ADVERTISEMENT

ADVERTISEMENT

ਇੱਕ ਸਧਾਰਨ ਪਰਿਵਾਰ ਤੋਂ ਰਾਸ਼ਟਰੀ ਮੰਚ ਤੱਕ -ਪੰਡਿਤ ਮਦਨ ਮੋਹਨ ਮਾਲਵੀਆ

ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਪੱਖ ਵੀ ਸੀ ਜਿਸ ਨੇ ਪੰਜਾਬ ਦੇ ਸਿੱਖਾਂ ਦੇ ਤਿਆਗ ਅਤੇ ਬਹਾਦਰੀ ਨੂੰ ਦੂਰੋਂ ਨਹੀਂ, ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਉਸ ਦੀ ਕਦਰ ਕੀਤੀ।

 ਪੰਡਿਤ ਮਦਨ ਮੋਹਨ ਮਾਲਵੀਆ ਪੰਡਿਤ ਮਦਨ ਮੋਹਨ ਮਾਲਵੀਆ / Photo Courtesy

ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਸਿਰਫ ਜੇਲ੍ਹਾਂ, ਜਲੂਸਾਂ ਅਤੇ ਰਾਜਨੀਤਿਕ ਅੰਦੋਲਨਾਂ ਦਾ ਇਤਿਹਾਸ ਨਹੀਂ। ਇਹ ਉਨ੍ਹਾਂ ਲੋਕਾਂ ਦੀ ਕਹਾਣੀ ਵੀ ਹੈ ਜਿਨ੍ਹਾਂ ਨੇ ਸਿੱਖਿਆ, ਪੱਤਰਕਾਰੀ, ਸਮਾਜ-ਸੇਵਾ, ਕਾਨੂੰਨ ਅਤੇ ਲੋਕ-ਜਾਗਰੂਕਤਾ ਨੂੰ ਦੇਸ਼ ਦੀ ਆਜ਼ਾਦੀ ਨਾਲ ਜੋੜ ਦਿੱਤਾ। ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਜੀ ਅਜਿਹੀ ਹੀ ਇੱਕ ਬਹੁਪੱਖੀ ਸਖਸ਼ੀਅਤ ਸਨ।
ਉਹ ਰਾਜਨੀਤਿਕ ਆਗੂ ਸਨ, ਪਰ ਉਨ੍ਹਾਂ ਦੀ ਪਛਾਣ ਸਿਰਫ ਰਾਜਨੀਤੀ ਤੱਕ ਸੀਮਤ ਨਹੀਂ ਸੀ। ਉਹ ਸਿੱਖਿਆ ਦੇ ਵੱਡੇ ਹਮਾਇਤੀ, ਪੱਤਰਕਾਰ, ਵਕੀਲ, ਸਮਾਜ-ਸੇਵੀ ਅਤੇ ਰਾਸ਼ਟਰੀ ਚੇਤਨਾ ਦੇ ਪ੍ਰਚਾਰਕ ਸਨ। ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਸੀ ਕਿ ਭਾਰਤ ਵਿੱਚ ਅਜਿਹੀ ਸਿੱਖਿਆ ਪ੍ਰਣਾਲੀ ਖੜ੍ਹੀ ਕੀਤੀ ਜਾਵੇ ਜੋ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਨਾਲ ਭਾਰਤੀ ਸੱਭਿਆਚਾਰ, ਚਰਿੱਤਰ ਅਤੇ ਰਾਸ਼ਟਰੀ ਚੇਤਨਾ ਨੂੰ ਵੀ ਮਜ਼ਬੂਤ ਕਰੇ। ਇਸ ਸੁਪਨੇ ਦਾ ਸਭ ਤੋਂ ਵੱਡਾ ਰੂਪ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਦੀ ਸਥਾਪਨਾ 1916 ਵਿੱਚ ਹੋਈ।
ਮਦਨ ਮੋਹਨ ਮਾਲਵੀਆ ਜੀ ਦਾ ਜਨਮ 25 ਦਸੰਬਰ 1861 ਨੂੰ ਇਲਾਹਾਬਾਦ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਵਿਦਵਤਾ ਅਤੇ ਧਾਰਮਿਕ ਪ੍ਰੰਪਰਾ ਨਾਲ ਜੁੜਿਆ ਹੋਇਆ ਸੀ, ਪਰ ਆਰਥਿਕ ਪੱਖੋਂ ਬਹੁਤ ਅਮੀਰ ਨਹੀਂ ਸੀ। ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਸਿੱਖਿਆ ਪ੍ਰਾਪਤ ਕੀਤੀ ਅਤੇ ਅੱਗੇ ਚੱਲ ਕੇ ਕਾਨੂੰਨ ਦੀ ਪੜ੍ਹਾਈ ਕੀਤੀ।
