ADVERTISEMENT

ADVERTISEMENT

ਸ. ਤੇਜਾ ਸਿੰਘ ਸਮੁੰਦਰੀ ਦੀ ਸ਼ਹਾਦਤ ਅਤੇ ਲਾਸਾਨੀ ਵਿਰਾਸਤ

ਸਰਕਾਰੀ ਦਖ਼ਲਅੰਦਾਜ਼ੀ ਵਿਰੁੱਧ ਅਡੋਲ ਸੰਘਰਸ਼ ਅਤੇ ਸਿੱਖੀ ਸਿਦਕ ਦੀ ਮਿਸਾਲ

 ਸ. ਤੇਜਾ ਸਿੰਘ ਸਮੁੰਦਰੀ  ਸ. ਤੇਜਾ ਸਿੰਘ ਸਮੁੰਦਰੀ / Photo Courtesy

ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ 17 ਜੁਲਾਈ ਦਾ ਦਿਹਾੜਾ ਇੱਕ ਬਹੁਤ ਹੀ ਅਹਿਮ, ਭਾਵੁਕ ਅਤੇ ਪ੍ਰੇਰਨਾਦਾਇਕ ਦਿਨ ਵਜੋਂ ਦਰਜ ਹੈ। ਇਸ ਦਿਨ ਸਿੱਖ ਕੌਮ ਦੇ ਮਹਾਨ ਆਗੂ, ਧਾਰਮਿਕ ਸੁਧਾਰਕ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਹਰੀ ਆਗੂ ਸ. ਤੇਜਾ ਸਿੰਘ ਸਮੁੰਦਰੀ ਨੇ ਕੌਮੀ ਹਿੱਤਾਂ ਅਤੇ ਪੰਥਕ ਸਿਧਾਂਤਾਂ ਦੀ ਰਾਖੀ ਕਰਦਿਆਂ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਆਪਣੀ ਜਾਨ ਕੁਰਬਾਨ ਕੀਤੀ, ਹਕੂਮਤ ਦੀ ਈਨ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਧਾਰਮਿਕ ਅਦਾਰਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਵਿਰੋਧ ਕਰਦਿਆਂ ਸ਼ਹਾਦਤ ਦਾ ਰਸਤਾ ਚੁਣਿਆ। ਦ੍ਰਿੜ੍ਹ ਇਰਾਦੇ ਦੇ ਮਾਲਕ ਹੋਣ ਕਰਕੇ, ਤੇਜਾ ਸਿੰਘ ਸਮੁੰਦਰੀ ਨੇ ਜੇਲ੍ਹ ਵਿੱਚ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਦਿਆਂ ਵੀ ਜੇਲ੍ਹ ਤੋਂ ਰਿਹਾਅ ਹੋਣ ਦੀ ਸ਼ਰਤ ਨੂੰ ਠੁਕਰਾ ਦਿੱਤਾ। ਉਹ ਚਾਹੁੰਦੇ ਸਨ ਕਿ ਸਿੱਖ ਧਰਮ ਦਾ ਪ੍ਰਬੰਧ ਪੂਰੀ ਤਰ੍ਹਾਂ ਆਜ਼ਾਦ ਹਸਤੀ ਵਾਲੇ ਪ੍ਰਬੰਧਕਾਂ ਕੋਲ ਹੋਵੇ। ਉਨ੍ਹਾਂ ਦੀ ਇਹ ਸਿਦਕਦਿਲੀ ਅਤੇ ਅਟੱਲ ਵਿਸ਼ਵਾਸ ਹੀ ਸੀ ਜਿਸ ਕਾਰਨ ਸਾਰਾ ਸਿੱਖ ਜਗਤ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦਾ ਸੀ। ਉਨ੍ਹਾਂ ਦੀ ਇਹ ਕੁਰਬਾਨੀ ਮਹਿਜ਼ ਇੱਕ ਵਿਅਕਤੀਗਤ ਸ਼ਹਾਦਤ ਨਹੀਂ ਸੀ, ਸਗੋਂ ਇਹ ਸਿੱਖੀ ਸਿਦਕ, ਦ੍ਰਿੜ੍ਹ ਇਰਾਦੇ ਅਤੇ ਗੁਰੂ ਘਰਾਂ ਦੀ ਮੁਕੰਮਲ ਆਜ਼ਾਦੀ ਲਈ ਲੜੀ ਗਈ ਇੱਕ ਵੱਡੀ ਵਿਚਾਰਧਾਰਕ ਜੰਗ ਦਾ ਸਿਖਰ ਸੀ।

