ADVERTISEMENT

ADVERTISEMENT

ਭੋਜਨ ਦੀ ਚੋਣ ਅਤੇ ਸਿਹਤ ਚੁਣੌਤੀਆਂ

ਅਲਟਰਾ-ਪ੍ਰੋਸੈਸਡ ਭੋਜਨ (UPF) ਹੁਣ ਅਮਰੀਕੀ ਖੁਰਾਕ ਦਾ ਲਗਭਗ ਅੱਧਾ ਹਿੱਸਾ ਬਣ ਚੁੱਕੇ ਹਨ

ਭੋਜਨ ਦੀ ਚੋਣ ਅਤੇ ਸਿਹਤ ਚੁਣੌਤੀਆਂ / Courtesy

“ਅਸਲੀ ਭੋਜਨ ਖਾਓ।” ਇਹ ਸੁਨੇਹਾ ਮਾਈਕ ਟਾਇਸਨ ਦੇ ਇੱਕ ਤਾਜ਼ਾ ਸੁਪਰ ਬਾਊਲ ਵੀਡੀਓ ਵਿਗਿਆਪਨ ਵਿੱਚ ਦਿੱਤਾ ਗਿਆ ਸੀ, ਜਿਸਨੂੰ ਅਮਰੀਕਾ ਦੇ ਸਿਹਤ ਸਕੱਤਰ ਰੌਬਰਟ ਐਫ. ਕੈਨੇਡੀ ਜੂਨੀਅਰ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਇਹ ਮੁਹਿੰਮ ਉਸ ਸਮੱਸਿਆ ਵੱਲ ਧਿਆਨ ਖਿੱਚਦੀ ਹੈ ਜਿਸਨੂੰ ਸੰਘੀ ਅਧਿਕਾਰੀ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਖਤਰਿਆਂ ਵਿੱਚੋਂ ਇੱਕ ਮੰਨਦੇ ਹਨ- ਅਲਟਰਾ-ਪ੍ਰੋਸੈਸਡ ਭੋਜਨਾਂ ਦੀ ਜ਼ਿਆਦਾ ਖਪਤ।

ਅਲਟਰਾ-ਪ੍ਰੋਸੈਸਡ ਭੋਜਨ (UPF) ਹੁਣ ਅਮਰੀਕੀ ਖੁਰਾਕ ਦਾ ਲਗਭਗ ਅੱਧਾ ਹਿੱਸਾ ਬਣ ਚੁੱਕੇ ਹਨ। ਅਗਸਤ 2021 ਤੋਂ ਅਗਸਤ 2023 ਦਰਮਿਆਨ ਕਰਵਾਏ ਗਏ ਰਾਸ਼ਟਰੀ ਸਿਹਤ ਅਤੇ ਪੋਸ਼ਣ ਜਾਂਚ ਸਰਵੇਖਣ ਮੁਤਾਬਕ, ਇੱਕ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਆਪਣੀ ਰੋਜ਼ਾਨਾ ਕੈਲੋਰੀ ਦਾ ਲਗਭਗ 55 ਫ਼ੀਸਦੀ ਹਿੱਸਾ ਅਲਟਰਾ-ਪ੍ਰੋਸੈਸਡ ਭੋਜਨਾਂ ਤੋਂ ਪ੍ਰਾਪਤ ਕਰ ਰਹੇ ਸਨ। 1 ਤੋਂ 18 ਸਾਲ ਦੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਇਹ ਅੰਕੜਾ ਹੋਰ ਵੀ ਵੱਧ ਲਗਭਗ 61.9 ਫ਼ੀਸਦੀ ਦਰਜ ਕੀਤਾ ਗਿਆ। ਬਾਲਗਾਂ ਵਿੱਚ ਇਹ ਹਿੱਸਾ ਕਰੀਬ 53 ਫ਼ੀਸਦੀ ਸੀ।

ਅਲਟਰਾ-ਪ੍ਰੋਸੈਸਡ ਭੋਜਨਾਂ ਵਿੱਚ ਪੈਕ ਕੀਤੇ ਨਾਸ਼ਤੇ, ਬਰਗਰ, ਮਿੱਠੀਆਂ ਬੇਕਰੀ ਚੀਜ਼ਾਂ, ਚਿਪਸ ਅਤੇ ਅਨੇਕਾਂ ਕਿਸਮਾਂ ਦੇ ਫਾਸਟ ਫੂਡ ਸ਼ਾਮਲ ਹੁੰਦੇ ਹਨ। ਇਨ੍ਹਾਂ ਵਿੱਚ ਅਕਸਰ ਵੱਧ ਮਾਤਰਾ ਵਿੱਚ ਸ਼ੱਕਰ, ਸਿਹਤ ਲਈ ਨੁਕਸਾਨਦਾਇਕ ਚਰਬੀਆਂ ਅਤੇ ਸੋਡੀਅਮ ਹੁੰਦਾ ਹੈ, ਜਦਕਿ ਫਾਈਬਰ ਅਤੇ ਜ਼ਰੂਰੀ ਪੋਸ਼ਕ ਤੱਤ ਘੱਟ ਹੁੰਦੇ ਹਨ। ਇਸਦੇ ਉਲਟ, ਅਸਲੀ ਭੋਜਨ—ਜਿਵੇਂ ਫਲ, ਸਬਜ਼ੀਆਂ, ਅਨਾਜ, ਦਾਲਾਂ, ਅੰਡੇ, ਮੱਛੀ ਅਤੇ ਤਾਜ਼ਾ ਮਾਸ ਕੁਦਰਤੀ ਤੌਰ ‘ਤੇ ਪੋਸ਼ਟਿਕ ਹੁੰਦੇ ਹਨ। ਅਲਟਰਾ-ਪ੍ਰੋਸੈਸਡ ਉਤਪਾਦਾਂ ਨੂੰ ਖਾਸ ਤੌਰ ‘ਤੇ ਸੁਆਦਿਸ਼ਟ ਅਤੇ ਤੁਰੰਤ ਖਪਤ ਲਈ ਸੁਵਿਧਾਜਨਕ ਬਣਾਇਆ ਜਾਂਦਾ ਹੈ।