ਉਨ੍ਹਾਂ ਨੇ ਅਧਿਆਪਕ ਵਜੋਂ ਵੀ ਕੰਮ ਕੀਤਾ ਅਤੇ ਬਾਅਦ ਵਿੱਚ ਵਕਾਲਤ ਨੂੰ ਆਪਣਾ ਪੇਸ਼ਾ ਬਣਾਇਆ। ਪਰ ਉਨ੍ਹਾਂ ਦੀ ਅਸਲ ਰੁਚੀ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਸੀ। ਹੌਲੀ-ਹੌਲੀ ਉਹ ਰਾਸ਼ਟਰੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਆਵਾਜ਼ ਬਣ ਗਏ।
ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਚਾਰ ਵਾਰ ਪ੍ਰਧਾਨ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰਕਾਰੀ ਨੂੰ ਵੀ ਲੋਕ-ਜਾਗਰੂਕਤਾ ਦਾ ਮਾਧਿਅਮ ਬਣਾਇਆ। ਉਹ ‘ਦ ਲੀਡਰ’ ਵਰਗੇ ਅਖਬਾਰਾਂ ਨਾਲ ਜੁੜੇ ਅਤੇ ਬਾਅਦ ਵਿੱਚ ‘ਹਿੰਦੁਸਤਾਨ ਟਾਈਮਜ਼’ ਨਾਲ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
ਮਾਲਵੀਆ ਜੀ ਦੀ ਸੋਚ ਵਿੱਚ ਸਿੱਖਿਆ ਦਾ ਸਥਾਨ ਸਭ ਤੋਂ ਉੱਪਰ ਸੀ। ਉਨ੍ਹਾਂ ਦਾ ਵਿਸ਼ਵਾਸ਼ ਸੀ ਕਿ ਜੇ ਭਾਰਤ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਨੌਜਵਾਨਾਂ ਨੂੰ ਸਿਰਫ ਕਿਤਾਬੀ ਗਿਆਨ ਨਹੀਂ, ਸਗੋਂ ਚੰਗਾ ਚਰਿੱਤਰ, ਦੇਸ਼-ਪ੍ਰੇਮ, ਵਿਗਿਆਨਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਦੇਣੀ ਹੋਵੇਗੀ।
ਇਸੇ ਵਿਚਾਰ ਨੇ ਉਨ੍ਹਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਵੱਲ ਲੈ ਕੇ ਗਿਆ। ਯੂਨੀਵਰਸਿਟੀ ਦਾ ਸੁਪਨਾ ਸਿਰਫ ਇੱਕ ਧਾਰਮਿਕ ਜਾਂ ਰਵਾਇਤੀ ਸਿੱਖਿਆ ਕੇਂਦਰ ਬਣਾਉਣਾ ਨਹੀਂ ਸੀ। ਇਸ ਵਿੱਚ ਵਿਗਿਆਨ, ਤਕਨਾਲੋਜੀ, ਡਾਕਟਰੀ, ਖੇਤੀਬਾੜੀ ਅਤੇ ਹੋਰ ਆਧੁਨਿਕ ਵਿਸ਼ਿਆਂ ਦੀ ਸਿੱਖਿਆ ਨੂੰ ਵੀ ਮਹੱਤਵ ਦਿੱਤਾ ਗਿਆ।
ਉਨ੍ਹਾਂ ਦੀ ਇਹ ਸੋਚ ਅੱਜ ਵੀ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਰਾਸਤ ਵਿੱਚ ਨਜ਼ਰ ਆਉਂਦੀ ਹੈ। ਯੂਨੀਵਰਸਿਟੀ ਉਨ੍ਹਾਂ ਨੂੰ ਆਪਣੇ ਸੰਸਥਾਪਕ ਅਤੇ ਰਾਸ਼ਟਰ-ਨਿਰਮਾਣ ਦੀ ਦੂਰਦਰਸ਼ੀ ਸੋਚ ਵਾਲੇ ਆਗੂ ਵਜੋਂ ਯਾਦ ਕਰਦੀ ਹੈ।