 

ਤੇਜਾ ਸਿੰਘ ਸਮੁੰਦਰੀ ਜੀ ਇੱਕ ਬਹੁਤ ਹੀ ਅਨੁਸ਼ਾਸਨਬੱਧ ਅਤੇ ਨੈਤਿਕ ਕਦਰਾਂ-ਕੀਮਤਾਂ ਵਾਲੇ ਗੁਰਸਿੱਖ ਸਨ। ਆਪਣੇ ਨੌਜਵਾਨੀ ਦੇ ਦਿਨਾਂ ਵਿੱਚ ਹੀ ਉਨ੍ਹਾਂ ਨੇ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਵਜੋਂ ਕੌਮੀ ਕਾਰਜਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਵਿੱਦਿਆ ਅਤੇ ਧਰਮ ਦੇ ਪ੍ਰਚਾਰ ਲਈ ਆਪਣੇ ਸ਼ਹਿਰ ਸਮੁੰਦਰੀ ਵਿਖੇ ਸਭ ਤੋਂ ਪਹਿਲਾਂ ਖ਼ਾਲਸਾ ਦੀਵਾਨ ਦੀ ਸਥਾਪਨਾ ਕੀਤੀ। ਇਹ ਕਦਮ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਗੁਰਸਿੱਖੀ ਜੀਵਨ ਜਾਚ ਪ੍ਰਤੀ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੂੰ ਬਾਖੂਬੀ ਦਰਸਾਉਂਦਾ ਹੈ। ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਭ੍ਰਿਸ਼ਟ ਮਹੰਤਾਂ ਅਤੇ ਅੰਗਰੇਜ਼ ਹਕੂਮਤ ਦੀ ਮਿਲੀਭੁਗਤ ਕਾਰਨ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਨਿੱਘਰ ਚੁੱਕਾ ਸੀ, ਤਾਂ ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਇੱਕ ਮੋਹਰੀ ਆਗੂ ਵਜੋਂ ਜ਼ਿੰਮੇਵਾਰੀ ਸੰਭਾਲੀ। ਸੰਨ 1920 ਵਿੱਚ ਜਦੋਂ ਸਿੱਖ ਗੁਰਦੁਆਰਿਆਂ ਦੇ ਲੋਕਤੰਤਰੀ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ, ਤਾਂ ਉਹ ਇਸਦੇ ਸੰਸਥਾਪਕ ਮੈਂਬਰ ਬਣੇ। ਬਾਅਦ ਵਿੱਚ ਉਨ੍ਹਾਂ ਨੇ ਇਸ ਸਿਰਮੌਰ ਸੰਸਥਾ ਦੇ ਉਪ-ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਅਤੇ ਸਿੱਖ ਸਵੈ-ਸ਼ਾਸਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਮਗਰੋਂ, ਜਦੋਂ ਗੁਰਦੁਆਰਾ ਪ੍ਰਬੰਧ ਲਈ ਕਮੇਟੀ ਬਣੀ, ਤਾਂ ਉਨ੍ਹਾਂ ਦੀ ਪ੍ਰਬੰਧਕੀ ਯੋਗਤਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਇਸ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ। 

 

