ਜ਼ਾਲਿਮਾਂ ਵੱਲੋਂ ਭਰ ਗਰਮੀ ਦੇ ਮੌਸਮ ਵਿਚ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ / Photo Courtesy
ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ ‘ਸ਼ਹੀਦਾਂ ਦੇ ਸਿਰਤਾਜ’ ਵਜੋਂ ਸਿਖ਼ਰ ਸਨਮਾਨ ਹਾਸਲ ਹੈ। ਦਰਅਸਲ, ‘ਸ਼ਹਾਦਤ’ ਲਫਜ਼ ਨੂੰ ਪੜਦਿਆਂ, ਸੁਣਦਿਆਂ ਹੀ ਉਨਾਂ ਦੇ ਦਰਸ਼ਨ ਦੀਦਾਰੇ ਆਪ ਮੁਹਾਰੇ ਹੋ ਜਾਂਦੇ ਹਨ। ਆਪ ਜੀ ਨੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਝੱਲਦਿਆਂ ਲਾਸਾਨੀ ਸ਼ਹਾਦਤ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ ਜਿਨਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਅਤੇ ਮਨੁੱਖਤਾ ਦੀ ਭਲਾਈ ਹਿੱਤ ਮਹਾਨ ਕੁਰਬਾਨੀ ਦਿੱਤੀ। ਪੰਚਮ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ‘ਗੁਰ ਸੰਗਤ’ ਅਤੇ ‘ਬਾਣੀ’ ਦੇ ਆਸਰੇ ਖੜੇ ਸਿੱਖੀ ਮਹਿਲ ਨੂੰ ਮਜ਼ਬੂਤ ਕੀਤਾ ਅਤੇ ਦੁਨੀਆਂ ਨੂੰ ਜਿੱਥੇ ਜੀਵਨ ਜਿਊਣ ਦੀ ਜਾਚ ਦੱਸੀ ਉੁਥੇ ਮਰਨ ਦਾ ਵਲ ਵੀ ਸਿਖਾਇਆ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਐਸੀ ਮਰਨੀ’ ਸੰਬੰਧੀ ਸੁਝਾਏ ਗੁੱਝੇ ਭਾਵ ਨੂੰ ਆਪਣੀ ਸ਼ਹੀਦੀ ਦੁਆਰਾ ਸਾਕਾਰ ਕਰ ਕੇ ਵਿਖਾ ਦਿੱਤਾ। ਇਸ ਸ਼ਹਾਦਤ ਦਾ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿਚ ਦੂਰਗਾਮੀ ਅਸਰ ਹੋਇਆ। ਸਿੱਖ ਲਹਿਰ ਨੇ ਇਕ ਨਵਾਂ ਮੋੜ ਕੱਟਿਆ ਅਤੇ ਲੋਕ ਕਲਿਆਣਕਾਰੀ ਸ਼ਕਤੀ ਜ਼ੋਰਦਾਰ ਤਰੀਕੇ ਨਾਲ ਉੱਭਰੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਤਿਹਾਸ ਦੀ ਮਹਾਨ ਅਤੇ ਯੁੱਗ ਪਲਟਾਊ ਘਟਨਾ ਹੈ। ਇਸ ਨਾਲ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦਾ ਨਵਾਂ ਅਧਿਆਇ ਆਰੰਭ ਹੋਇਆ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਘਰੇ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਗੁਰੂ ਸਾਹਿਬ ਦੇ ਮਾਤਾ, ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਬੇਟੀ ਸਨ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪਿ੍ਰਥੀ ਚੰਦ ਅਤੇ ਬਾਬਾ ਮਹਾਂਦੇਵ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਹੀ ਬ੍ਰਹਮ ਗਿਆਨੀ ਅਵਸਥਾ ਵਾਲੇ, ਧੀਰਜਵਾਨ, ਨਿਮਰ, ਆਤਮ ਰਸੀਏ, ਦਿਆਲੂ, ਸਮਦਰਸੀ ਤੇ ‘ਬ੍ਰਹਮ ਗਿਆਨੀ ਆਪਿ ਪ੍ਰਮੇਸੁਰ’ ਸਰੂਪ ਸਨ। ਗੁਰੂ ਸਾਹਿਬ ਦੀ ਇਹੋ ਜਹੀ ਸ਼ਖ਼ਸੀਅਤ ਸੀ ਜਿਨਾਂ ਦੀ ਤਕਣੀ ਨਾਲ ਪਾਪਾਂ ਦਾ ਨਾਸ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਮਹਿਸੂਸ ਕੀਤਾ ਕਿ ਗੁਰਗੱਦੀ ਦਾ ਜ਼ਿੰਮਾ ਤਾਂ ਉਹੀ ਸੰਭਾਲ ਸਕਦਾ ਹੈ ਜਿਸ ਵਿਚ ਧੀਰਜ ਅਤੇ ਨਿਮਰਤਾ ਦਾ ਅੰਸ਼ ਹੋਵੇ। ਆਪ ਬਹੁਤ ਹੀ ਸੂਝਵਾਨ ਸਨ, ਇਹੋ ਕਾਰਨ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਨੂੰ ਗੁਰਗੱਦੀ ਸੌਂਪੀ। ਸੰਨ 1581 ਈ.ਵਿਚ 18 ਸਾਲ ਦੀ ਉਮਰ ਵਿੱਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਬਾਬਾ ਬੁੱਢਾ ਜੀ, ਪੰਜ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਅਰਜਨ ਦੇਵ ਜੀ ਨੂੰ ਲੈ ਆਏ ਤੇ ਸਿੱਖੀ ਮਰਯਾਦਾ ਅਨਸਾਰ ਸੇਵਾ ਸੰਭਾਲੀ ਗਈ। ਕੇਵਲ ਦੋ ਦਿਨ ਸ੍ਰੀ ਗੁਰੂ ਰਾਮਦਾਸ ਜੀ, ਅੰਮਿ੍ਰਤਸਰ ਰਹਿ ਕੇ ਤੀਜੇ ਦਿਨ ਗੁਰੂ ਅਰਜਨ ਦੇਵ ਜੀ ਨਾਲ ਗੋਇੰਦਵਾਲ ਸਾਹਿਬ ਆ ਗਏ ਅਤੇ ਫਿਰ ਉਥੇ ਜੋਤੀ ਜੋਤ ਸਮਾ ਗਏ। ਇਸ ਦਰਮਿਆਨ, ਕਈ ਵਾਰ ਸ੍ਰੀ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪਿ੍ਰਥੀ ਚੰਦ ਵਲੋਂ ਵਿਰੋਧਤਾ ਹੁੰਦੀ ਰਹੀ ਪਰ ਆਪ ਸ਼ਾਂਤ ਸੁਭਾਅ ਮੁਤਾਬਕ ਹਮੇਸ਼ਾ ਪੂਰੀ ਨਿਮਰਤਾ ਵਿੱਚ ਰਹੇ। ਜਿੱਥੇ ਆਮ ਕਰਕੇ ਧਾਰਮਿਕ ਅਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ ਹੈ ਉਥੇ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੇਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨ ਆਪਣੀ ਹਉਮੈ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਜਾਵੇ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗ ਕੇ ਸੀਤਲ ਹੋ ਜਾਵੇ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਲਈ ਉਸ ਦੇ ਚਾਰੇ ਪਾਸੇ ਚਾਰ ਦਰਵਾਜ਼ੇ ਰਖਵਾਏ। ਉਦੋਂ ਸਾਰੀ ਲੋਕਾਈ ਨੂੰ ਚਾਰ ਵਰਣਾਂ ਵਿਚ ਵੰਡਿਆ ਗਿਆ ਸੀ। ਇੰਝ ਗੁਰੂ ਜੀ ਨੇ ਊਚ ਨੀਚ ਅਤੇ ਅਮੀਰ ਗਰੀਬ ਦਾ ਭੇਦ ਮਿਟਾ ਕੇ ਸਰਬ ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ ਜਿਸ ਨੂੰ ਅਸਲੀ ਸ਼ਬਦਾਂ ਵਿੱਚ ‘ਰੱਬ ਦਾ ਘਰ’ ਆਖਿਆ ਜਾ ਸਕਦਾ ਹੈ। ਸੂਫ਼ੀ ਫ਼ਕੀਰ ਹਜ਼ਰਤ ਮੀਆਂ ਮੀਰ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਇਸ ਸਾਂਝੀਵਾਲਤਾ ਨੂੰ ਹੋਰ ਪਰਪੱਕ ਕੀਤਾ ਹਾਲਾਂਕਿ ਸਾਂਝੀਵਾਲਤਾ ਦੀ ਇਹ ਲਹਿਰ ਵਕਤ ਦੇ ਹਾਕਮਾਂ ਨੂੰ ਰੜਕਣ ਵੀ ਲੱਗ ਪਈ ਸੀ। ਗੁਰੂ ਸਾਹਿਬ ਦੀ ਕਿ੍ਰਪਾ ਸਦਕਾ ਸ੍ਰੀ ਹਰਿਮੰਦਰ ਸਾਹਿਬ ਵਿਚ 1604 ਈਸਵੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਮੁਕੰਮਲ ਹੋਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ, ਹਿੰਦੂ ਭਗਤਾਂ ਅਤੇ ਮੁਸਲਮਾਨ ਫ਼ਕੀਰਾਂ ਦੀ ਰਚਨਾ ਨੂੰ ਅੰਕਿਤ ਕਰਨਾ ਉਸ ਸਮੇਂ ਦੇ ਸਮਾਜ ਦਾ ਇੱਕ ਅਲੌਕਿਕ ਘਟਨਾਕ੍ਰਮ ਸੀ।
ਗੁਰਦੁਆਰਾ ਸ੍ਰੀ ਡੇਰਾ ਸਾਹਿਬ, ਲਾਹੌਰ / Photo Courtesyਗੁਰੂ ਸਾਹਿਬ ਨੇ ਅੰਮਿ੍ਰਤਸਰ ਤੋਂ 25 ਕਿਲੋਮੀਟਰ ਦੂਰ 1590 ਈ. ਵਿੱਚ ਤਰਨਤਾਰਨ ਦਾ ਗੁਰਦੁਆਰਾ ਉਸਾਰਿਆ। ਇਸ ਵਿੱਚ ਗੁਰਦੁਆਰੇ ਦੀ ਇਮਾਰਤ ਸਰੋਵਰ ਦੇ ਇੱਕ ਪਾਸੇ ਹੈ। ਇਹ ਤਰਨਤਾਰਨ ਦੇ ਆਲੇ-ਦੁਆਲੇ ਦੀਆਂ ਸੰਗਤਾਂ ਲਈ ਇਹ ਕੇਂਦਰ ਬਣ ਗਿਆ। ਜਦ ਆਪ ਬਿਆਸ ਦਰਿਆ ਪਾਰ ਕਰਕੇ ਦੁਆਬੇ ਗਏ ਤਾਂ ਆਪ ਨੇ ਇੱਕ ਨਵਾਂ ਕੇਂਦਰ ਕਰਤਾਰਪੁਰ 1594 ਈ. ਦੇ ਆਸ ਪਾਸ ਵਸਾਇਆ ਅਤੇ ਗੁਰਦੁਆਰੇ ਦੀ ਸਥਾਪਨਾ ਕੀਤੀ। ਗੁਰੂ ਜੀ ਵਡਾਲੀ ਵਿਖੇ ਕੱੁਝ ਜ਼ਮੀਨ ਲੈ ਕੇ ਆਪ ਨੇ ਖੇਤੀ ਕਰਵਾਈ। ਇੱਥੇ ਹੀ 1595 ਈ: ਵਿੱਚ ਗੁਰੂ ਹਰਿਗੋਬਿੰਦ ਜੀ ਦਾ ਜਨਮ ਹੋਇਆ। ਇਸ ਦੀ ਖ਼ੁਸ਼ੀ ਵਿੱਚ ਆਪ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਅਜਿਹੇ ਖੂਹ ਵਿੱਚ ਪੰਜਾਬ ਵਿੱਚ ਕੇਵਲ ਬਾਦਸ਼ਾਹ ਹੀ ਲਵਾਉਂਦੇ ਸਨ ਅਤੇ ਉਹ ਵੀ ਇੱਕ ਹਰਟ ਜਾਂ ਦੋ ਹਰਟਾਂ ਵਾਲਾ। ਇੱਕ ਹਰਟ ਨੂੰ ਗੇੜਨ ਲਈ ਇੱਕ ਬਲਦਾਂ ਦੀ ਜੋੜੀ ਹੁੰਦੀ ਸੀ ਜਾਂ ਇੱਕ ਊਠ ਨਾਲ ਉਸ ਨੂੰ ਗੇੜਿਆ ਜਾਂਦਾ ਸੀ। ਅੱਜ ਕੱਲ ਇੱਥੇ ਗੁਰਦੁਆਰਾ ਛੇਹਰਟਾ ਸਾਹਿਬ ਸਥਿਤ ਹੈ। ਜ਼ਿਲਾ ਗੁਰਦਾਸਪੁਰ ਵਿੱਚ ਬਿਆਸ ਦਰਿਆ ਕੰਢੇ ਤਹਿਸੀਲ ਬਟਾਲਾ ਘੁਮਾਣ ਪਿੰਡ ਲਾਗੇ ਆਪਣੇ ਸਪੁੱਤਰ ਦੇ ਨਾਂਅ ’ਤੇ ਸ੍ਰੀ ਹਰਿਗੋਬਿੰਦਪੁਰ ਵਸਾਇਆ। ਇਸ ਲਈ ਇੱਕ ਮੁਰੱਬਾ ਜ਼ਮੀਨ ਖਰੀਦੀ ਗਈ ਸੀ। ਓਧਰ, ਲਾਹੌਰ ਵਿੱਚ ਆਪ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ’ਤੇ ਸੰਗਤਾਂ ਦੀ ਸਹੂਲਤ ਲਈ ਬਾਉਲੀ ਲਗਵਾਈ। ਆਪ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਅਰਬ ਮੁਲਕਾਂ ਵਿੱਚ ਭੇਜਿਆ ਜਿਸ ਤੋਂ ਆਪ ਦੀ ਦੂਰ ਅੰਦੇਸ਼ੀ ਦਾ ਪਤਾ ਲੱਗਦਾ ਹੈ। ਗੁਰੂ ਸਾਹਿਬ ਨੇ ਇਸ ਗੱਲ ਨੂੰ ਬਖੂਬੀ ਮਹਿਸੂਸ ਕੀਤਾ ਸੀ ਕਿ ਲੋਕਾਂ ਵਿਚ ਕੇਵਲ ਮਾਣ ਨਾਲ ਜੀਉਣ ਦੀ ਤਾਂਘ ਪੈਦਾ ਕਰਨੀ ਹੀ ਕਾਫ਼ੀ ਨਹੀਂ ਹੈ, ਸਗੋਂ ਉਨਾਂ ਲਈ ਇੱਕ ਸਦੀਵੀ ਜੀਵਨ ਜਾਚ ਬਣਾਉਣ ਦੀ ਲੋੜ ਹੈ ਜਿਸ ਦੀ ਸੇਧੇ ਉਹ ਸੱਚ, ਹੱਕ ਤੇ ਬਰਾਬਰੀ ਵਾਲਾ ਜੀਵਨ ਜੀਅ ਸਕਣ।
