ADVERTISEMENT

ADVERTISEMENT

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਭਾਰਤੀ ਮੂਲ ਦੇ ਉੱਘੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

ਰਿਪੋਰਟਾਂ ਮੁਤਾਬਕ ਸਾਹਸੀ ਨੂੰ ਪਹਿਲਾਂ ਕੁਝ ਫਿਰੌਤੀ ਵਾਲੀਆਂ ਕਾਲਾਂ ਆਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ

ਭਾਰਤੀ ਮੂਲ ਦੇ ਉਦਯੋਗਪਤੀ ਦਰਸ਼ਨ ਸਿੰਘ ਸਾਹਸੀ / x/@sukhgrewalbjp

27 ਅਕਤੂਬਰ ਦੀ ਸਵੇਰ ਨੂੰ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿਚ ਇੱਕ ਭਾਰਤੀ ਮੂਲ ਦੇ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਐਬਟਸਫੋਰਡ ਪੁਲਿਸ ਵਿਭਾਗ ਦੇ ਅਨੁਸਾਰ, ਅਧਿਕਾਰੀਆਂ ਨੂੰ ਗੋਲੀਆਂ ਚਲਣ ਦੀ ਸੂਚਨਾ ਮਿਲਣ ’ਤੇ ਉਹ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੂੰ 68 ਸਾਲਾ ਦਰਸ਼ਨ ਸਿੰਘ ਸਾਹਸੀ ਆਪਣੀ ਖੜ੍ਹੀ ਕਾਰ ਵਿੱਚ ਕਈ ਗੋਲੀਆਂ ਦੇ ਜ਼ਖਮਾਂ ਨਾਲ ਮਿਲੇ।

ਬਚਾਅ ਟੀਮਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਮੌਕੇ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤੇ ਗਏ। ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਨੇ ਨੇੜੇ ਖੜ੍ਹੀ ਇਕ ਕਾਰ ਵਿਚ ਸਾਹਸੀ ਦਾ ਇੰਤਜ਼ਾਰ ਕੀਤਾ ਅਤੇ ਜਦੋਂ ਸਾਹਸੀ ਆਪਣੀ ਕਾਰ ਵਿਚ ਬੈਠੇ, ਤੁਰੰਤ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਭੱਜ ਗਿਆ।

ਅਧਿਕਾਰੀਆਂ ਨੇ ਇਸ ਹਮਲੇ ਨੂੰ ਇੱਕ ਟਾਰਗੇਟਡ ਕਤਲ ਕਰਾਰ ਦਿੱਤਾ ਹੈ। ਐਬਟਸਫੋਰਡ ਪੁਲਿਸ ਦੇ ਸਰਜੰਟ ਪੌਲ ਵਾਕਰ ਨੇ ਬਿਆਨ ਵਿੱਚ ਕਿਹਾ, “ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਜਾਂਚ ਸ਼ੁਰੂਆਤੀ ਪੜਾਅ ’ਚ ਹੈ ਅਤੇ ਇਸ ਘਟਨਾ ਦੇ ਪੂਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਵਾਧੂ ਸਰੋਤ ਤਾਇਨਾਤ ਕੀਤੇ ਗਏ ਹਨ।” ਵਿਭਾਗ ਦੀ ਮੇਜਰ ਕ੍ਰਾਈਮ ਯੂਨਿਟ ਨੇ ਇਹ ਕੇਸ ਹੁਣ ਇੰਟੀਗਰੇਟਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੂੰ ਸੌਂਪ ਦਿੱਤਾ ਹੈ, ਜੋ ਅੱਗੇ ਦੀ ਜਾਂਚ ਦੀ ਅਗਵਾਈ ਕਰੇਗੀ।

