਅਤੇ ਸ਼ਾਂਤਨੂ ਨਾਰਾਇਣ / Photo Courtesy

ਅੱਜ ਦੇ ਡਿਜੀਟਲ ਯੁੱਗ ਵਿੱਚ ਜਦੋਂ ਵੀ ਅਸੀਂ ਕਿਸੇ ਤਸਵੀਰ ਨੂੰ ਸੰਪਾਦਿਤ ਕਰਨ, ਕਿਸੇ ਡਿਜੀਟਲ ਦਸਤਾਵੇਜ਼ ਫਾਈਲ ਨੂੰ ਖੋਲ੍ਹਣ ਜਾਂ ਡਿਜੀਟਲ ਨਕਸ਼ੇ ਅਤੇ ਡਿਜ਼ਾਈਨ ਤਿਆਰ ਕਰਨ ਬਾਰੇ ਸੋਚਦੇ ਹਾਂ, ਤਾਂ ਸਭ ਤੋਂ ਪਹਿਲਾਂ ਜੋ ਨਾਂਅ ਮਨ ਵਿੱਚ ਆਉਂਦਾ ਹੈ, ਉਹ ਹੈ ‘ਐਡੋਬੀ’। ਤਕਨਾਲੋਜੀ ਅਤੇ ਰਚਨਾਤਮਕਤਾ ਦੇ ਖੇਤਰ ਵਿੱਚ ‘ਐਡੋਬੀ’ ਇੱਕ ਅਜਿਹਾ ਨਾਂਅ ਹੈ ਜਿਸ ਨੇ ਪੂਰੀ ਦੁਨੀਆ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ। ਸੰਨ 1982 ਵਿੱਚ ਇੱਕ ਛੋਟੇ ਜਿਹੇ ਗੈਰੇਜ ਤੋਂ ਸ਼ੁਰੂ ਹੋਈ ਇਹ ਕੰਪਨੀ ਅੱਜ ਅਰਬਾਂ ਡਾਲਰਾਂ ਦੀ ਸੰਸਾਰਕ ਤਕਨਾਲੋਜੀ ਸੰਸਥਾ ਬਣ ਚੁੱਕੀ ਹੈ। ‘ਐਡੋਬੀ’ ਦਾ ਇਹ ਇਤਿਹਾਸਕ ਸਫ਼ਰ ਸਿਰਫ਼ ਤਕਨਾਲੋਜੀ ਦੀ ਪ੍ਰਗਤੀ ਦੀ ਕਹਾਣੀ ਨਹੀਂ ਹੈ, ਸਗੋਂ ਇਹ ਵੱਖ-ਵੱਖ ਦੌਰ ਦੇ ਮਹਾਨ ਆਗੂਆਂ, ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣ ਦੀ ਅਦੁੱਤੀ ਸਮਰੱਥਾ ਦੀ ਕਹਾਣੀ ਹੈ। ਇਸ ਸਫ਼ਰ ਵਿੱਚ ਕੰਪਨੀ ਦੀ ਨੀਂਹ ਰੱਖਣ ਵਾਲੇ ਸੰਸਥਾਪਕਾਂ ਤੋਂ ਲੈ ਕੇ ਇਸ ਨੂੰ ਆਧੁਨਿਕ ਜਾਲ-ਸੰਚਾਰ ਅਤੇ ਬੌਧਿਕ ਤਕਨਾਲੋਜੀ ਦੇ ਯੁੱਗ ਵਿੱਚ ਲਿਜਾਣ ਵਾਲੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਂਤਨੂ ਨਾਰਾਇਣ ਤੱਕ ਦੀ ਅਹਿਮ ਭੂਮਿਕਾ ਰਹੀ ਹੈ।

 

