ADVERTISEMENT

ADVERTISEMENT

ਡੋਨਾਲਡ ਟਰੰਪ ਵੱਲੋਂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਦੁੱਖ ਦਾ ਪ੍ਰਗਟਾਵਾ

ਸ. ਸੰਧੂ ਦੇ ਵੱਡੇ ਭਰਾ ਜਸਜੀਤ ਸਿੰਘ ਸਮੁੰਦਰੀ ਦੇ ਵਿਛੋੜੇ ਉੱਤੇ ਭੇਜਿਆ ਸੋਗ ਸੁਨੇਹਾ

ਡੋਨਾਲਡ ਟਰੰਪ ਤਰਨਜੀਤ ਸੰਧੂ ਨਾਲ / X/@SandhuTaranjitS

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਸੀਨੀਅਰ ਭਾਜਪਾ ਆਗੂ ਸ. ਤਰਨਜੀਤ ਸਿੰਘ ਸੰਧੂ ਦੇ ਵੱਡੇ ਭਰਾ ਅਤੇ ਸਾਬਕਾ ਆਈ.ਐਫ.ਐਸ ਅਧਿਕਾਰੀ ਸ. ਜਸਜੀਤ ਸਿੰਘ ਸਮੁੰਦਰੀ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਵਾਈਟ ਹਾਊਸ ਦੇ ਲੈਟਰ ਪੈਡ ‘ਤੇ ਭੇਜੇ ਇਸ ਸੋਗ ਸੁਨੇਹੇ ਵਿੱਚ ਡੋਨਾਲਡ ਟਰੰਪ ਨੇ ਜਸਜੀਤ ਸਿੰਘ ਸਮੁੰਦਰੀ ਦੇ ਚਲੇ ਜਾਣ ਉੱਤੇ ਦੁੱਖ ਮਹਿਸੂਸ ਕਰਦੇ ਹੋਏ ਸਮੁੱਚੇ ਸਮੁੰਦਰੀ ਪਰਿਵਾਰ ਦੇ ਨਾਲ ਸੰਵੇਦਨਾ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ ਕਿ ਤਰਨਜੀਤ ਸਿੰਘ ਸੰਧੂ ਵਾਂਗ ਉਨਾਂ ਦੇ ਭਰਾ ਜਸਜੀਤ ਸਿੰਘ ਸਮੁੰਦਰੀ ਵੀ ਇੱਕ ਬੇਹੱਦ ਸਤਿਕਾਰ ਯੋਗ ਭਾਰਤੀ ਜਨਤਕ ਨੁਮਾਇੰਦੇ ਸਨ ਅਤੇ ਉਹ ਸਮਾਜ ਲਈ ਕੀਤੇ ਆਪਣੇ ਕਾਰਜਾਂ ਅਤੇ ਆਪਣੀ ਪ੍ਰਸ਼ੰਸਾਯੋਗ ਸ਼ਖਸੀਅਤ ਲਈ ਹਮੇਸ਼ਾ ਚੇਤੇ ਕੀਤੇ ਜਾਣਗੇ।

 