ਸਥਾਨਕ ਰਿਪੋਰਟਾਂ ਮੁਤਾਬਕ, ਸਾਹਸੀ ਨੂੰ ਪਹਿਲਾਂ ਵੀ ਕੁਝ ਫਿਰੌਤੀ ਵਾਲੀਆਂ ਕਾਲਾਂ ਆਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਹਾਲਾਂਕਿ, ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਲ ਵਿੱਚ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਧਮਕੀ ਬਾਰੇ ਕੁਝ ਨਹੀਂ ਦੱਸਿਆ ਗਿਆ ਸੀ। ਪੁਲਿਸ ਨੇ ਹਾਲੇ ਤੱਕ ਕਤਲ ਦੇ ਇਰਾਦੇ ਦੀ ਪੁਸ਼ਟੀ ਨਹੀਂ ਕੀਤੀ ਹੈ।

ਸਾਹਸੀ, ਜੋ ਲੁਧਿਆਣਾ ਜ਼ਿਲ੍ਹੇ ਦੇ ਦੌਰਾਹੇ ਨੇੜੇ ਰਾਜਗੜ੍ਹ ਪਿੰਡ ਨਾਲ ਸਬੰਧਿਤ ਸਨ, 1991 ਵਿੱਚ ਕੈਨੇਡਾ ਪ੍ਰਵਾਸ ਕਰ ਗਏ ਸਨ। ਉਨ੍ਹਾਂ ਨੇ ਛੋਟੇ-ਮੋਟੇ ਕੰਮਾਂ ਨਾਲ ਵਿਦੇਸ਼ ਵਿੱਚ ਸ਼ੁਰੂਆਤ ਕੀਤੀ ਅਤੇ ਬਾਅਦ ਵਿਚ ਇੱਕ ਡੁੱਬ ਰਹੀ ਉਦਯੋਗਿਕ ਯੂਨਿਟ ਵਿੱਚ ਨਿਵੇਸ਼ ਕੀਤਾ, ਜਿਸ ਨੂੰ ਉਨ੍ਹਾਂ ਨੇ ਬਾਅਦ ਵਿਚ ਕੈਨਮ ਇੰਟਰਨੈਸ਼ਨਲ (Canam International) ਵਿੱਚ ਬਦਲ ਦਿੱਤਾ, ਜੋ ਅੱਜ 40 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਟੈਕਸਟਾਈਲ ਰੀਸਾਈਕਲਿੰਗ ਤੇ ਟਿਕਾਊ ਕਾਰੋਬਾਰੀ ਪ੍ਰਕਿਰਿਆਵਾਂ ਲਈ ਜਾਣੀ ਜਾਂਦੀ ਹੈ।

ਕੰਪਨੀ ਦੀ ਵੈਬਸਾਈਟ ਅਤੇ ਕੈਨੇਡਾ ਬਿਜ਼ਨਸ ਰਿਪੋਰਟਾਂ ਅਨੁਸਾਰ, ਸਾਹਸੀ ਨੇ ਕੈਨਮ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਰੀਸਾਈਕਲ ਕੀਤੇ ਕੱਪੜਿਆਂ ਅਤੇ ਵਸਤੂਆਂ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਵਿਚੋਂ ਇੱਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੰਪਨੀ ਅਫਰੀਕਾ, ਏਸ਼ੀਆ ਅਤੇ ਯੂਰਪ ਦੇ ਕਈ ਦੇਸ਼ਾਂ ਨੂੰ ਸਪਲਾਈ ਕਰਦੀ ਹੈ ਅਤੇ ਲੈਂਡਫ਼ਿਲ ਕਚਰੇ ਨੂੰ ਘਟਾਉਣ ਅਤੇ ਫੈਸ਼ਨ ਸੈਕਟਰ ਵਿੱਚ ਸਰਕੁਲਰ ਅਰਥਵਿਵਸਥਾ ਨੂੰ ਪ੍ਰੋਤਸਾਹਿਤ ਕਰਨ ‘ਤੇ ਧਿਆਨ ਕੇਂਦਰਿਤ ਕਰਦੀ ਹੈ।

Comments

Related