ਇਸ ਦਰਮਿਆਨ ਜਹਾਂਗੀਰ ਦੇ ਰਾਜ ਅੰਦਰਲੇ ਚੁਗ਼ਲਖੋਰਾਂ ਪਿ੍ਰਥੀ ਚੰਦ, ਚੰਦੂ ਸ਼ਾਹ, ਸ਼ੇਖ਼ ਮੁਜੱਦਦ ਅਲਫ਼ਸਾਨੀ ਤੇ ਸ਼ੇਖ਼ ਬੁਖਾਰੀ ਗੁਰੂ ਸਾਹਿਬ ਵਿਰੱੁਧ ਝੂਠੀਆਂ ਤੋਹਮਤਾਂ ਲਾਉਂਦੇ ਰਹੇ। ਉਨਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਵਿਰੁਧ ਖ਼ੂਬ ਭੜਕਾਇਆ ਅਤੇ ਖ਼ੁਸਰੋ ਦੀ ਮਦਦ ਕਰਨ ਦਾ ਵੀ ਇਲਜ਼ਾਮ ਲਗਾਇਆ। ਗੁਰੂ ਘਰ ਪ੍ਰਤੀ ਸੰਗਤ ਵਿਚ ਵਧ ਰਹੀ ਸ਼ਰਧਾ ਬਾਰੇ ਸੁਣਨਾ ਹਾਕਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੀ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿੱਚ ਸੀ ਕਿ ਉਸ ਨੂੰ ਕਦੋਂ ਕੋਈ ਬਹਾਨਾ ਮਿਲੇ ਅਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ‘ਤੁਜ਼ਕੇ ਜਹਾਂਗੀਰੀ’ ਵਿਚ ਵੀ ਕਰਦਾ ਹੈ। ਉਸ ਨੂੰ ਬਹਾਨੇ ਦੀ ਤਲਾਸ਼ ਸੀ ਜੋ ਉਸ ਨੂੰ ਖੁਸਰੋ ਦੀ ਬਗਾਵਤ ’ਚੋਂ ਮਿਲਿਆ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਸਹਾਇਕ ਬਣੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ‘ਯਾਸਾ-ਏ-ਸਿਆਸਤ’ ਅਧੀਨ ਸਜ਼ਾ ਦਿੱਤੀ ਜਿਸ ਤੋਂ ਭਾਵ ਹੈ ਤਸੀਹੇ ਦੇ ਕੇ ਮਾਰਨਾ। ਇਸ ਤਰਾਂ ਜਹਾਂਗੀਰ ਦੇ ਹੁਕਮ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਨੂੰ ਸ਼ਹੀਦ ਕਰਨ ਸਮੇਂ ਕਈ ਤਰਾਂ ਦੇ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ। ਜ਼ਾਲਿਮਾਂ ਵੱਲੋਂ ਭਰ ਗਰਮੀ ਦੇ ਮੌਸਮ ਵਿਚ ਗੁਰੂ ਸਾਹਿਬ ਨੂੰ ਉਬਲਦੀ ਦੇਗ਼ ਵਿਚ ਬਿਠਾਇਆ ਗਿਆ, ਤੱਤੀ ਤਵੀ ’ਤੇ ਚੌਂਕੜਾ ਲਵਾਇਆ ਗਿਆ ਅਤੇ ਪਾਵਨ ਸੀਸ ’ਤੇ ਸੜਦੀ-ਬਲ਼ਦੀ ਰੇਤਾ ਪਾਈ ਗਈ। ਸਭ ਸਰੀਰਕ ਕਸ਼ਟਾਂ ਨੂੰ ਬੜੇ ਸਹਿਜ ਵਿਚ ਸਹਾਰਦਿਆਂ ਇਸ ਨੂੰ ਕਰਤਾਰ ਦਾ ਭਾਣਾ ਸਮਝ ਕੇ ਗੁਰੂ ਸਾਹਿਬ ਅਡੋਲ ਰਹੇ। ਇਸ ਤਰਾਂ ਅਨੇਕਾਂ ਤਸੀਹੇ ਦੇ ਕੇ ਸੰਨ 1606 ਈ: ਵਿਚ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹਾਦਤ ਵਾਲੇ ਸਥਾਨ ’ਤੇ ਰਾਵੀ ਕੰਢੇ ਲਾਹੌਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ।
ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ / Photo Courtesy
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਕੌਮ ਵਿਚ ਜ਼ੁਲਮ ਦਾ ਟਾਕਰਾ ਕਰਨ, ਕਸ਼ਟਾਂ ਨੂੰ ਖਿੜੇ-ਮੱਥੇ ਸਹਾਰਨ ਅਤੇ ਧਰਮ ਲਈ ਕੁਰਬਾਨ ਹੋਣ ਦਾ ਜਜ਼ਬਾ ਭਰ ਦਿੱਤਾ ਅਤੇ ਆਤਮ-ਭਰੋਸੇ ਨੇ ਉਨਾਂ ਦੇ ਅੰਦਰ ਨਵੀਂ ਰੂਹ ਦਾ ਸੰਚਾਰ ਵੀ ਕਰ ਦਿੱਤਾ। ਉਨਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਸਮੇਂ ਦੀ ਲੋੜ ਅਨੁਸਾਰ ਕੇਵਲ ਭਗਤੀ ਹੀ ਕਾਫੀ ਨਹੀਂ ਸਗੋਂ ਭਗਤੀ ਨਾਲ ਸ਼ਕਤੀ ਵੀ ਜ਼ਰੂਰੀ ਹੈ। ਉਨਾਂ ਦੀ ਕੁਰਬਾਨੀ ਉਪਰੰਤ ‘ਸੰਤ ਤੇ ਸਿਪਾਹੀ’ ਦਾ ਫਲਸਫ਼ਾ ਰੂਪਮਾਨ ਹੋਇਆ ਅਤੇ ਸਿੱਖਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਣ ਲੱਗੀ। ਉਨਾਂ ਨੇ ਘੋੜ-ਸਵਾਰੀ ਤੇ ਹਥਿਆਰ ਚਲਾਉਣ ਦੀ ਕਲਾ ਵਿਚ ਪ੍ਰਬੀਨਤਾ ਹਾਸਲ ਕਰ ਲਈ। ਅਤਿਆਚਾਰੀ ਮੁਗ਼ਲ ਹਕੂਮਤ ਦੇ ਖਾਤਮੇ ਲਈ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿਚ ਉਹ ਇੱਕ ਹੋ ਕੇ ਲੜਨ ਲਈ ਤਿਆਰ-ਬਰ-ਤਿਆਰ ਹੋ ਗਏ। ਜ਼ਾਲਮ ਹਕੂਮਤ ਦਾ ਖ਼ਾਤਮਾ ਕਰਨ ਲਈ ਸਿੱਖ ਕੌਮ ਹਥਿਆਰਬੰਦ ਹੋ ਗਈ। ਸਾਹਸੀ ਤੇ ਬਹਾਦਰ ਸਿੱਖ ਫ਼ੌਜ ਦੀ ਨੀਂਹ ਰੱਖੀ ਗਈ ਜਿਸ ਨੇ ਜੰਗ ਦੇ ਮੈਦਾਨ ਵਿਚ ਮੁਗ਼ਲ ਹਕੂਮਤ ਦੇ ਛੱਕੇ ਛੁਡਾ ਦਿੱਤੇ। ਇਸ ਤਰਾਂ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖੀ ਮਹਿਲ ਦੀਆਂ ਨੀਂਹਾਂ ਇੰਨੀਆਂ ਮਜ਼ਬੂਤ ਕਰ ਦਿੱਤੀਆਂ ਕਿ ਉਨਾਂ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਹੋਰ ਅਨੇਕਾਂ ਸਿੰਘਾਂ-ਸਿੰਘਣੀਆਂ ਨੇ ਮਹਾਨ ਮਹਿਲ ਉਸਾਰ ਦਿੱਤਾ ਅਤੇ ਓਸੇ ਕੌਮ ਅਤੇ ਖ਼ਾਲਸਾ ਪੰਥ ਦੇ ਚਾਨਣ ਦੀ ਲੌਅ ਅੱਜ ਸਾਰੀ ਦੁਨੀਆਂ ਵੇਖਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login