ਐਡੋਬੀ ਦੀ ਕਹਾਣੀ ਦਸੰਬਰ 1982 ਵਿੱਚ ਸ਼ੁਰੂ ਹੁੰਦੀ ਹੈ, ਜਦੋਂ ਦੋ ਪ੍ਰਤਿਭਾਸ਼ਾਲੀ ਵਿਗਿਆਨੀਆਂ, ਡਾਕਟਰ ਜੌਨ ਵਾਰਨੌਕ ਅਤੇ ਡਾਕਟਰ ਚਾਰਲਸ ਗੇਸ਼ਕੇ ਨੇ ਮੇਨਲੋ ਪਾਰਕ, ਕੈਲੀਫੋਰਨੀਆ ਵਿੱਚ ਆਪਣੀ ਕੰਪਨੀ ਦੀ ਸਥਾਪਨਾ ਕੀਤੀ। ਇਹ ਦੋਵੇਂ ਵਿਗਿਆਨੀ ਪ੍ਰਸਿੱਧ ‘ਜ਼ੇਰੋਕਸ ਪਾਰਕ’ ਖੋਜ ਕੇਂਦਰ ਵਿੱਚ ਇਕੱਠੇ ਕੰਮ ਕਰਦੇ ਸਨ। ਉੱਥੇ ਉਨ੍ਹਾਂ ਨੇ ਇੱਕ ਅਜਿਹੀ ਛਪਾਈ ਤਕਨਾਲੋਜੀ ਵਿਕਸਿਤ ਕੀਤੀ ਸੀ ਜੋ ਸੰਗਣਕ ਪਰਦੇ ’ਤੇ ਦਿਸਣ ਵਾਲੇ ਅੱਖਰਾਂ ਅਤੇ ਚਿੱਤਰਾਂ ਨੂੰ ਬਿਨਾਂ ਕਿਸੇ ਗੁਣਵੱਤਾ ਦੇ ਨੁਕਸਾਨ ਦੇ ਕਾਗਜ਼ ’ਤੇ ਛਾਪ ਸਕਦੀ ਸੀ। ਜਦੋਂ ਜ਼ੇਰੋਕਸ ਨੇ ਉਨ੍ਹਾਂ ਦੇ ਇਸ ਵਿਚਾਰ ਨੂੰ ਵਪਾਰਕ ਤੌਰ ’ਤੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਦੋਵਾਂ ਨੇ ਆਪਣੀ ਨੌਕਰੀ ਛੱਡ ਕੇ ਆਪਣੀ ਕੰਪਨੀ ਖੋਲ੍ਹਣ ਦਾ ਦਲੇਰਾਨਾ ਫੈਸਲਾ ਲਿਆ। ਕੰਪਨੀ ਦਾ ਨਾਂਅ ‘ਐਡੋਬੀ’ ਲੌਸ ਅਲਟੋਸ, ਕੈਲੀਫੋਰਨੀਆ ਵਿੱਚ ਜੌਨ ਵਾਰਨੌਕ ਦੇ ਘਰ ਦੇ ਪਿੱਛੇ ਵਹਿੰਦੀ ‘ਐਡੋਬੀ ਕ੍ਰੀਕ’ ਨਾਮਕ ਨਦੀ ਦੇ ਨਾਂਅ ’ਤੇ ਰੱਖਿਆ ਗਿਆ ਸੀ।

 

ਇਨ੍ਹਾਂ ਦੋਵਾਂ ਸੰਸਥਾਪਕਾਂ ਦਾ ਪਹਿਲਾ ਵੱਡਾ ਇਨਕਲਾਬ ‘ਪੋਸਟਸਕਿ੍ਰਪਟ’ ਭਾਸ਼ਾ ਦਾ ਨਿਰਮਾਣ ਸੀ। ਪੋਸਟਸਕਿ੍ਰਪਟ ਨੇ ਛਪਾਈ ਕ੍ਰਾਂਤੀ ਦੀ ਨੀਂਹ ਰੱਖੀ, ਜਿਸ ਨਾਲ ਆਮ ਲੋਕ ਵੀ ਆਪਣੇ ਸੰਗਣਕਾਂ ਤੋਂ ਪੇਸ਼ੇਵਰ ਮਿਆਰ ਦੀ ਛਪਾਈ ਕਰਨ ਦੇ ਯੋਗ ਹੋ ਗਏ। ਐਪਲ ਦੇ ਸੰਸਥਾਪਕ ਸਟੀਵ ਜੌਬਸ ਨੇ ਇਸ ਤਕਨਾਲੋਜੀ ਦੀ ਤਾਕਤ ਨੂੰ ਪਛਾਣਿਆ ਅਤੇ ‘ਐਡੋਬੀ’ ਦੇ ‘ਪੋਸਟਸਕਿ੍ਰਪਟ’ ਨੂੰ ਐਪਲ ਦੇ ਲੇਜ਼ਰ ਪਿ੍ਰੰਟਰ ਨਾਲ ਜੋੜਿਆ। ਇਸ ਸਾਂਝੇਦਾਰੀ ਨੇ ਛਪਾਈ ਦੀ ਦੁਨੀਆ ਵਿੱਚ ਇੱਕ ਨਵਾਂ ਇਨਕਲਾਬ ਲਿਆਂਦਾ। ਵਾਰਨੌਕ ਅਤੇ ਗੇਸ਼ਕੇ ਸਿਰਫ਼ ਤਕਨੀਕੀ ਮਾਹਰ ਹੀ ਨਹੀਂ ਸਨ, ਸਗੋਂ ਉਹ ਇੱਕ ਅਜਿਹੀ ਕਾਰਪੋਰੇਟ ਸੰਸਕਿ੍ਰਤੀ ਦੇ ਨਿਰਮਾਤਾ ਵੀ ਸਨ ਜਿਸ ਵਿੱਚ ਕਰਮਚਾਰੀਆਂ ਦੀ ਸਿਰਜਣਾਤਮਕਤਾ ਅਤੇ ਨਵੀਨਤਾ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਸੀ।

 

ਸੰਨ 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ, ਐਡੋਬੀ ਨੇ ਛਪਾਈ ਤਕਨਾਲੋਜੀ ਤੋਂ ਅੱਗੇ ਵਧ ਕੇ ਸਿਰਜਣਾਤਮਕ ਸਾਫ਼ਟਵੇਅਰਾਂ ਦੇ ਖੇਤਰ ਵਿੱਚ ਕਦਮ ਰੱਖਿਆ। ਸੰਨ 1987 ਵਿੱਚ ਐਡੋਬੀ ਨੇ ‘ਐਡੋਬੀ ਇਲਸਟ੍ਰੇਟਰ’ ਸ਼ੁਰੂ ਕੀਤਾ, ਜਿਸ ਨੇ ਡਿਜੀਟਲ ਕਲਾ ਅਤੇ ਡਿਜ਼ਾਈਨਿੰਗ ਲਈ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ। ਇਸ ਤੋਂ ਬਾਅਦ ਸੰਨ 1990 ਵਿੱਚ ‘ਐਡੋਬੀ ਫੋਟੋਸ਼ਾਪ’ ਲਾਂਚ ਕੀਤਾ ਗਿਆ, ਜਿਸ ਨੂੰ ਨੈਲਸਨ ਭਰਾਵਾਂ ਨੇ ਵਿਕਸਿਤ ਕੀਤਾ ਸੀ ਅਤੇ ਐਡੋਬੀ ਨੇ ਇਸ ਦੇ ਅਧਿਕਾਰ ਖਰੀਦ ਲਏ ਸਨ। ਫੋਟੋਸ਼ਾਪ ਨੇ ਤਸਵੀਰਾਂ ਦੇ ਸੁਧਾਰ ਅਤੇ ਡਿਜੀਟਲ ਕਲਾ ਦੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ। ਅੱਜ ਫੋਟੋਸ਼ਾਪ ਸ਼ਬਦ ਆਮ ਭਾਸ਼ਾ ਵਿੱਚ ਤਸਵੀਰ ਸੁਧਾਰਨ ਦੇ ਕੰਮ ਵਜੋਂ ਵਰਤਿਆ ਜਾਂਦਾ ਹੈ, ਜੋ ਇਸ ਸਾਫ਼ਟਵੇਅਰ ਦੀ ਅਥਾਹ ਲੋਕਪਿ੍ਰਅਤਾ ਦਾ ਸਬੂਤ ਹੈ।