ਕੌਮ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਪੰਥ ਦੀ ਖਾਤਰ ਆਪਣੀ ਜੱਦੀ ਜ਼ਮੀਨ ਨੂੰ ਦਾਅ 'ਤੇ ਲਾ ਦਿੱਤਾ। ਇਤਿਹਾਸ ਗਵਾਹ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਬ੍ਰਿਟਿਸ਼ ਸਰਕਾਰ ਵਿਰੁੱਧ ਹਾਈ ਕੋਰਟ ਵਿੱਚ ਆਪਣਾ ਕਾਨੂੰਨੀ ਕੇਸ ਹਾਰ ਗਈ ਸੀ, ਤਾਂ ਪ੍ਰਿਵੀ ਕੌਂਸਲ ਵਿੱਚ ਅਪੀਲ ਦਾਇਰ ਕਰਨ ਲਈ ਉਸ ਵੇਲੇ 150,000 ਰੁਪਏ ਦੀ ਲੋੜ ਸੀ। ਪੰਥ ਕੋਲ ਇਸ ਵੱਡੀ ਰਕਮ ਦਾ ਸਿਰਫ਼ ਅੱਧਾ ਹਿੱਸਾ ਹੀ ਇਕੱਠਾ ਹੋ ਸਕਿਆ ਸੀ। ਅਜਿਹੇ ਨਾਜ਼ੁਕ ਸਮੇਂ ਵਿੱਚ, ਤੇਜਾ ਸਿੰਘ ਸਮੁੰਦਰੀ ਨੇ ਆਪਣੀ ਨਿੱਜੀ ਜ਼ਮੀਨ ਦਾ ਲਗਭਗ 50 ਏਕੜ ਹਿੱਸਾ ਜ਼ਮਾਨਤ ਵਜੋਂ ਪੇਸ਼ ਕਰ ਦਿੱਤਾ ਤਾਂ ਜੋ ਸ਼੍ਰੋਮਣੀ ਕਮੇਟੀ ਫੰਡ ਇਕੱਠੇ ਕਰ ਸਕੇ ਅਤੇ ਗੁਰਦੁਆਰਿਆਂ ਦੇ ਨਿਯੰਤਰਣ ਲਈ ਕਾਨੂੰਨੀ ਲੜਾਈ ਜਾਰੀ ਰੱਖ ਸਕੇ। ਇਹ ਨਿੱਜੀ ਕੁਰਬਾਨੀ ਉਨ੍ਹਾਂ ਦੀ ਪੰਥ ਪ੍ਰਤੀ ਸੁਹਿਰਦਤਾ ਅਤੇ ਕੌਮੀ ਦਰਦ ਦਾ ਬਹੁਤ ਵੱਡਾ ਪ੍ਰਮਾਣ ਸੀ। ਇਸ ਤੋਂ ਇਲਾਵਾ, ਜਦੋਂ ਸਿੱਖਾਂ ਵਿੱਚ ਧਰਮ ਪ੍ਰਚਾਰ ਲਈ ਮੀਡੀਆ ਦੀ ਘਾਟ ਸੀ, ਤਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ‘ਅਕਾਲੀ ਪੱਤ੍ਰਿਕਾ’ ਅਖ਼ਬਾਰ ਦੀ ਪ੍ਰਕਾਸ਼ਨਾ ਸ਼ੁਰੂ ਕਰਵਾਈ ਅਤੇ ਇਸ ਲਈ ਵੱਡੀ ਮਾਲੀ ਇਮਦਾਦ ਵੀ ਕੀਤੀ। ਉਹ ਜੇਲ੍ਹਾਂ ਵਿੱਚ ਬੰਦ ਅੰਦੋਲਨਕਾਰੀਆਂ ਦੇ ਪਰਿਵਾਰਾਂ ਦੀ ਆਰਥਕ ਮਦਦ ਲਈ ਕਮੇਟੀਆਂ ਬਣਾਉਣ ਵਿੱਚ ਵੀ ਸਭ ਤੋਂ ਅੱਗੇ ਰਹੇ।  

 

 ਸਿੱਖ ਹੱਕਾਂ ਦੀ ਪ੍ਰਾਪਤੀ ਲਈ ਵਿੱਢੇ ਗਏ ਸ਼ਾਂਤਮਈ ਮੋਰਚਿਆਂ ਵਿੱਚ ਤੇਜਾ ਸਿੰਘ ਸਮੁੰਦਰੀ ਦੀ ਭੂਮਿਕਾ ਹਮੇਸ਼ਾ ਫੈਸਲਾਕੁੰਨ ਰਹੀ। ਨਵੰਬਰ 1921 ਤੋਂ ਜਨਵਰੀ 1922 ਤੱਕ ਚੱਲੇ ‘ਚਾਬੀਆਂ ਦੇ ਮੋਰਚੇ’ ਵਿੱਚ ਉਨ੍ਹਾਂ ਨੇ ਅੰਗਰੇਜ਼ ਸਰਕਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਲਈ ਮਜਬੂਰ ਕੀਤਾ। ਇਸ ਮੋਰਚੇ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਸੰਨ 1923 ਵਿੱਚ ਜਦੋਂ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਹਟਾਏ ਜਾਣ ਵਿਰੁੱਧ ਜੈਤੋ ਦਾ ਮੋਰਚਾ ਲੱਗਾ, ਤਾਂ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਸਤੀਵਾਦੀ ਸਰਕਾਰ ਨੇ ਉਨ੍ਹਾਂ 'ਤੇ ਰਾਜੇ ਵਿਰੁੱਧ ਜੰਗ ਛੇੜਨ ਦਾ ਸੰਗੀਨ ਦੋਸ਼ ਲਗਾਇਆ। ਸ੍ਰੀ ਰਕਾਬਗੰਜ ਦਿੱਲੀ ਦੇ ਮੋਰਚੇ ਵੇਲੇ ਵੀ ਉਨ੍ਹਾਂ ਨੇ 100 ਸਿੰਘਾਂ ਦੇ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ ਅਤੇ 13 ਅਕਤੂਬਰ 1923 ਨੂੰ ਵੀ ਪੰਥਕ ਸੰਘਰਸ਼ ਦੌਰਾਨ ਉਨ੍ਹਾਂ ਨੇ ਜਥੇ ਸਮੇਤ ਆਪਣੀ ਗ੍ਰਿਫ਼ਤਾਰੀ ਦਿੱਤੀ।

