ਪੰਜਾਬ ਵਿੱਚ ਆਏ ਤਾਜ਼ਾ ਹੜ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਵੱਡੇ ਪੱਧਰ ’ਤੇ ਪੰਜਾਬ ਵਿੱਚ ਫਸਲਾਂ ਸਣੇ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਗੰਭੀਰ ਸਥਿਤੀ ਵਿੱਚ ਅਮਰੀਕਾ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 10 ਕਰੋੜ ਰੁਪਏ ਦੀ ਵੱਡੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ।
ਮਿਲਵਾਕੀ ਵਿੱਚ ਆਪਣੀ ਰਿਹਾਇਸ਼ ਤੇ ‘ਇੰਡੀਆ ਅਬਰੌਡ’ ਦਾ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ “ਪੰਜਾਬ ਲਈ ਇਹ ਇੱਕ ਵੱਡੀ ਸੰਕਟ ਦੀ ਘੜੀ ਹੈ ਅਤੇ ਇਸ ਮੌਕੇ ਹਰ ਪੰਜਾਬੀ ਦਾ ਫਰਜ਼ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣਾ ਬਣਦਾ ਹੈ ਜਿਸ ਲਈ ਉਹ ਆਪਣੇ ਪਰਿਵਾਰ ਵੱਲੋਂ ਬਣਦਾ ਯੋਗਦਾਨ ਪਾ ਰਹੇ ਹਨ।’’ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ 'ਉਹਨਾਂ ਦਾ ਪਰਿਵਾਰ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੈ ਤਾਂ ਕੀ ਇਸ ਪਿੱਛੇ ਕੋਈ ਸਿਆਸੀ ਮੁਫਾਦ ਵੀ ਹੈ'? ਤਾਂ ੳਹਨਾਂ ਇਨਕਾਰ ਕਰਦਿਆਂ ਕਿਹਾ ਕਿ, “ਤਾਮਿਲਨਾਡੂ ਵਿੱਚ ਆਈ ਸੁਨਾਮੀ ਦੌਰਾਨ ਉਹਨਾਂ ਦੇ ਪਰਿਵਾਰ ਵੱਲੋਂ ਪੰਜਾਬ ਤੋਂ ਇੱਕ ਪੂਰੀ ਟਰੇਨ ਭਰ ਕੇ ਮਦਦ ਲਈ ਭੇਜੀ ਗਈ ਸੀ ਤੇ ਕਿਸਾਨ ਮੋਰਚੇ ਦੌਰਾਨ ਦਿੱਲੀ ਲਗਾਤਾਰ ਲੰਗਰ ਦੀ ਸੇਵਾ ਵੀ ਨਿਰਸੁਆਰਥ ਸੀ ਅਤੇ ਅੱਗੇ ਵੀ ਇਹ ਸਿਰਫ ਸੇਵਾ ਭਾਵਨਾ ਵਜੋਂ ਹੀ ਰਹੇਗੀ।’’
ਇਹ ਮਦਦ ਲੋੜਵੰਦਾਂ ਤੱਕ ਪਹੁੰਚੇ ਨੂੰ ਯਕੀਨੀ ਬਣਾਉਣ ਬਾਰੇ ਸ੍ਰ. ਧਾਲੀਵਾਲ ਨੇ ਦੱਸਿਆ ਕਿ “ਇਹ ਰਕਮ ਸਿੱਧੇ ਤੌਰ ’ਤੇ ਹੜ੍ਹ ਪੀੜਤਾਂ ਤੱਕ ਪਹੁੰਚੇਗੀ ਅਤੇ ਉਹਨਾਂ ਦੀ ਪਰਿਵਾਰਕ ਨਿਗਰਾਨੀ ਅਧੀਨ ਟੀਮਾਂ ਲੋਕਾਂ ਤੱਕ ਰੋਜ਼ਾਨਾ ਵਰਤੋਂ ਦੀਆਂ ਚੀਜਾਂ, ਫਰਨੀਚਰ ਤੋਂ ਲੈ ਕੇ ਘਰਾਂ ਦੀ ਮੁਰੰਮਤ ਅਤੇ ਮੁੜ ਉਸਾਰੀ, ਕਿਸਾਨਾਂ ਦੀ ਨੁਕਸਾਨੀ ਗਈ ਜ਼ਮੀਨ ਨੂੰ ਮੁੜ ਵਾਹੀਯੋਗ ਬਣਾਉਣ ਲਈ ਸਹਾਇਤਾ ਤਹਿਤ ਇੱਕ ਲੱਖ ਲੀਟਰ ਡੀਜ਼ਲ, ਬੀਜ, ਦਵਾਈਆਂ, ਖੇਤੀਬਾੜੀ ਸੰਦਾਂ ਦੇ ਨੁਕਸਾਨ ਦੀ ਪੂਰਤੀ ਵਰਗੀ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।’’
ਉਹਨਾਂ ਹੋਰ ਕਿਹਾ ਕਿ “ਇਸ ਸਮੁੱਚੇ ਰਾਹਤ ਕਾਰਜਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਉਹ ਜਲਦੀ ਪੰਜਾਬ ਪਹੁੰਚ ਰਹੇ ਹਨ ਜਦੋਂ ਕਿ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਨੁਕਸਾਨ ਦੀ ਨਿਸ਼ਾਨਦੇਹੀ ਅਤੇ ਪੀੜਤ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਨ ਲਈ ਕਾਰਜ ਆਰੰਭ ਦਿੱਤੇ ਗਏ ਹਨ।’’
ਭਾਵੇਂ ਪੰਜਾਬ ਵਿੱਚ ਆਏ ਇਹਨਾਂ ਹੜ੍ਹਾਂ ਮਗਰੋਂ ਬਹੁਤ ਸਾਰੇ ਪਾਸਿਆਂ ਤੋਂ ਮਦਦ ਦੇ ਹੱਥ ਅੱਗੇ ਆਏ ਹਨ, ਪਰ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ ਇਸ ਵੱਡੀ ਰਾਹਤ ਰਾਸ਼ੀ ਦੇ ਇਸ ਐਲਾਨ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਵਿੱਚ ਨਵੀਂ ਉਮੀਦ ਜਾਗੀ ਹੈ। ਪ੍ਰਵਾਸੀ ਭਾਰਤੀ ਭਾਈਚਾਰੇ ਸਣੇ ਸਥਾਨਕ ਪੰਚਾਇਤਾਂ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਵੀ ਸ੍ਰ. ਧਾਲੀਵਾਲ ਦੀ ਇਸ ਕੋਸ਼ਿਸ਼ ਨੂੰ ਸਰਾਹਿਆ ਜਾ ਰਿਹਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login