 

ਐਡੋਬੀ ਦਾ ਇੱਕ ਹੋਰ ਯੁੱਗ-ਬਦਲੂ ਯੋਗਦਾਨ ਸੰਨ 1993 ਵਿੱਚ ਆਇਆ, ਜਦੋਂ ਜੌਨ ਵਾਰਨੌਕ ਨੇ ‘ਕੈਮਲੋਟ’ ਪ੍ਰੋਜੈਕਟ ਦੇ ਤਹਿਤ ਪੋਰਟੇਬਲ ਦਸਤਾਵੇਜ਼ ਫਾਰਮੈਟ ਯਾਨੀ ‘ਪੀ.ਡੀ.ਐੱਫ’ ਅਤੇ ‘ਐਡੋਬੀ ਐਕਰੋਬੈਟ’ ਦਾ ਨਿਰਮਾਣ ਕੀਤਾ। ਉਸ ਦੌਰ ਵਿੱਚ ਵੱਖ-ਵੱਖ ਸੰਗਣਕ ਪ੍ਰਣਾਲੀਆਂ ਵਿਚਕਾਰ ਦਸਤਾਵੇਜ਼ ਭੇਜਣਾ ਅਤੇ ਉਨ੍ਹਾਂ ਨੂੰ ਉਸੇ ਰੂਪ ਵਿੱਚ ਦੇਖਣਾ ਇੱਕ ਵੱਡੀ ਚੁਣੌਤੀ ਸੀ। ਪੀ.ਡੀ.ਐੱਫ. ਨੇ ਇਹ ਸੁਨਿਸ਼ਚਿਤ ਕੀਤਾ ਕਿ ਦਸਤਾਵੇਜ਼ ਚਾਹੇ ਕਿਸੇ ਵੀ ਸੰਗਣਕ ਜਾਂ ਛਪਾਈ ਮਸ਼ੀਨ ’ਤੇ ਖੋਲ੍ਹਿਆ ਜਾਵੇ, ਉਹ ਬਿਲਕੁਲ ਉਸੇ ਤਰ੍ਹਾਂ ਦਿਖਾਈ ਦੇਵੇਗਾ। ਸ਼ੁਰੂਆਤ ਵਿੱਚ ਇਹ ਤਕਨਾਲੋਜੀ ਜ਼ਿਆਦਾ ਸਫ਼ਲ ਨਹੀਂ ਹੋਈ, ਪਰ ਜਦੋਂ ਐਡੋਬੀ ਨੇ ‘ਐਕਰੋਬੈਟ ਰੀਡਰ’ ਨੂੰ ਮੁਫ਼ਤ ਕਰਨ ਦਾ ਫੈਸਲਾ ਕੀਤਾ, ਤਾਂ ਪੀ.ਡੀ.ਐੱਫ. ਦੁਨੀਆ ਭਰ ਵਿੱਚ ਡਿਜੀਟਲ ਦਸਤਾਵੇਜ਼ਾਂ ਦਾ ਵਿਸ਼ਵਵਿਆਪੀ ਮਿਆਰ ਬਣ ਗਿਆ।

 