 

ਉਨ੍ਹਾਂ ਦੀ ਸ਼ਹਾਦਤ ਦਾ ਅਸਲ ਕਾਰਨ ਉਨ੍ਹਾਂ ਦਾ ਉਹ ਅਸੂਲਵਾਦੀ ਸਟੈਂਡ ਸੀ ਜੋ ਉਨ੍ਹਾਂ ਨੇ 1925 ਦੇ ਗੁਰਦੁਆਰਾ ਐਕਟ ਵੇਲੇ ਲਿਆ ਸੀ। ਲੰਮੇ ਸੰਘਰਸ਼ਾਂ ਮਗਰੋਂ ਜਦੋਂ ਸਰਕਾਰ ਨੇ 1925 ਵਿੱਚ ਗੁਰਦੁਆਰਾ ਐਕਟ ਪਾਸ ਕੀਤਾ, ਤਾਂ ਤੇਜਾ ਸਿੰਘ ਸਮੁੰਦਰੀ ਅਤੇ ਕਈ ਹੋਰ ਆਗੂ ਇਸ ਗੱਲੋਂ ਚਿੰਤਤ ਸਨ ਕਿ ਇਸ ਐਕਟ ਨਾਲ ਗੁਰਦੁਆਰਾ ਪ੍ਰਬੰਧਾਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਹਮੇਸ਼ਾ ਲਈ ਬਣੀ ਰਹੇਗੀ। ਉਨ੍ਹਾਂ ਦਾ ਸਪੱਸ਼ਟ ਮੰਨਣਾ ਸੀ ਕਿ ਸਿੱਖ ਧਰਮ ਦਾ ਪ੍ਰਬੰਧ ਪੂਰੀ ਤਰ੍ਹਾਂ ਆਜ਼ਾਦ ਹਸਤੀ ਵਾਲੇ ਪ੍ਰਬੰਧਕਾਂ ਕੋਲ ਹੋਣਾ ਚਾਹੀਦਾ ਹੈ। ਉਸ ਵੇਲੇ ਸਰਕਾਰ ਨੇ ਸ਼ਰਤਾਂ ਤਹਿਤ ਆਗੂਆਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ, ਪਰ ਆਪਣੇ ਇਰਾਦੇ ਦੇ ਪੱਕੇ ਤੇਜਾ ਸਿੰਘ ਸਮੁੰਦਰੀ ਨੇ ਸ਼ਰਤਾਂ ਮੰਨ ਕੇ ਰਿਹਾਅ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। *ਜੇਲ੍ਹ ਦੇ ਬੇਹੱਦ ਸਖਤ ਹਾਲਾਤ ਵਿੱਚ ਵੀ ਉਨਾਂ ਨੇ ਸਿਰੜ ਭਰਪੂਰ ਜਜ਼ਬਾ ਬਰਕਰਾਰ ਰੱਖਿਆ ਅਤੇ ਇਸੇ ਤਹਿਤ ਉਨ੍ਹਾਂ 17 ਜੁਲਾਈ 1926 ਨੂੰ, ਮਹਿਜ਼ 44 ਕੁ ਸਾਲ ਦੀ ਛੋਟੀ ਉਮਰ ਵਿੱਚ, ਜੇਲ੍ਹ ਅੰਦਰ ਹੀ ਆਪਣੇ ਅੰਤਿਮ ਸੁਆਸ ਲਏ ਅਤੇ ਸਿੱਖ ਇਤਿਹਾਸ ਮੁਤਾਬਕ, ਕੌਮ ਲਈ ਸੰਘਰਸ਼ ਅਤੇ ਸ਼ਹੀਦੀ ਦੇ ਰਾਹ ਉੱਤੇ ਚੱਲਦੇ ਹੋਏ ਸੰਸਾਰ ਨੂੰ ਅਲਵਿਦਾ ਕਹਿ ਗਏ।

 

ਅਜੋਕੇ ਸਮੇਂ ਅਤੇ ਮੌਜੂਦਾ ਰਾਜਨੀਤਕ ਹਾਲਾਤਾਂ ਵਿੱਚ ਸ. ਤੇਜਾ ਸਿੰਘ ਸਮੁੰਦਰੀ ਜੀ ਦੀ ਸ਼ਹਾਦਤ ਦੀ ਪ੍ਰਸੰਗਿਕਤਾ ਬਹੁਤ ਡੂੰਘੀ ਹੈ। ਅੱਜ ਜਦੋਂ ਧਾਰਮਿਕ ਅਦਾਰਿਆਂ ਵਿੱਚ ਸਿਆਸੀ ਅਤੇ ਸਰਕਾਰੀ ਦਖਲਅੰਦਾਜ਼ੀ ਦਾ ਮੁੱਦਾ ਲਗਾਤਾਰ ਭਖਦਾ ਰਹਿੰਦਾ ਹੈ, ਤਾਂ ਉਨ੍ਹਾਂ ਦੀ ਸੋਚ ਸਾਨੂੰ ਸੁਚੇਤ ਕਰਦੀ ਹੈ, ਕਿਉਂਕਿ ਉਨ੍ਹਾਂ ਨੇ 1925 ਦੇ ਗੁਰਦੁਆਰਾ ਐਕਟ ਦਾ ਵਿਰੋਧ ਵੀ ਇਸੇ ਸਰਕਾਰੀ ਦਖ਼ਲਅੰਦਾਜ਼ੀ ਦੇ ਖਦਸ਼ੇ ਕਾਰਨ ਹੀ ਕੀਤਾ ਸੀ ਅਤੇ ਧਾਰਮਿਕ ਪ੍ਰਬੰਧ ਆਜ਼ਾਦ ਹਸਤੀ ਵਾਲੇ ਪ੍ਰਬੰਧਕਾਂ ਕੋਲ ਰੱਖਣ ਦੀ ਵਕਾਲਤ ਕੀਤੀ ਸੀ। ਅਜੋਕੇ ਦੌਰ ਦੀ ਸਵਾਰਥੀ ਅਤੇ ਨਿੱਜੀ ਹਿੱਤਾਂ ਵਾਲੀ ਲੀਡਰਸ਼ਿਪ ਦੇ ਉਲਟ, ਉਨ੍ਹਾਂ ਵੱਲੋਂ ਪੰਥਕ ਕਾਰਜਾਂ ਅਤੇ ਕਾਨੂੰਨੀ ਲੜਾਈ ਲਈ ਆਪਣੀ 50 ਏਕੜ ਨਿੱਜੀ ਜ਼ਮੀਨ ਗਹਿਣੇ ਰੱਖਣ ਦੀ ਕੁਰਬਾਨੀ ਅੱਜ ਦੇ ਆਗੂਆਂ ਲਈ ਇੱਕ ਬਹੁਤ ਵੱਡਾ ਸਬਕ ਹੈ। ਆਪਣੇ ਅਸੂਲਾਂ ਨਾਲ ਸਮਝੌਤਾ ਕਰਕੇ ਸ਼ਰਤਾਂ ਮੰਨਣ ਦੀ ਬਜਾਏ ਜੇਲ੍ਹ ਵਿੱਚ ਸ਼ਹਾਦਤ ਦਾ ਜਾਮ ਪੀਣਾ, ਅੱਜ ਦੀ ਨੌਜਵਾਨ ਪੀੜ੍ਹੀ ਅਤੇ ਸਮਾਜ ਨੂੰ ਆਪਣੇ ਹੱਕਾਂ, ਸੱਚ ਅਤੇ ਧਾਰਮਿਕ ਆਜ਼ਾਦੀ ਲਈ ਬਿਨਾਂ ਝੁਕੇ ਸ਼ਾਂਤਮਈ ਸੰਘਰਸ਼ ਕਰਨ ਦੀ ਬਹੁਤ ਵੱਡੀ ਪ੍ਰੇਰਨਾ ਦਿੰਦਾ ਹੈ। ਮੌਜੂਦਾ ਹਾਲਾਤ ਵਿੱਚ ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਅਸਲ ਆਗੂ ਉਹ ਹੈ ਜੋ ਕੌਮ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇ, ਨਾ ਕਿ ਕੌਮ ਦੀ ਕੀਮਤ 'ਤੇ ਆਪਣਾ ਘਰ ਭਰੇ।

