ADVERTISEMENT

ADVERTISEMENT

ਮਸਾਲੇਦਾਰ ਕ੍ਰਿਸਮਸ: ਕਿਵੇਂ ਭਾਰਤੀ-ਅਮਰੀਕੀ ਤਿਉਹਾਰਾਂ ਨੂੰ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰ ਰਹੇ

ਭਾਰਤੀ-ਅਮਰੀਕੀ ਭਾਈਚਾਰੇ ਨੇ ਕ੍ਰਿਸਮਸ ਮਨਾਉਣ ਦੇ ਅਜਿਹੇ ਵਿਲੱਖਣ ਅਤੇ ਰੰਗੀਨ ਤਰੀਕਿਆਂ ਨੂੰ ਅਪਣਾਇਆ ਹੈ ਜੋ ਅਮਰੀਕੀ ਰੀਤਾਂ ਨੂੰ ਭਾਰਤੀ ਵਿਰਾਸਤ ਨਾਲ ਜੋੜਦੇ ਹਨ

Representative Image / Generated using AI

ਦਸੰਬਰ ਦੇ ਅਖੀਰ ਵਿੱਚ ਜਦੋਂ ਤੁਸੀਂ ਕਿਸੇ ਭਾਰਤੀ-ਅਮਰੀਕੀ ਘਰ ਵਿੱਚ ਕਦਮ ਰੱਖਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀ ਸ਼ੁਰੂ ਵਿੱਚ ਕੁਝ ਉਲਝਣ ਵਿੱਚ ਪੈ ਜਾਓ। ਹਾਂ, ਉੱਥੇ ਕੋਨੇ ਵਿੱਚ ਪਏ ‘ਡਗਲਸ ਫਰ’ (Douglas fir) ਦੇ ਰੁੱਖ ਤੋਂ ਪਾਈਨ (ਚੀੜ) ਦੀ ਜਾਣੀ-ਪਛਾਣੀ ਖੁਸ਼ਬੂ ਆ ਰਹੀ ਹੁੰਦੀ ਹੈ, ਜੋ ਜਗਮਗਾਉਂਦੀਆਂ ਲਾਈਟਾਂ ਨਾਲ ਸਜਿਆ ਹੁੰਦਾ ਹੈ—ਸ਼ਾਇਦ ਉਹ ਲਾਈਟਾਂ ਦੀਵਾਲੀ ਦੀਆਂ ਬਚੀਆਂ ਹੋਈਆਂ ਹੋਣ। ਪਰ ਉਸ ਦੇ ਹੇਠਾਂ ਇਲਾਇਚੀ, ਲੌਂਗ ਅਤੇ ਹੌਲੀ-ਹੌਲੀ ਪਕ ਰਹੀ ਬਿਰਯਾਨੀ ਦੀ ਅਜਿਹੀ ਮਹਿਕ ਹੁੰਦੀ ਹੈ ਜਿਸ ਨੂੰ ਪਛਾਨਣ ਵਿੱਚ ਕੋਈ ਗਲਤੀ ਨਹੀਂ ਹੋ ਸਕਦੀ ਅਤੇ ਜੋ ਦਿਲ ਨੂੰ ਸਕੂਨ ਦਿੰਦੀ ਹੈ। 

ਦਹਾਕਿਆਂ ਤੱਕ, ਪ੍ਰਵਾਸੀਆਂ ਦੀ ਕ੍ਰਿਸਮਸ ਦੀ ਕਹਾਣੀ ਮਹਿਜ਼ ਇੱਕ ਅਜੀਬ ਜਿਹੀ- ਰਲਣ-ਮਿਲਣ ਦੀ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਭਾਰਤੀ–ਅਮਰੀਕੀ ਭਾਈਚਾਰਾ ਹੁਣ ਸਿਰਫ਼ ਤਿਉਹਾਰੀ ਮੌਸਮ ਵਿੱਚ ਹਿੱਸਾ ਲੈਣ ਤੱਕ ਸੀਮਿਤ ਨਹੀਂ ਰਿਹਾ।