ਸੰਨ 2000 ਦੇ ਦਹਾਕੇ ਦੇ ਸ਼ੁਰੂ ਵਿੱਚ, ਜਦੋਂ ਸੰਸਥਾਪਕਾਂ ਨੇ ਆਪਣੀ ਸਰਗਰਮ ਲੀਡਰਸ਼ਿਪ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ, ਤਾਂ ਬੋਸਟਨ ਕੰਸਲਟਿੰਗ ਗਰੁੱਪ ਦੇ ਸਾਬਕਾ ਖੋਜੀ ਬਰੂਸ ਚਿਜ਼ਨ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਜ਼ਿੰਮੇਵਾਰੀ ਸੰਭਾਲੀ। ਚਿਜ਼ਨ ਦੇ ਕਾਰਜਕਾਲ ਦੌਰਾਨ ਐਡੋਬੀ ਨੇ ਛਪਾਈ ਤੋਂ ਅੱਗੇ ਵਧ ਕੇ ਇੰਟਰਨੈੱਟ ਅਤੇ ਵੈੱਬ ਸਮੱਗਰੀ ਵੱਲ ਧਿਆਨ ਕੇਂਦਰਿਤ ਕੀਤਾ। 2003 ਵਿੱਚ, ਐਡੋਬੀ ਨੇ ਆਪਣੇ ਵੱਖ-ਵੱਖ ਸਿਰਜਣਾਤਮਕ ਸਾਫ਼ਟਵੇਅਰਾਂ ਨੂੰ ਇੱਕ ਛੱਤ ਹੇਠ ਲਿਆਉਂਦਿਆਂ ‘ਐਡੋਬੀ ਕਿ੍ਰਏਟਿਵ ਸੂਟ’ ਸ਼ੁਰੂ ਕੀਤਾ, ਜਿਸ ਵਿੱਚ ਫੋਟੋਸ਼ਾਪ, ਇਲਸਟ੍ਰੇਟਰ, ਇਨਡਿਜ਼ਾਈਨ ਅਤੇ ਐਕਰੋਬੈਟ ਸ਼ਾਮਲ ਸਨ।

 

ਚਿਜ਼ਨ ਦੇ ਦੌਰ ਦਾ ਸਭ ਤੋਂ ਵੱਡਾ ਅਤੇ ਰਣਨੀਤਕ ਫੈਸਲਾ 2005 ਵਿੱਚ ਆਪਣੇ ਸਭ ਤੋਂ ਵੱਡੇ ਪ੍ਰਤੀਯੋਗੀ ‘ਮੈਕਰੋਮੀਡੀਆ’ ਨੂੰ 3.4 ਅਰਬ ਡਾਲਰ ਵਿੱਚ ਖਰੀਦਣਾ ਸੀ। ਇਸ ਖਰੀਦਦਾਰੀ ਨਾਲ ਐਡੋਬੀ ਦੇ ਖਾਤੇ ਵਿੱਚ ‘ਫਲੈਸ਼’, ‘ਡ੍ਰੀਮਵੀਵਰ’ ਅਤੇ ‘ਫਾਇਰਵਰਕਸ’ ਵਰਗੇ ਮਹੱਤਵਪੂਰਨ ਸਾਫ਼ਟਵੇਅਰ ਆ ਗਏ। ਫਲੈਸ਼ ਨੇ ਉਸ ਦੌਰ ਵਿੱਚ ਇੰਟਰਨੈੱਟ ’ਤੇ ਐਨੀਮੇਸ਼ਨ, ਵੀਡੀਓ ਅਤੇ ਖੇਡਾਂ ਦੀ ਦੁਨੀਆ ’ਤੇ ਰਾਜ ਕੀਤਾ। ਇਸ ਪ੍ਰਾਪਤੀ ਨੇ ਐਡੋਬੀ ਨੂੰ ਨਾ ਸਿਰਫ਼ ਪਿ੍ਰੰਟ ਅਤੇ ਡਿਜ਼ਾਈਨ, ਸਗੋਂ ਵੈੱਬ ਅਤੇ ਮਲਟੀਮੀਡੀਆ ਦੇ ਖੇਤਰ ਵਿੱਚ ਵੀ ਸਭ ਤੋਂ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ।

 