 

ਕੌਮ ਵੱਲੋਂ ਇਸ ਮਹਾਨ ਸ਼ਹੀਦ ਨੂੰ ਸਦੀਵੀ ਸਨਮਾਨ ਦੇਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਆਪਣੇ ਸਕੱਤਰੇਤ ਦੀ ਨਵੀਂ ਇਮਾਰਤ ਦਾ ਨਾਂਅ ‘ਤੇਜਾ ਸਿੰਘ ਸਮੁੰਦਰੀ ਹਾਲ’ ਰੱਖਿਆ। ਅੱਜ ਵੀ ਸ਼੍ਰੋਮਣੀ ਕਮੇਟੀ ਦੇ ਸਾਰੇ ਅਹਿਮ ਇਜਲਾਸ ਇਸੇ ਹਾਲ ਵਿੱਚ ਹੁੰਦੇ ਹਨ, ਜੋ ਕਿ ਸਿੱਖ ਸਵੈ-ਸ਼ਾਸਨ ਦਾ ਇੱਕ ਜੀਵਤ ਪ੍ਰਤੀਕ ਹੈ। ਉਨ੍ਹਾਂ ਦੀ ਇਸ ਮਹਾਨ ਵਿਰਾਸਤ ਨੂੰ ਉਨ੍ਹਾਂ ਦੇ ਪਰਿਵਾਰ ਨੇ ਵੀ ਬਾਖੂਬੀ ਅੱਗੇ ਤੋਰਿਆ। ਸੰਨ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਵੇਲੇ ਉਨ੍ਹਾਂ ਦੇ ਸਪੁੱਤਰ ਬਿਸ਼ਨ ਸਿੰਘ ਸਮੁੰਦਰੀ ਨੂੰ ਪਹਿਲੇ ਵਾਈਸ ਚਾਂਸਲਰ ਵਜੋਂ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਵੀ ਸੇਵਾਵਾਂ ਦਿੱਤੀਆਂ ਸਨ। ਤੇਜਾ ਸਿੰਘ ਸਮੁੰਦਰੀ ਜੀ ਦੇ ਪੋਤੇ, *ਸ. ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਭਾਰਤੀ ਰਾਜਦੂਤ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ, ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਵਿੱਚ ਲੋਕਾਂ ਦੀ ਭਲਾਈ ਲਈ ਵੀ ਕਾਰਜਸ਼ੀਲ ਰਹੇ ਅਤੇ ਮੌਜੂਦਾ ਸਮੇਂ ਦਿੱਲੀ ਦੇ ਉੱਪ ਰਾਜਪਾਲ ਵਜੋਂ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਇੱਕ ਹੋਰ ਪੋਤਰੇ, ਸਵਰਗੀ ਜਸਜੀਤ ਸਿੰਘ ਸਮੁੰਦਰੀ ਪੰਜਾਬ ਦੇ ਜੰਗਲਾਤ ਮਹਿਕਮੇ ਦੇ ਉੱਚ ਅਫਸਰ ਸਨ* ਜਦਕਿ ਉਨਾਂ ਨੇ ਸਰਹਾਲੀ ਕਲਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਅਦਾਰਿਆਂ ਦੇ ਚੇਅਰਮੈਨ ਵਜੋਂ ਵੀ ਅਹਿਮ ਭੂਮਿਕਾ ਨਿਭਾਈ ਅਤੇ ਲੋੜਵੰਦਾਂ ਲਈ ਮੈਡੀਕਲ ਕੈਂਪ ਲਗਾ ਕੇ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ। 

   

Comments

Leave A Comment

Required fields are marked (*).

Related

Talk to us?