ADVERTISEMENT

ADVERTISEMENT

ਪੁਲਾੜ ਯਾਤਰਾ ਤੋਂ ਰਾਸ਼ਟਰੀ ਪਹਿਚਾਣ ਤੱਕ

ਨਾਸਾ ਤੋਂ ਉਹਨਾਂ ਦੀ ਸੇਵਾਮੁਕਤੀ ਉਸ ਅਧਿਆਇ ਦਾ ਸਮਾਪਤ ਹੋਣਾ ਹੈ ਜੋ ਇਹ ਦਰਸਾਉਂਦਾ ਹੈ ਕਿ ਪ੍ਰਵਾਸੀ ਵਿਰਾਸਤ ਕਿਵੇਂ ਅਮਰੀਕੀ ਜੀਵਨ ਦਾ ਅਟੁੱਟ ਹਿੱਸਾ ਬਣ ਸਕਦੀ ਹੈ

ਕੇਰਲ ਲਿਟਫੈਸਟ ਵਿੱਚ ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਸਪੇਸ ਸਰਹੱਦਾਂ ਨੂੰ ਮਿਟਾ ਦਿੰਦੀ ਹੈ / New India Abroad

ਸੁਨੀਤਾ ਵਿਲੀਅਮਜ਼ ਅਮਰੀਕਾ ਵਿੱਚ ਭਾਰਤੀ ਡਾਇਸਪੋਰਾ ਦੀਆਂ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਹਨ। ਉਹਨਾਂ ਦੀ ਪਹਿਚਾਣ ਸਿਰਫ਼ ਉਹਨਾਂ ਦੇ ਪਿਛੋਕੜ ਨਾਲ ਨਹੀਂ, ਸਗੋਂ ਉਹਨਾਂ ਦੀਆਂ ਉਪਲਬਧੀਆਂ, ਅਟੱਲ ਚਰਿੱਤਰ ਅਤੇ ਵਿਸ਼ਾਲ ਪ੍ਰਭਾਵ ਨਾਲ ਬਣਦੀ ਹੈ। ਨਾਸਾ ਤੋਂ ਉਹਨਾਂ ਦੀ ਸੇਵਾਮੁਕਤੀ ਉਸ ਅਧਿਆਇ ਦਾ ਸਮਾਪਤ ਹੋਣਾ ਹੈ ਜੋ ਇਹ ਦਰਸਾਉਂਦਾ ਹੈ ਕਿ ਪ੍ਰਵਾਸੀ ਵਿਰਾਸਤ ਕਿਵੇਂ ਅਮਰੀਕੀ ਜੀਵਨ ਦਾ ਅਟੁੱਟ ਹਿੱਸਾ ਬਣ ਸਕਦੀ ਹੈ।

27 ਸਾਲਾਂ ਤੋਂ ਵੱਧ ਦੀ ਸੇਵਾ ਦੌਰਾਨ, ਵਿਲੀਅਮਜ਼ ਨੇ ਸਿਰਫ਼ ਪੁਲਾੜ ਯਾਤਰਾ ਹੀ ਨਹੀਂ ਕੀਤੀ, ਸਗੋਂ ਉਸਨੂੰ ਇਕ ਡੂੰਘਾ ਅਰਥ ਵੀ ਦਿੱਤਾ। ਔਰਬਿਟ ਵਿੱਚ 608 ਦਿਨ ਬਿਤਾਉਣਾ, 9 ਸਪੇਸਵਾਕ ਪੂਰੇ ਕਰਨਾ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਅਗਵਾਈ ਕਰਨਾ ਅਤੇ ਪੁਲਾੜ ਵਿੱਚ ਮੈਰਾਥਨ ਵਰਗੀਆਂ ਉਪਲਬਧੀਆਂ ਉਸ ਅਨੁਸ਼ਾਸਨ ਅਤੇ ਦ੍ਰਿੜਤਾ ਦੀ ਗਵਾਹੀ ਹਨ ਜੋ ਉਹਨਾਂ ਨੇ ਯੂਐਸ ਨੇਵੀ ਵਿੱਚ ਸਿੱਖੀ ਅਤੇ ਨਾਸਾ ਵਿੱਚ ਨਿਖਾਰੀ। ਇਹ ਸਾਰੀਆਂ ਪ੍ਰਾਪਤੀਆਂ ਕਰਦਿਆਂ, ਉਨ੍ਹਾਂ ਕਦੇ ਵੀ ਆਪਣੀਆਂ ਜੜ੍ਹਾਂ ਤੋਂ ਮੂੰਹ ਨਹੀਂ ਮੋੜਿਆ।