ਸਾਲ 2007 ਵਿੱਚ ਐਡੋਬੀ ਦੇ ਇਤਿਹਾਸ ਵਿੱਚ ਇੱਕ ਨਵਾਂ ਅਤੇ ਸਭ ਤੋਂ ਅਹਿਮ ਮੋੜ ਆਇਆ, ਜਦੋਂ ਭਾਰਤੀ ਮੂਲ ਦੇ ਸ਼ਾਂਤਨੂ ਨਾਰਾਇਣ ਨੂੰ ਕੰਪਨੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ। ਹੈਦਰਾਬਾਦ ਵਿੱਚ ਜੰਮੇ-ਪਲੇ ਸ਼ਾਂਤਨੂ ਨੇ ਉਸਮਾਨੀਆ ਯੂਨੀਵਰਸਿਟੀ ਤੋਂ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਦੀ ਡਗਰੀ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ ਅਮਰੀਕਾ ਤੋਂ ਬੋਲਡਰ ਦੀ ਕੋਲੋਰਾਡੋ ਯੂਨੀਵਰਸਿਟੀ ਤੋਂ ਮਾਸਟਰਜ਼ ਅਤੇ ਯੂ.ਸੀ. ਬਰਕਲੇ ਤੋਂ ਪ੍ਰਬੰਧਕੀ ਮਾਸਟਰਜ਼ ਕੀਤੀ। ਐਡੋਬੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਐਪਲ ਅਤੇ ਸਿਲੀਕਾਨ ਗ੍ਰਾਫਿਕਸ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਕੀਤਾ ਸੀ ਅਤੇ ਇੱਕ ਸਟਾਰਟਅੱਪ ਵੀ ਸ਼ੁਰੂ ਕੀਤਾ ਸੀ। ਸੰਨ 1998 ਵਿੱਚ ਐਡੋਬੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ ਨੇ ਆਪਣੀ ਅਦੁੱਤੀ ਕਾਰਜਕੁਸ਼ਲਤਾ ਨਾਲ ਲਗਾਤਾਰ ਤਰੱਕੀ ਕੀਤੀ ਅਤੇ ਨਵੇਂ ਮਿਆਰ ਵੀ ਸਥਾਪਤ ਕੀਤੇ।


ਸ਼ਾਂਤਨੂ ਨਾਰਾਇਣ ਦੀ ਲੀਡਰਸ਼ਿਪ ਵਿੱਚ ਐਡੋਬੀ ਨੇ ਉਹ ਇਤਿਹਾਸਕ ਫੈਸਲਾ ਲਿਆ ਜਿਸ ਨੇ ਕਾਰਪੋਰੇਟ ਜਗਤ ਨੂੰ ਹੈਰਾਨ ਕਰ ਦਿੱਤਾ। ਸੰਨ 2012 ਵਿੱਚ, ਸ਼ਾਂਤਨੂ ਨੇ ਐਡੋਬੀ ਦੇ ਰਵਾਇਤੀ ਸਾਫ਼ਟਵੇਅਰ ਵੇਚਣ ਦੇ ਮਾਡਲ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਦਲੇਰਾਨਾ ਫੈਸਲਾ ਕੀਤਾ। ਇਸ ਦੀ ਬਜਾਏ, ਉਨ੍ਹਾਂ ਨੇ ਮਹੀਨਾਵਾਰ ਅਤੇ ਸਾਲਾਨਾ ਵਰਤੋਂ-ਆਧਾਰਿਤ ‘ਐਡੋਬੀ ਕਿ੍ਰਏਟਿਵ ਕਲਾਊਡ’ ਲਾਂਚ ਕੀਤਾ। ਸ਼ੁਰੂਆਤ ਵਿੱਚ ਨਿਵੇਸ਼ਕਾਂ, ਵਿਸ਼ਲੇਸ਼ਕਾਂ ਅਤੇ ਗਾਹਕਾਂ ਵੱਲੋਂ ਇਸ ਫੈਸਲੇ ਦਾ ਭਾਰੀ ਵਿਰੋਧ ਹੋਇਆ ਅਤੇ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ ਪਰ ਸ਼ਾਂਤਨੂ ਆਪਣੇ ਦੂਰਅੰਦੇਸ਼ੀ ਵਿਚਾਰ ’ਤੇ ਅਡੋਲ ਰਹੇ। ਇਸ ਮਾਡਲ ਨੇ ਗਾਹਕਾਂ ਨੂੰ ਘੱਟ ਮਹੀਨਾਵਾਰ ਫੀਸ ’ਤੇ ਨਵੀਨਤਮ ਟੂਲ ਉਪਲਬਧ ਕਰਵਾਏ, ਜਿਸ ਨਾਲ ਛੋਟੇ ਸਿਰਜਣਹਾਰਾਂ ਲਈ ਵੀ ਐਡੋਬੀ ਦੇ ਉਤਪਾਦ ਪਹੁੰਚਯੋਗ ਹੋ ਗਏ। ਇਹ ਬਦਲਾਅ ਇੰਨਾ ਸਫ਼ਲ ਰਿਹਾ ਕਿ ਦੁਨੀਆ ਦੀਆਂ ਬਾਕੀ ਸਾਰੀਆਂ ਸਾਫ਼ਟਵੇਅਰ ਕੰਪਨੀਆਂ ਨੇ ਵੀ ਇਸੇ ਮਾਡਲ ਨੂੰ ਅਪਣਾਇਆ।