ਲਾਸ ਏਂਜਲਸ ਦੀ ਵਕੀਲ ਪ੍ਰਥਨਾ ਆਰ. ਕਹਿੰਦੀ ਹੈ, “ਬਹੁਤ ਸਮੇਂ ਤੱਕ ਅਜਿਹਾ ਲੱਗਦਾ ਸੀ ਜਿਵੇਂ ਅਸੀਂ ਕਿਸੇ ਹੋਰ ਦਾ ਤਿਉਹਾਰ ਉਧਾਰ ਲਿਆ ਹੋਵੇ—ਜਿਵੇਂ ਕੋਈ ਚੁਭਣ ਵਾਲਾ ਸਵੈਟਰ ਪਾ ਲਿਆ ਹੋਵੇ ਜੋ ਠੀਕ ਨਾਲ ਫਿੱਟ ਨਹੀਂ ਹੁੰਦਾ। ਫਿਰ, ਲਗਭਗ ਪੰਜ ਸਾਲ ਪਹਿਲਾਂ, ਮੇਰੀ ਮਾਂ ਨੇ ਅੰਗੀਠੀ (ਫਾਇਰਪਲੇਸ) ਕੋਲ, ਜਿੱਥੇ ਕ੍ਰਿਸਮਸ ਦੀਆਂ ਜੁਰਾਬਾਂ ਟੰਗੀਆਂ ਹੁੰਦੀਆਂ ਹਨ, ਇੱਕ ਛੋਟੀ ਜਿਹੀ ਰੰਗੋਲੀ ਬਣਾਉਣੀ ਸ਼ੁਰੂ ਕੀਤੀ। ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਸੀ, ਪਰ ਅਚਾਨਕ ਲਿਵਿੰਗ ਰੂਮ ਕਿਸੇ ਦੁਕਾਨ ਦੇ ਕੈਟਾਲਾਗ ਵਰਗਾ ਲੱਗਣ ਦੀ ਬਜਾਏ ਸਾਡੇ ਆਪਣੇ ਘਰ ਵਰਗਾ ਲੱਗਣ ਲੱਗਾ।“

 

Representative Image / Generated using AI

ਪਰ ਇਸ ਸੱਭਿਆਚਾਰਕ ਮਿਲਾਪ ਦੀ ਅਸਲੀ ਧੜਕਨ ਰਸੋਈ ਵਿੱਚ ਮਹਿਸੂਸ ਹੁੰਦੀ ਹੈ। ਸਾਦਗੀ ਲਈ ਮਸ਼ਹੂਰ ਅਮਰੀਕੀ ਕ੍ਰਿਸਮਸ ਡਿਨਰ ਨੂੰ ਹੁਣ ਮਸਾਲਿਆਂ ਦੀ ਲੋੜੀਂਦੀ ਤੜਕ ਮਿਲ ਰਹੀ ਹੈ। ਹਾਲਾਂਕਿ ਭੁੰਨਿਆ ਹੋਇਆ ਪੰਛੀ (Turkey) ਅਜੇ ਵੀ ਮੇਜ਼ 'ਤੇ ਦਿਖਾਈ ਦਿੰਦਾ ਹੈ, ਪਰ ਹੁਣ ਉਹ ਇਕੱਲਾ ਸਟਾਰ ਨਹੀਂ ਰਿਹਾ।

ਸਾਫਟਵੇਅਰ ਇੰਜੀਨੀਅਰ ਧਰੁਵ ਕੇ. ਨੇ ਦੱਸਿਆ, “ਮੇਰੇ ਦੋਸਤਾਂ ਨੂੰ ਰਵਾਇਤੀ ਟਰਕੀ ਜਾਂ ਹੈਮ ਪਸੰਦ ਹੈ, ਪਰ ਮੇਰੇ ਮਾਪੇ, ਜੋ ਹਰ ਸਰਦੀ ਨਵੀਂ ਦਿੱਲੀ ਤੋਂ ਆਉਂਦੇ ਹਨ, 'ਉਬਲੇ ਹੋਏ ਮਾਸ' ਨੂੰ ਨਿਮਰਤਾ ਨਾਲ ਖਾਣ ਤੋਂ ਮਨ੍ਹਾ ਕਰ ਦਿੰਦੇ ਹਨ। ਅਸੀਂ ਰਵਾਇਤੀ ਸਟਫਿੰਗ ਦੇ ਨਾਲ ਮਸਾਲਾ-ਮੈਰੀਨੇਟਿਡ ਭੁੰਨਿਆ ਹੋਇਆ ਮਾਸ ਬਣਾਉਂਦੇ ਹਾਂ। ਗ੍ਰੇਵੀ ਵਿੱਚ ਗਰਮ ਮਸਾਲੇ ਦੀ ਹਲਕੀ ਜਿਹੀ ਮਹਿਕ ਹੁੰਦੀ ਹੈ। ਇਹ ਕ੍ਰਿਸਮਸ ਵਰਗੀ ਵੀ ਲੱਗਦੀ ਹੈ ਅਤੇ ਘਰ ਵਰਗੀ ਵੀ। ਸਾਨੂੰ ਚੁਣਨਾ ਕਿਉਂ ਪਵੇ?" 

ਰਵਾਇਤੀ ਕ੍ਰਿਸਮਸ ਕੁਕੀਜ਼ ਦਾ ਵਟਾਂਦਰਾ ਹੁਣ ਗੁਲਾਬ ਜਾਮੁਨ ਜਾਂ ਗੁਲਾਬ ਦੇ ਸਵਾਦ ਵਾਲੇ ਮੈਕਰੋਨਜ਼ (Macarons) ਨਾਲ ਹੋਰ ਵੀ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਸਾਡੇ ਮਿੱਠੇ ਵਿੱਚ ਪੰਪਕਿਨ ਪਾਈ (Pumpkin pie) ਅਤੇ ਗਾਜਰ ਦਾ ਹਲਵਾ ਦੋਵੇਂ ਸ਼ਾਮਲ ਹੁੰਦੇ ਹਨ ਅਤੇ ਜ਼ਿਆਦਾਤਰ ਮਹਿਮਾਨ ਖੁਸ਼ੀ-ਖੁਸ਼ੀ ਦੋਵਾਂ ਦਾ ਆਨੰਦ ਮਾਣਦੇ ਹਨ।

