ADVERTISEMENT

ADVERTISEMENT

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਭਾਈਚਾਰੇ ਵਿੱਚ ਸੋਗ ਦੀ ਲਹਿਰ

ਪਿਛਲੇ ਕੁਝ ਦਿਨਾਂ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਕਈ ਹੋਰ ਹਿੰਸਕ ਘਟਨਾਵਾਂ ਵਾਪਰੀਆਂ ਹਨ

Representative image / Pexels

ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਲੇਡਕ ਨੇੜੇ ਇੱਕ ਹਾਈਵੇਅ 'ਤੇ 14 ਮਾਰਚ ਨੂੰ ਹੋਈ ਗੋਲੀਬਾਰੀ ਵਿੱਚ 22 ਸਾਲਾ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬੀਰਿੰਦਰ ਸਿੰਘ ਵਜੋਂ ਹੋਈ ਹੈ। ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਅਨੁਸਾਰ, ਇਹ ਘਟਨਾ ਹਾਈਵੇਅ 2 'ਤੇ ਟਾਊਨਸ਼ਿਪ ਰੋਡ 490 ਦੇ ਨੇੜੇ ਦੁਪਹਿਰ ਲਗਭਗ 2:50 ਵਜੇ ਵਾਪਰੀ। ਬੀਰਿੰਦਰ ਆਪਣੀ 2012 ਮਾਡਲ ਹੌਂਡਾ ਸਿਵਿਕ ਕਾਰ ਵਿੱਚ ਦੋ ਦੋਸਤਾਂ ਨਾਲ ਜਾ ਰਿਹਾ ਸੀ, ਜਦੋਂ ਇੱਕ ਗੰਦੀ ਸਫ਼ੈਦ ਜਾਂ ਸਲੇਟੀ ਰੰਗ ਦੀ ਪਿਕਅੱਪ ਟ੍ਰੱਕ ਉਨ੍ਹਾਂ ਦੀ ਕਾਰ ਦੇ ਬਰਾਬਰ ਆਈ।

ਨਵੀਂ ਜਾਣਕਾਰੀ ਅਨੁਸਾਰ, ਪਿਕਅੱਪ ਟ੍ਰੱਕ ਵਿੱਚੋਂ ਅਚਾਨਕ ਗੋਲੀਆਂ ਚਲਾਈਆਂ ਗਈਆਂ, ਜੋ ਗੱਡੀ ਚਲਾ ਰਹੇ ਬੀਰਿੰਦਰ ਨੂੰ ਲੱਗੀਆਂ। ਦੋਸਤਾਂ ਨੇ ਦੱਸਿਆ ਕਿ ਇਹ ਹਮਲਾ ਬਿਨਾਂ ਕਿਸੇ ਕਾਰਨ ਜਾਂ ਪੁਰਾਣੀ ਰੰਜਿਸ਼ ਦੇ ਕੀਤਾ ਗਿਆ ਸੀ। ਗੋਲੀ ਲੱਗਣ ਤੋਂ ਤੁਰੰਤ ਬਾਅਦ ਪਿਕਅੱਪ ਟ੍ਰੱਕ ਉੱਥੋਂ ਫ਼ਰਾਰ ਹੋ ਗਿਆ ਅਤੇ ਬੀਰਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੀਰਿੰਦਰ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਹ ਲਗਭਗ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਆਇਆ ਸੀ ਅਤੇ ਹਾਲ ਹੀ ਵਿੱਚ ਐਡਮੰਟਨ ਰਹਿਣ ਲੱਗਾ ਸੀ। ਉਹ ਕੰਸਟਰਕਸ਼ਨ (ਉਸਾਰੀ) ਦੇ ਖੇਤਰ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਰਿੰਦਰ ਦੇ ਭਰਾ ਪੁਨਰਮੀਤ ਸਿੰਘ ਨੇ ਉਸਦੀ ਦੇਹ ਨੂੰ ਭਾਰਤ ਭੇਜਣ ਲਈ 'GoFundMe' ਰਾਹੀਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਇਸ ਹਮਲੇ ਪਿੱਛੇ ਨਸਲੀ ਵਿਤਕਰੇ ਦਾ ਖ਼ਦਸ਼ਾ ਜਤਾਇਆ ਹੈ, ਹਾਲਾਂਕਿ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਪਿਛਲੇ ਕੁਝ ਦਿਨਾਂ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਕਈ ਹੋਰ ਹਿੰਸਕ ਘਟਨਾਵਾਂ ਵਾਪਰੀਆਂ ਹਨ। ਜਾਣਕਾਰੀ ਅਨੁਸਾਰ 13 ਮਾਰਚ ਨੂੰ ਪੰਜਾਬ ਦੇ 30 ਸਾਲਾ ਟੈਕਸੀ ਡਰਾਈਵਰ ਦਵਿੰਦਰ ਸਿੰਘ ਦਾ ਨੌਰਥ ਬੈਟਲਫੋਰਡ ਵਿੱਚ ਕਤਲ ਕਰ ਦਿੱਤਾ ਗਿਆ। ਉਹ ਇੱਕ ਮੋਟਲ ਦੇ ਬਾਹਰ ਸਵਾਰੀ ਦੀ ਉਡੀਕ ਕਰ ਰਿਹਾ ਸੀ ਜਦੋਂ ਉਹ ਦੋ ਹੋਰ ਵਿਅਕਤੀਆਂ ਵਿਚਾਲੇ ਹੋਈ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ। ਇਸ ਤੋਂ ਇਲਾਵਾ 13 ਮਾਰਚ ਨੂੰ ਹੀ ਬ੍ਰਿਟਿਸ਼ ਕੋਲੰਬੀਆ ਵਿਖੇ 25 ਸਾਲਾ ਵਿਦਿਆਰਥੀ ਗੁਰਕੀਰਤ ਸਿੰਘ ਮਨੋਚਾ ਦੀ ਫੋਰਟ ਸੇਂਟ ਜੌਨ ਵਿੱਚ ਇੱਕ ਸਮੂਹਕ ਝੜਪ ਦੌਰਾਨ ਮੌਤ ਹੋ ਗਈ। ਉਹ ਮੂਲ ਰੂਪ ਵਿੱਚ ਉਜੈਨ (ਭਾਰਤ) ਦਾ ਰਹਿਣ ਵਾਲਾ ਸੀ ਅਤੇ ਨਾਰਦਰਨ ਲਾਈਟਸ ਕਾਲਜ ਦਾ ਵਿਦਿਆਰਥੀ ਸੀ। ਪੁਲਿਸ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।

Comments

Related