2019 ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੁਆਰਾ ਕੀਤੇ ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਦੀ ਖੁਰਾਕ ਵਿੱਚ ਅਲਟਰਾ-ਪ੍ਰੋਸੈਸਡ ਭੋਜਨਾਂ ਦੀ ਮਾਤਰਾ ਵੱਧ ਸੀ, ਉਨ੍ਹਾਂ ਨੇ ਗੈਰ-ਪ੍ਰੋਸੈਸਡ ਭੋਜਨ ਖਾਣ ਵਾਲਿਆਂ ਨਾਲੋਂ ਰੋਜ਼ਾਨਾ ਲਗਭਗ 500 ਵੱਧ ਕੈਲੋਰੀਆਂ ਖਪਤ ਕੀਤੀਆਂ। ਇਸ ਕਾਰਨ ਉਨ੍ਹਾਂ ਦਾ ਭਾਰ ਵੀ ਵਧਿਆ। ਖੋਜਕਰਤਾਵਾਂ ਨੇ ਦਰਸਾਇਆ ਕਿ ਇਨਾਂ ਭੋਜਨਾਂ ਨਾਲ ਪੇਟ ਭਰਿਆ ਮਹਿਸੂਸ ਨਹੀਂ ਹੁੰਦਾ, ਜਿਸ ਨਾਲ ਲੋਕ ਵਧੇਰੇ ਖਾਣ ਲੱਗਦੇ ਹਨ।

ਵਿਗਿਆਨੀ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਇਮਲਸੀਫਾਇਰ ਅਤੇ ਪ੍ਰਿਜ਼ਰਵੇਟਿਵ ਵਰਗੇ ਤੱਤ ਅੰਤੜੀਆਂ ਦੇ ਲਾਭਕਾਰੀ ਬੈਕਟੀਰੀਆ ‘ਤੇ ਨਕਾਰਾਤਮਕ ਅਸਰ ਪਾ ਸਕਦੇ ਹਨ ਅਤੇ ਸੋਜਸ਼ ਵਧਾ ਸਕਦੇ ਹਨ। ਇਸ ਨਾਲ ਮੋਟਾਪਾ, ਟਾਈਪ-2 ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਜੋਖਮ ਵਧ ਸਕਦਾ ਹੈ।

ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਵੀ ਮੋਟਾਪੇ ਦੀ ਦਰ ਵਧ ਰਹੀ ਹੈ। ਹਾਲਾਂਕਿ ਰਵਾਇਤੀ ਭਾਰਤੀ ਖੁਰਾਕ ਕਈ ਸਿਹਤਮੰਦ ਵਿਕਲਪ ਪ੍ਰਦਾਨ ਕਰਦੀ ਹੈ, ਪਰ ਵਾਰੰਵਾਰ ਬਾਹਰ ਦਾ ਖਾਣਾ ਅਤੇ ਪ੍ਰੋਸੈਸਡ ਨਾਸ਼ਤਿਆਂ ਦੀ ਆਦਤ ਉਹਨਾਂ ਲਾਭਾਂ ਨੂੰ ਘਟਾ ਸਕਦੀ ਹੈ।

ਅਮਰੀਕੀਆਂ ਲਈ 2020–2025 ਦੇ ਖੁਰਾਕ ਦਿਸ਼ਾ-ਨਿਰਦੇਸ਼ ਵੱਖ-ਵੱਖ ਕਿਸਮਾਂ ਦੇ ਪੂਰੇ ਭੋਜਨ ਖਾਣ ਅਤੇ ਵਾਧੂ ਸ਼ੱਕਰ ਦੀ ਖਪਤ ਘਟਾਉਣ ਦੀ ਸਿਫ਼ਾਰਸ਼ ਕਰਦੇ ਹਨ। 2025–2030 ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਉੱਚ-ਗੁਣਵੱਤਾ ਪ੍ਰੋਟੀਨ, ਵੱਧ ਸਬਜ਼ੀਆਂ ਦੀ ਖਪਤ ਅਤੇ ਘੱਟੋ-ਘੱਟ ਪ੍ਰੋਸੈਸਿੰਗ ਨੂੰ ਤਰਜੀਹ ਦੇਣ ਵਾਲੀ ਸੋਧੀ ਹੋਈ ਭੋਜਨ ਗਾਈਡ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ।

Comments

Related