ਮਾਲਵੀਆ ਜੀ ਦੀ ਸਖਸ਼ੀਅਤ ਦਾ ਇੱਕ ਅਜਿਹਾ ਪੱਖ ਵੀ ਹੈ ਜਿਸ ਬਾਰੇ ਆਮ ਤੌਰ ’ਤੇ ਘੱਟ ਗੱਲ ਹੁੰਦੀ ਹੈ, ਉਹ ਹੈ ਪੰਜਾਬ ਅਤੇ ਸਿੱਖਾਂ ਦੇ ਸੰਘਰਸ਼ ਪ੍ਰਤੀ ਉਨ੍ਹਾਂ ਦੀ ਸੰਵੇਦਨਾ। 1920 ਦੇ ਦਹਾਕੇ ਵਿੱਚ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ। ਇਸ ਲਹਿਰ ਦਾ ਇੱਕ ਮਹੱਤਵਪੂਰਨ ਪੜਾਅ ਗੁਰੂ ਕਾ ਬਾਗ ਮੋਰਚਾ ਸੀ। ਅਕਾਲੀ ਸੇਵਾਦਾਰ ਗੁਰਦੁਆਰੇ ਨਾਲ ਸਬੰਧਤ ਹੱਕਾਂ ਲਈ ਅਹਿੰਸਕ ਢੰਗ ਨਾਲ ਅੱਗੇ ਵਧ ਰਹੇ ਸਨ ਅਤੇ ਬਰਤਾਨਵੀ ਪੁਲਿਸ ਵੱਲੋਂ ਉਨ੍ਹਾਂ ’ਤੇ ਲਾਠੀਆਂ ਵਰਤੀਆਂ ਜਾ ਰਹੀਆਂ ਸਨ।
ਮਾਲਵੀਆ ਜੀ ਖੁਦ ਸਤੰਬਰ 1922 ਵਿੱਚ ਗੁਰੂ ਕਾ ਬਾਗ ਪਹੁੰਚੇ। ਇਤਿਹਾਸਕ ਵੇਰਵਿਆਂ ਅਨੁਸਾਰ ਉਨ੍ਹਾਂ ਨੇ ਜ਼ਖਮੀ ਅਕਾਲੀਆਂ ਨੂੰ ਦੇਖਿਆ, ਹਾਲਾਤਾਂ ਦਾ ਨਿਰੀਖਣ ਕੀਤਾ ਅਤੇ ਪੁਲਿਸ ਦੀ ਕਾਰਵਾਈ ’ਤੇ ਇਤਰਾਜ ਪ੍ਰਗਟ ਕੀਤਾ। ਉਸ ਸਮੇਂ ਉਨ੍ਹਾਂ ਦੇ ਨਾਲ ਹੋਰ ਰਾਸ਼ਟਰੀ ਆਗੂ ਅਤੇ ਪੱਤਰਕਾਰ ਵੀ ਮੌਜੂਦ ਸਨ। ਇਹ ਦਿ੍ਰਸ਼ ਉਨ੍ਹਾਂ ਉੱਤੇ ਡੂੰਘਾ ਪ੍ਰਭਾਵ ਛੱਡ ਗਿਆ। 
ਇਸੇ ਸੰਦਰਭ ਵਿੱਚ ਮਾਲਵੀਆ ਜੀ ਨਾਲ ਇੱਕ ਬਹੁਤ ਪ੍ਰਸਿੱਧ ਬਿਆਨ ਜੋੜਿਆ ਜਾਂਦਾ ਹੈ। ਇਤਿਹਾਸਕ ਲਿਖਤਾਂ ਵਿੱਚ ਉਨ੍ਹਾਂ ਦੇ ਸ਼ਬਦ ਇਸ ਤਰ੍ਹਾਂ ਦਰਜ ਹਨ ਕਿ ਉਨ੍ਹਾਂ ਨੇ ਕਿਹਾ ਕਿ ਹਰ ਹਿੰਦੂ ਘਰ ਵਿੱਚ ਘੱਟੋ-ਘੱਟ ਇੱਕ ਪੁੱਤਰ ਨੂੰ ਖਾਲਸੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਕਿਉਂਕਿ ਜੋ ਕੁਝ ਉਹ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਸਨ, ਉਹ ਉਨ੍ਹਾਂ ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ਅਸਾਧਾਰਣ ਘਟਨਾ ਜਾਪੀ।
ਇਸ ਕਥਨ ਨੂੰ ਉਸ ਸਮੇਂ ਦੇ ਸੰਦਰਭ ਵਿੱਚ ਸਮਝਣਾ ਬਹੁਤ ਜਰੂਰੀ ਹੈ। ਇਹ ਕਿਸੇ ਧਰਮ ਨੂੰ ਬਦਲਣ ਦੀ ਸਧਾਰਨ ਅਪੀਲ ਵਜੋਂ ਨਹੀਂ, ਸਗੋਂ ਸਿੱਖਾਂ ਦੀ ਨਿਡਰਤਾ, ਅਨੁਸਾਸ਼ਨ, ਤਿਆਗ ਅਤੇ ਅਹਿੰਸਕ ਦਿ੍ਰੜ੍ਹਤਾ ਤੋਂ ਪ੍ਰਭਾਵਿਤ ਹੋ ਕੇ ਕੀਤੀ ਗਈ ਟਿੱਪਣੀ ਵਜੋਂ ਸਾਹਮਣੇ ਆਉਂਦਾ ਹੈ।
ਗੁਰੂ ਕਾ ਬਾਗ ਦੇ ਮੋਰਚੇ ਵਿੱਚ ਅਕਾਲੀ ਜਥੇ ਲਾਠੀਆਂ ਖਾਂਦੇ ਹੋਏ ਵੀ ਹੱਥ ਨਾ ਚੁੱਕਣ ਦੀ ਸਹੁੰ ਨਿਭਾ ਰਹੇ ਸਨ। ਇਸ ਦਿ੍ਰੜ੍ਹਤਾ ਨੇ ਦੇਸ਼ ਦੇ ਕਈ ਆਗੂਆਂ ਅਤੇ ਨਿਗਰਾਨਾਂ ਨੂੰ ਪ੍ਰਭਾਵਿਤ ਕੀਤਾ। ਸਮਕਾਲੀ ਵੇਰਵਿਆਂ ਵਿੱਚ ਵੀ ਮਾਲਵੀਆ ਜੀ ਦੀ ਗੁਰੂ ਕਾ ਬਾਗ ਵਿੱਚ ਮੌਜੂਦਗੀ ਦਰਜ ਹੈ।