ਰਾਸ਼ਟਰਪਤੀ ਟਰੰਪ ਨੇ ਉਸ ਪਲ ਨੂੰ ਵੀ ਚੇਤੇ ਕੀਤਾ ਜਦੋਂ ਓਵਲ ਆਫਿਸ ਵਿਖੇ 6 ਫਰਵਰੀ 2020 ਨੂੰ ਪਹਿਲੀ ਵਾਰ ਉਨਾਂ ਦੀ ਮੁਲਾਕਾਤ ਤਰਨਜੀਤ ਸਿੰਘ ਸੰਧੂ ਨਾਲ ਹੋਈ ਸੀ ਅਤੇ ਅਮਰੀਕੀ ਸਦਰ ਨੇ ਆਪਣੀ ਭਾਰਤ ਫੇਰੀ ਨੂੰ ਸਫਲ ਬਣਾਉਣ ਲਈ ਸਾਬਕਾ ਰਾਜਦੂਤ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸੇ ਸੋਗ ਸੁਨੇਹੇ ਦੇ ਅਖੀਰ ਵਿੱਚ ਰਾਸ਼ਟਰਪਤੀ ਟਰੰਪ ਨੇ ਦੋਹਾਂ ਭਰਾਵਾਂ ਵੱਲੋਂ ਇਕੱਠੇ ਬਿਤਾਏ ਸਮੇਂ ਦੀਆਂ ਯਾਦਾਂ ਦੀ ਮਜ਼ਬੂਤੀ ਅਤੇ ਸਮੁੰਦਰੀ ਪਰਿਵਾਰ ਅਤੇ ਉਨਾਂ ਦੇ ਸਨੇਹੀਆਂ ਦੀ ਬਿਹਤਰੀ ਲਈ ਕਾਮਨਾ ਕੀਤੀ।


ਉਚੇਚੇ ਤੌਰ ਉੱਤੇ ਭੇਜੇ ਗਏ ਇਸ ਸੋਗ ਸੁਨੇਹੇ ਲਈ ਸ. ਤਰਨਜੀਤ ਸਿੰਘ ਸੰਧੂ ਨੇ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਓਹ ਅਤੇ ਉਨਾਂ ਦਾ ਸਮੁੱਚਾ ਪਰਿਵਾਰ ਰਾਸ਼ਟਰਪਤੀ ਟਰੰਪ ਵੱਲੋਂ ਉਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਉੱਤੇ ਓਹ ਸਤਿਕਾਰਤ ਮਹਿਸੂਸ ਕਰਦੇ ਹਨ।


ਜ਼ਿਕਰਯੋਗ ਹੈ ਕਿ ਸ. ਜਸਜੀਤ ਸਿੰਘ ਸਮੁੰਦਰੀ ਦਾ ਕੈਨੇਡਾ ਦੇ ਸਰੀ ਵਿਖੇ 29 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। 9 ਅਕਤੂਬਰ 1952 ਨੂੰ ਜਨਮੇ ਸ. ਜਸਜੀਤ ਸਿੰਘ ਸਮੁੰਦਰੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੋਣ ਕਾਰਨ ਜ਼ੇਰੇ ਇਲਾਜ ਦੇ ਆਲਮ 'ਚ ਚੱਲ ਰਹੇ ਸਨ। ਸ. ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਅਤੇ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਵਜੋਂ ਉਨਾਂ ਨੇ ਵੀ ਆਪਣੀ ਸ਼ਖਸੀਅਤ ਸਦਕਾ ਪ੍ਰਸ਼ਾਸਨਿਕ ਅਤੇ ਸਮਾਜਕ ਹਲਕਿਆਂ ਵਿੱਚ ਆਪਣੇ ਸ਼ਲਾਘਾਯੋਗ ਕਾਰਜਾਂ ਸਦਕਾ ਨਾਮਣਾ ਖੱਟਿਆ ਅਤੇ ਇੱਕ ਬੇਹੱਦ ਸਤਿਕਾਰਤ ਥਾਂ ਬਣਾਈ। ਉਨਾਂ ਦੇ ਛੋਟੇ ਭਰਾ ਸ. ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਹੋਣ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤ ਦੇ ਬਿਹਤਰੀਨ ਨੁਮਾਇੰਦੇ ਵਜੋਂ ਸੇਵਾਵਾਂ ਦੇਣ ਉਪਰੰਤ ਆਪਣੀ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਹੁਣ ਪੰਜਾਬ ਅਤੇ ਅੰਮ੍ਰਿਤਸਰ ਦੀ ਸੇਵਾ ਲਈ ਲਗਾਤਾਰ ਯਤਨਸ਼ੀਲ ਹਨ।



Comments

Related