ADVERTISEMENTs

ਯੂਕੇ ਵਿੱਚ ਹੋਏ ਭਿਆਨਕ ਹਾਦਸੇ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਹਾਦਸੇ ਵਿੱਚ ਪੰਜ ਹੋਰ ਵਿਦਿਆਰਥੀ ਗੰਭੀਰ ਜਖ਼ਮੀ ਹੋਏ ਹਨ

ਕਾਰ ਹਾਦਸੇ ਦੀ ਤਸਵੀਰ / courtesy photo

1 ਸਤੰਬਰ ਨੂੰ ਦੱਖਣ-ਪੂਰਬੀ ਇੰਗਲੈਂਡ ਦੇ ਐਸੇਕਸ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਜਖ਼ਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸਵੇਰੇ A130 ਰੇਲੈ ਸਪੁਰ ਰਾਊਂਡਅਬਾਊਟ ‘ਤੇ ਦੋ ਵਾਹਨਾਂ ਦੀ ਟੱਕਰ ਕਾਰਨ ਹੋਇਆ। 23 ਸਾਲਾ ਚੈਤਨਯ ਤਾਰੇ ਦੀ ਮੌਤ ਮੌਕੇ 'ਤੇ ਹੋ ਗਈ, ਜਦਕਿ 21 ਸਾਲਾ ਰਿਸ਼ੀ ਤੇਜਾ ਰਾਪੋਲੂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀ, ਜੋ ਸਾਰੇ ਤੇਲਗੂ ਭਾਈਚਾਰੇ ਨਾਲ ਸਬੰਧਤ ਸਨ, ਗਣੇਸ਼ ਵਿਸਰਜਨ ਸਮਾਗਮ ਤੋਂ ਵਾਪਸ ਆ ਰਹੇ ਸਨ। ਐਸੇਕਸ ਪੁਲਿਸ ਨੇ 2 ਸਤੰਬਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, “ਅਧਿਕਾਰੀ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਹੋਰ ਪੰਜ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।”

23 ਅਤੇ 24 ਸਾਲ ਦੇ ਦੋ ਵਾਹਨ ਚਾਲਕ, ਜੋ ਕਿ ਪੂਰਬੀ ਲੰਡਨ ਦੇ ਬਾਰਕਿੰਗ ਇਲਾਕੇ ਦੇ ਨਿਵਾਸੀ ਹਨ, ਉਨ੍ਹਾਂ ਨੂੰ "ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਕੇ ਮੌਤ ਦਾ ਕਾਰਨ ਬਣਨ" ਅਤੇ "ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ" ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਨੂੰ 20 ਨਵੰਬਰ ਤੱਕ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ CCTV ਜਾਂ ਡੈਸ਼ਕੈਮ ਫੁੱਟੇਜ ਸਾਂਝੀ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਜਾਂਚ ਵਿੱਚ ਮਦਦ ਮਿਲ ਸਕੇ।

ਨੈਸ਼ਨਲ ਇੰਡਿਅਨ ਸਟੂਡੈਂਟਸ ਐਂਡ ਐਲਮਨੀ ਯੂਨੀਅਨ (NISAU) ਯੂਕੇ ਨੇ ਇਸ ਹਾਦਸੇ 'ਤੇ ਡੂੰਘਾ ਸੋਗ ਪ੍ਰਗਟਾਇਆ ਅਤੇ ਕਿਹਾ, “ਐਸੇਕਸ ਵਿੱਚ ਹੋਇਆ ਇਹ ਭਿਆਨਕ ਸੜਕ ਹਾਦਸਾ ਦਿਲ ਝੰਜੋੜਨ ਵਾਲਾ ਹੈ। ਇਹ ਹਾਦਸਾ ਤੇਲਗੂ ਭਾਈਚਾਰੇ ਦੇ ਨੌ ਵਿਦਿਆਰਥੀਆਂ ਨਾਲ ਸਬੰਧਿਤ ਸੀ, ਜਿਸ ਵਿੱਚ ਦੋ ਕੀਮਤੀ ਜ਼ਿੰਦਗੀਆਂ ਚਲੀਆਂ ਗਈਆਂ, ਚੈਤਨਯ ਤਾਰੇ ਅਤੇ ਰਿਸ਼ੀ ਤੇਜਾ ਰਾਪੋਲੂ ਦੀ ਮੌਤ ਹੋ ਗਈ। ਇਸ ਬਹੁਤ ਹੀ ਔਖੇ ਸਮੇਂ ਵਿੱਚ ਸਾਡੀ ਦਿਲੋਂ ਸੰਵੇਦਨਾ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਨਾਲ ਹੈ।” NISAU ਨੇ ਇਹ ਵੀ ਕਿਹਾ ਕਿ ਕਈ ਹੋਰ ਵਿਦਿਆਰਥੀ ਹਾਲੇ ਵੀ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਸੀਂ ਉਨ੍ਹਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਅਰਦਾਸ ਕਰਦੇ ਹਾਂ।

Comments

Related