ਵਿਲੀਅਮਜ਼ ਨੇ ਆਪਣੀ ਪਹਿਚਾਣ ਦਾ ਡੰਕਾ ਨਹੀਂ ਪਿਟਿਆ, ਉਹਨਾਂ ਨੇ ਉਸਨੂੰ ਸਾਦਗੀ ਨਾਲ ਜੀਅ ਕੇ ਵਿਖਾਇਆ। ਭਗਵਦ ਗੀਤਾ ਨੂੰ ਪੁਲਾੜ ਵਿੱਚ ਨਾਲ ਲਿਜਾਣਾ, ਔਰਬਿਟ ਵਿੱਚ ਦੀਵਾਲੀ ਮਨਾਉਣਾ ਅਤੇ ਦੁਨੀਆ ਭਰ ਦੇ ਸਕੂਲੀ ਬੱਚਿਆਂ ਨਾਲ ਸੰਵਾਦ ਕਰਨਾ ਵੰਡ ਪੈਦਾ ਕਰਨ ਵਾਲੇ ਕਦਮ ਨਹੀਂ ਸਨ, ਸਗੋਂ ਸੱਭਿਆਚਾਰਕ ਜੋੜ ਬਣਾਉਣ ਦੇ ਸਾਧਨ ਸਨ। ਇਹ ਸਭ ਕੁਝ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਕਿਸੇ ਦੇਸ਼ ਨਾਲ ਵਫਾਦਾਰੀ ਦਾ ਮਤਲਬ ਆਪਣੀ ਅਸਲ ਪਹਿਚਾਣ ਤੋਂ ਦੂਰ ਹੋਣਾ ਨਹੀਂ ਹੁੰਦਾ। ਉਹਨਾਂ ਦਾ ਕਰੀਅਰ ਸਾਫ਼ ਦੱਸਦਾ ਹੈ ਕਿ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣਾ ਕਦੇ ਵੀ ਰਾਸ਼ਟਰੀ ਸੇਵਾ ਨੂੰ ਕਮਜ਼ੋਰ ਨਹੀਂ ਕਰਦਾ।

ਭਵਿੱਖ ਦੀਆਂ ਪ੍ਰਵਾਸੀ ਪੀੜ੍ਹੀਆਂ ਲਈ, ਸੁਨੀਤਾ ਵਿਲੀਅਮਜ਼ ਇੱਕ ਪ੍ਰੇਰਣਾਦਾਇਕ ਮਿਸਾਲ ਹਨ। ਸਮਾਜ ਵਿੱਚ ਰਲਣ ਦਾ ਅਰਥ ਇਹ ਨਹੀਂ ਕਿ ਆਪਣੀ ਪਹਿਚਾਣ ਬਾਰੇ ਚੁੱਪ ਸਾਧ ਲਈ ਜਾਵੇ। ਸਖ਼ਤ ਮਿਹਨਤ, ਪੂਰੀ ਤਿਆਰੀ ਅਤੇ ਦੂਜਿਆਂ ਦੀ ਸੇਵਾ, ਇਹੀ ਸਨਮਾਨ ਅਤੇ ਆਪਣੇਪਣ ਦੀ ਭਾਵਨਾ ਹਾਸਲ ਕਰਨ ਦੇ ਸਭ ਤੋਂ ਪੱਕੇ ਰਸਤੇ ਹਨ। ਅਮਰੀਕਾ ਲਈ, ਉਹ ਇਸ ਗੱਲ ਦਾ ਜਿਉਂਦਾ-ਜਾਗਦਾ ਸਬੂਤ ਹਨ ਕਿ ਦੇਸ਼ ਉਸ ਵੇਲੇ ਸਭ ਤੋਂ ਵੱਧ ਫਲਦਾ-ਫੁਲਦਾ ਹੈ ਜਦੋਂ ਪ੍ਰਤਿਭਾ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ, ਉਸ ‘ਤੇ ਭਰੋਸਾ ਕੀਤਾ ਜਾਂਦਾ ਹੈ ਅਤੇ ਉਸਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।

ਸੁਨੀਤਾ ਵਿਲੀਅਮਜ਼ ਨੇ ਸ਼ਾਬਦਿਕ ਅਰਥਾਂ ਵਿੱਚ ਮਨੁੱਖੀ ਹੱਦਾਂ ਤੋਂ ਉੱਪਰ ਉੱਠ ਕੇ ਦਿਖਾਇਆ ਅਤੇ ਇਸ ਯਾਤਰਾ ਰਾਹੀਂ ਅਣਗਿਣਤ ਹੋਰਾਂ ਲਈ ਵੀ ਉੱਚੀਆਂ ਉਡਾਣਾਂ ਦੇ ਸੁਪਨੇ ਵੇਖਣ ਦੀ ਥਾਂ ਬਣਾਈ। ਉਹਨਾਂ ਦੀ ਕਹਾਣੀ ਨੌਜਵਾਨ ਅਮਰੀਕੀਆਂ ਨੂੰ ਯਾਦ ਦਿਵਾਉਂਦੀ ਹੈ ਕਿ ਕਿਸੇ ਦੀ ਪੈਦਾਇਸ਼ ਨਹੀਂ ਸਗੋਂ ਸਾਂਝੇ ਮੁੱਲ ਹੀ ਇੱਕ ਬਦਲਦੇ, ਮਜ਼ਬੂਤ ਅਤੇ ਆਸ਼ਾਵਾਦੀ ਦੇਸ਼ ਵਿੱਚ ਅਸਲ ਆਪਣੇਪਣ ਦੀ ਨੀਂਹ ਹੁੰਦੇ ਹਨ।

Comments

Related