ਸ਼ਾਂਤਨੂ ਨਾਰਾਇਣ ਦੇ ਕਾਰਜਕਾਲ ਦੌਰਾਨ ਐਡੋਬੀ ਨੇ ਆਪਣੇ ਆਪ ਨੂੰ ਸਿਰਫ਼ ਡਿਜ਼ਾਈਨਰਾਂ ਅਤੇ ਕਲਾਕਾਰਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਡਿਜੀਟਲ ਮਾਰਕੀਟਿੰਗ ਅਤੇ ਕਾਰੋਬਾਰੀ ਅੰਕੜਿਆਂ ਦੇ ਖੇਤਰ ਵਿੱਚ ਵੀ ਵੱਡਾ ਵਿਸਥਾਰ ਕੀਤਾ। ‘ਓਮਨੀਚਰ’, ‘ਮੈਜੈਂਟੋ’ ਅਤੇ ‘ਮਾਰਕੀਟੋ’ ਵਰਗੀਆਂ ਕੰਪਨੀਆਂ ਦੀ ਖਰੀਦਦਾਰੀ ਰਾਹੀਂ ਐਡੋਬੀ ਨੇ ‘ਐਡੋਬੀ ਐਕਸਪੀਰੀਅੰਸ ਕਲਾਊਡ’ ਤਿਆਰ ਕੀਤਾ। ਇਸ ਨਾਲ ਵਿਸ਼ਵ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਗਾਹਕਾਂ ਦੇ ਡਿਜੀਟਲ ਤਜਰਬਿਆਂ, ਮਾਰਕੀਟਿੰਗ ਅਤੇ ਅੰਕੜਾ ਵਿਸ਼ਲੇਸ਼ਣ ਲਈ ਐਡੋਬੀ ਦੀਆਂ ਸੇਵਾਵਾਂ ’ਤੇ ਨਿਰਭਰ ਹੋ ਗਈਆਂ।

 