ਮਾਲਵੀਆ ਜੀ ਦਾ ਸਿੱਖਾਂ ਪ੍ਰਤੀ ਰੁਖ ਸਿਰਫ ਇੱਕ ਭਾਸ਼ਣ ਤੱਕ ਸੀਮਤ ਨਹੀਂ ਸੀ। 1925 ਵਿੱਚ ਗੁਰਦੁਆਰਾ ਬਿੱਲ ਨਾਲ ਸਬੰਧਤ ਸਿੱਖ ਕੈਦੀਆਂ ਦੀ ਰਿਹਾਈ ਦੇ ਮਸਲੇ ’ਤੇ ਉਨ੍ਹਾਂ ਨੇ ਕੇਂਦਰੀ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਅਪੀਲ ਕੀਤੀ। ਉਸ ਸਮੇਂ ਦੀ ‘ਦ ਟਿ੍ਰਬਿਊਨ’ ਦੀ ਰਿਪੋਰਟ ਵਿੱਚ ਉਨ੍ਹਾਂ ਦੀ ਅਪੀਲ ਨੂੰ “moving appeal” ਵਜੋਂ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਕਾਨੂੰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਿੱਖ ਕੈਦੀਆਂ ਦੀ ਰਿਹਾਈ ਵੀ ਜ਼ਰੂਰੀ ਹੈ। ਉਨ੍ਹਾਂ ਦੀ ਅਪੀਲ ਨੂੰ ਮੁਹੰਮਦ ਅਲੀ ਜਿੰਨਾਹ ਨੇ ਵੀ ਸਮਰਥਨ ਦਿੱਤਾ।
ਇਹ ਘਟਨਾ ਦੱਸਦੀ ਹੈ ਕਿ ਮਾਲਵੀਆ ਜੀ ਲਈ ਪੰਜਾਬ ਅਤੇ ਸਿੱਖਾਂ ਦਾ ਮਸਲਾ ਸਿਰਫ ਦੂਰੋਂ ਦੇਖਣ ਵਾਲਾ ਰਾਜਨੀਤਿਕ ਵਿਸ਼ਾ ਨਹੀਂ ਸੀ। ਉਹ ਇਸ ਨੂੰ ਭਾਰਤ ਦੀ ਵੱਡੀ ਰਾਸ਼ਟਰੀ ਲੜਾਈ ਦੇ ਹਿੱਸੇ ਵਜੋਂ ਵੀ ਦੇਖਦੇ ਸਨ।
ਮਾਲਵੀਆ ਜੀ ਨੇ ਵਕਾਲਤ ਨੂੰ ਵੀ ਲੋਕ-ਸੇਵਾ ਦਾ ਮਾਧਿਅਮ ਬਣਾਇਆ। ਚੌਰੀ ਚੌਰਾ ਮਾਮਲੇ ਵਿੱਚ ਉਨ੍ਹਾਂ ਨੇ ਕਈ ਦੋਸ਼ੀਆਂ ਦੀ ਪੈਰਵੀ ਕੀਤੀ। ਉਪਲਬਧ ਜੀਵਨੀ ਸਰੋਤਾਂ ਅਨੁਸਾਰ ਉਨ੍ਹਾਂ ਦੀ ਕਾਨੂੰਨੀ ਕੋਸ਼ਿਸ਼ ਨਾਲ ਕਈ ਦੋਸ਼ੀਆਂ ਦੀ ਮੌਤ ਦੀ ਸਜ਼ਾ ਟਲ ਗਈ।
ਇਹ ਉਨ੍ਹਾਂ ਦੀ ਸਖਸ਼ੀਅਤ ਦੇ ਉਸ ਪੱਖ ਨੂੰ ਸਾਹਮਣੇ ਲਿਆਉਂਦਾ ਹੈ ਜਿਸ ਵਿੱਚ ਉਹ ਆਪਣੇ ਵਿਚਾਰਾਂ ਨਾਲ ਅਸਹਿਮਤ ਲੋਕਾਂ ਲਈ ਵੀ ਕਾਨੂੰਨੀ ਨਿਆਂ ਦੀ ਲੜਾਈ ਲੜਨ ਨੂੰ ਤਿਆਰ ਰਹਿੰਦੇ ਸਨ।
ਮਾਲਵੀਆ ਜੀ ਜ਼ਿੰਦਗੀ ਵਿੱਚ ਸਿੱਖਿਆ, ਰਾਸ਼ਟਰਵਾਦ, ਪੱਤਰਕਾਰੀ, ਕਾਨੂੰਨ ਅਤੇ ਸਮਾਜ-ਸੇਵਾ ਇਕੱਠੇ ਦਿਖਾਈ ਦਿੰਦੇ ਹਨ। ਉਹ ਧਾਰਮਿਕ ਵਿਸ਼ਵਾਸ਼ਾਂ ਵਾਲੇ ਆਗੂ ਸਨ, ਪਰ ਰਾਸ਼ਟਰੀ ਜੀਵਨ ਵਿੱਚ ਵੱਖ-ਵੱਖ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ’ਤੇ ਵੀ ਜੋਰ ਦਿੰਦੇ ਸਨ। ਉਨ੍ਹਾਂ ਦੇ ਕਈ ਭਾਸ਼ਣਾਂ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ ਅਤੇ ਹੋਰ ਭਾਰਤੀਆਂ ਨੂੰ ਰਾਸ਼ਟਰੀ ਏਕਤਾ ਲਈ ਇਕੱਠੇ ਹੋਣ ਦੀ ਅਪੀਲ ਮਿਲਦੀ ਹੈ।