Representative Image / Generated using AI

ਕੈਲੀਫ਼ੋਰਨੀਆ ਦੇ ਮਿਲਪਿਟਾਸ ਦੀ ਸ਼ਿਲਪੀ ਐਮ. ਕਹਿੰਦੀ ਹੈ ਕਿ ਇਹ ਮਿਲਾਪ ਨਵੀਂ ਪੀੜ੍ਹੀ ਨੂੰ ਜੋੜ ਕੇ ਰੱਖਣ ਲਈ ਬਹੁਤ ਜ਼ਰੂਰੀ ਹੈ। “ਜੇ ਮੈਂ ਆਪਣੇ ਬੱਚਿਆਂ ਨੂੰ ਸਿਰਫ਼ ਫਰੂਟਕੇਕ ਹੀ ਦਿਆਂ, ਉਹ ਖਾ ਲੈਣਗੇ ਤੇ ਭੁੱਲ ਜਾਣਗੇ। ਉਹਨਾਂ ਲਈ ਇਹ ਵੱਡੀ ਗੱਲ ਨਹੀਂ। ਪਰ ਜੇ ਮੈਂ ਉਨ੍ਹਾਂ ਨੂੰ ਕੇਸਰ ਤੇ ਕਿਸ਼ਮਿਸ਼ਾਂ ਵਾਲੀ ਸੁਆਦਲੀ ਕ੍ਰਿਸਮਸ ਖੀਰ ਦਿਆਂ, ਉਹ ਹਮੇਸ਼ਾ ਯਾਦ ਰੱਖਦੇ ਹਨ। ਇਹ ਉਹਨਾਂ ਦੀ ਅਮਰੀਕੀ ਜ਼ਿੰਦਗੀ ਦੀ ਇੱਕ ਯਾਦ ਨੂੰ ਉਹਨਾਂ ਦੀਆਂ ਭਾਰਤੀ ਜੜ੍ਹਾਂ ਦੇ ਸਵਾਦ ਨਾਲ ਜੋੜ ਦਿੰਦਾ ਹੈ। ਇਸ ਲਈ ਹਰ ਦਸੰਬਰ, ਅਸੀਂ ਇਹ ਰਿਵਾਜ ਬਣਾ ਲਿਆ ਹੈ ਕਿ ਜੋ ਵੀ ਘਰ ਆਵੇ, ਉਸਨੂੰ ਕ੍ਰਿਸਮਸ ਖੀਰ ਜ਼ਰੂਰ ਪੇਸ਼ ਕਰੀਏ।”

ਕ੍ਰਿਸਮਸ ਟਰੀ ਦੇ ਆਲੇ-ਦੁਆਲੇ ਰੰਗ-ਬਿਰੰਗੀਆਂ ਰੰਗੋਲੀਆਂ ਬਣਾਕੇ ਅਤੇ ਭਾਰਤੀ ਮਸਾਲਿਆਂ ਨਾਲ ਖਾਣਾ ਤਿਆਰ ਕਰਕੇ ਅਸੀਂ ਸਿਰਫ਼ ਮਨੋਰੰਜਨ ਹੀ ਨਹੀਂ ਮਨਾ ਰਹੇ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵੱਖਰੀ ਪਛਾਣ ਘੜ ਰਹੇ ਹਾਂ। ਅਸੀਂ ਉਨ੍ਹਾਂ ਨੂੰ ਇਹ ਸਿਖਾ ਰਹੇ ਹਾਂ ਕਿ ਤਿਓਹਾਰਾਂ ਨੂੰ ਮਨਾਉਣ ਲਈ ਉਨ੍ਹਾਂ ਨੂੰ ਆਪਣੇ ਆਪ ਦਾ ਕੋਈ ਵੀ ਹਿੱਸਾ ਪਿੱਛੇ ਛੱਡਣ ਦੀ ਲੋੜ ਨਹੀਂ। ਇਸ ਵਾਰ ਤਿਉਹਾਰਾਂ 'ਤੇ, ਸਭ ਤੋਂ ਵੱਡਾ ਤੋਹਫ਼ਾ ਜੋ ਭਾਰਤੀ-ਅਮਰੀਕੀ ਆਪਣੇ ਆਪ ਨੂੰ ਦੇ ਸਕਦੇ ਹਨ, ਉਹ ਹੈ ਪੂਰੀ ਤਰ੍ਹਾਂ ਭਾਰਤੀ ਅਤੇ ਪੂਰੀ ਤਰ੍ਹਾਂ ਅਮਰੀਕੀ ਹੋਣ ਦੀ ਇਜਾਜ਼ਤ।

Representative Image / Generated using AI

Comments

Related