ਵਰਤਮਾਨ ਸਮੇਂ ਵਿੱਚ, ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਬੌਧਿਕ ਤਕਨਾਲੋਜੀ ਦੇ ਯੁੱਗ ਵਿੱਚ ਵੀ ਸ਼ਾਂਤਨੂ ਨਾਰਾਇਣ ਦੀ ਲੀਡਰਸ਼ਿਪ ਹੇਠ ਐਡੋਬੀ ਸਭ ਤੋਂ ਅੱਗੇ ਖੜ੍ਹੀ ਹੈ। ਐਡੋਬੀ ਨੇ ਆਪਣੇ ਨਵੇਂ ਬੌਧਿਕ ਤਕਨਾਲੋਜੀ ਮਾਡਲ ‘ਐਡੋਬੀ ਫਾਇਰਫਲਾਈ’ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਕਲਾਕਾਰਾਂ ਦੇ ਅਧਿਕਾਰਾਂ ਅਤੇ ਨੈਤਿਕ ਮਾਪਦੰਡਾਂ ਦਾ ਧਿਆਨ ਰੱਖਦਿਆਂ ਤਿਆਰ ਕੀਤਾ ਗਿਆ ਹੈ। ਫਾਇਰਫਲਾਈ ਨੂੰ ਫੋਟੋਸ਼ਾਪ ਅਤੇ ਇਲਸਟ੍ਰੇਟਰ ਵਰਗੇ ਟੂਲਾਂ ਵਿੱਚ ਜੋੜ ਕੇ ਸਿਰਜਣਾਤਮਕਤਾ ਦੇ ਕੰਮ ਨੂੰ ਹੋਰ ਵੀ ਆਸਾਨ ਅਤੇ ਤੇਜ਼ ਬਣਾ ਦਿੱਤਾ ਗਿਆ ਹੈ। ਸ਼ਾਂਤਨੂ ਦੀ ਅਗਵਾਈ ਹੇਠ ਐਡੋਬੀ ਦੀ ਮਾਰਕੀਟ ਵੈਲਿਊ 2007 ਵਿੱਚ 20 ਅਰਬ ਡਾਲਰ ਤੋਂ ਵਧ ਕੇ 200 ਅਰਬ ਡਾਲਰ ਤੋਂ ਵੀ ਪਾਰ ਪਹੁੰਚ ਚੁੱਕੀ ਹੈ, ਜੋ ਉਨ੍ਹਾਂ ਦੀ ਬੇਮਿਸਾਲ ਲੀਡਰਸ਼ਿਪ ਦਾ ਜਿਉਂਦਾ-ਜਾਗਦਾ ਸਬੂਤ ਹੈ।

 

ਐਡੋਬੀ ਦਾ ਸੰਨ 1982 ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਇਹ ਦਰਸਾਉਂਦਾ ਹੈ ਕਿ ਕਿਵੇਂ ਦੂਰਅੰਦੇਸ਼ੀ ਲੀਡਰਸ਼ਿਪ ਅਤੇ ਨਵੀਨਤਾ ਕਿਸੇ ਕੰਪਨੀ ਨੂੰ ਦੁਨੀਆ ਦੇ ਸਿਖਰ ’ਤੇ ਪਹੁੰਚਾ ਸਕਦੀ ਹੈ। ਜੌਨ ਵਾਰਨੌਕ ਅਤੇ ਚਾਰਲਸ ਗੇਸ਼ਕੇ ਦੀ ਜੋੜੀ ਨੇ ਤਕਨਾਲੋਜੀ ਅਤੇ ਸਿਰਜਣਾਤਮਕਤਾ ਦਾ ਮੇਲ ਕਰਕੇ ਜਿਸ ਕੰਪਨੀ ਦੀ ਨੀਂਹ ਰੱਖੀ ਸੀ, ਉਸ ਨੂੰ ਸ਼ਾਂਤਨੂ ਨਾਰਾਇਣ ਨੇ ਆਪਣੀ ਆਧੁਨਿਕ ਸੋਚ, ਕਲਾਊਡ ਰਣਨੀਤੀ ਅਤੇ ਇਨੋਵੇਸ਼ਨ ਨਾਲ ਇੱਕ ਨਵੀਂ ਉੱਚਾਈ ’ਤੇ ਪਹੁੰਚਾਇਆ ਹੈ। ਐਡੋਬੀ ਦੀ ਇਹ ਕਹਾਣੀ ਹਰ ਉਦਯੋਗਪਤੀ ਅਤੇ ਤਕਨਾਲੋਜੀ ਪ੍ਰੇਮੀ ਲਈ ਇੱਕ ਪ੍ਰੇਰਨਾ ਸਰੋਤ ਹੈ ਕਿ ਸਮੇਂ ਦੇ ਨਾਲ ਬਦਲਣਾ ਅਤੇ ਗਾਹਕਾਂ ਦੀਆਂ ਲੋੜਾਂ ਨੂੰ ਸਮਝਣਾ ਹੀ ਸਫ਼ਲਤਾ ਦੀ ਸਭ ਤੋਂ ਵੱਡੀ ਕੁੰਜੀ ਹੈ।

Comments

Leave A Comment

Required fields are marked (*).

Related

Talk to us?