ਮਦਨ ਮੋਹਨ ਮਾਲਵੀਆ ਜੀ ਦਾ ਦਿਹਾਂਤ 12 ਨਵੰਬਰ 1946 ਨੂੰ ਹੋਇਆ। ਭਾਰਤ ਦੀ ਆਜਾਦੀ ਤੋਂ ਕੁਝ ਮਹੀਨੇ ਪਹਿਲਾਂ। ਪਰ ਉਨ੍ਹਾਂ ਦੀ ਬਣਾਈ ਸਿੱਖਿਆ ਦੀ ਸੰਸਥਾ ਅਤੇ ਉਨ੍ਹਾਂ ਦੀਆਂ ਵਿਚਾਰਧਾਰਕ ਕੋਸ਼ਿਸ਼ਾਂ ਨੇ ਆਉਣ ਵਾਲੇ ਭਾਰਤ ਉੱਤੇ ਡੂੰਘਾ ਪ੍ਰਭਾਵ ਪਾਇਆ। 2014 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਰਤਨ, ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਦਾਨ ਕੀਤਾ।
ਅੱਜ ਜਦੋਂ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਤਾਂ ਸਿਰਫ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ ਵਜੋਂ ਯਾਦ ਕਰਨਾ ਉਨ੍ਹਾਂ ਦੀ ਪੂਰੀ ਸਖਸ਼ੀਅਤ ਨਾਲ ਇਨਸਾਫ ਨਹੀਂ। ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਪੱਖ ਵੀ ਸੀ ਜਿਸ ਨੇ ਪੰਜਾਬ ਦੇ ਸਿੱਖਾਂ ਦੇ ਤਿਆਗ ਅਤੇ ਬਹਾਦਰੀ ਨੂੰ ਦੂਰੋਂ ਨਹੀਂ, ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਉਸ ਦੀ ਕਦਰ ਕੀਤੀ। 
-ਸੁਖਪਾਲ ਸਿੰਘ ਧਨੋਆ

ਸਰੋਤ/ਹਵਾਲੇ
* ਬਨਾਰਸ ਹਿੰਦੂ ਯੂਨੀਵਰਸਿਟੀ:  ਮਾਲਵੀਆ ਜੀ ਦੀ ਜੀਵਨੀ ਅਤੇ ਯੂਨੀਵਰਸਿਟੀ ਦੀ ਸਥਾਪਨਾ
* ਬਨਾਰਸ ਹਿੰਦੂ ਯੂਨੀਵਰਸਿਟੀ ਦਾ ਵਿਸ਼ੇਸ਼ ਅੰਕ:  ਜਨਮ, ਸਿੱਖਿਆ ਅਤੇ ਉਨ੍ਹਾਂ ਦੀ ਸਿੱਖਿਆ-ਦਿ੍ਰਸ਼ਟੀ
* ਗੁਰੂ ਕਾ ਬਾਗ ਮੋਰਚੇ ਬਾਰੇ ਇਤਿਹਾਸਕ ਅਧਿਐਨ:  1922 ਵਿੱਚ ਮਾਲਵੀਆ ਜੀ ਦੀ ਮੌਜੂਦਗੀ ਅਤੇ ਅਕਾਲੀ ਸੰਘਰਸ਼
* ਸਿੱਖ ਇਤਿਹਾਸਕ ਅਧਿਐਨ:  “ਹਰ ਹਿੰਦੂ ਘਰ ਵਿੱਚ ਇੱਕ ਪੁੱਤਰ ਖਾਲਸੇ ਵਿੱਚ” ਵਾਲੇ ਪ੍ਰਸਿੱਧ ਕਥਨ ਦਾ ਹਵਾਲਾ
* ‘ਦ ਟਿ੍ਰਬਿਊਨ’ ਦਾ 1925 ਦਾ ਰਿਕਾਰਡ: ਸਿੱਖ ਕੈਦੀਆਂ ਦੀ ਰਿਹਾਈ ਲਈ ਮਾਲਵੀਆ ਜੀ ਦੀ ਅਪੀਲ

Comments

Leave A Comment

Required fields are marked (*).

Related

Talk to us?