ADVERTISEMENT

ADVERTISEMENT

ਨਵੇਂ ਟੈਰਿਫ਼ ਦਾ ਭਾਰਤੀ-ਅਮਰੀਕੀ ਭਾਈਚਾਰੇ ਦੇ ਤਿਉਹਾਰਾਂ ‘ਤੇ ਪ੍ਰਭਾਵ

ਇੰਡੀਆ ਪੋਸਟ ਨੇ 25 ਅਗਸਤ ਤੋਂ ਅਮਰੀਕਾ ਵੱਲ ਪਾਰਸਲ ਭੇਜਣੇ ਬੰਦ ਕਰ ਦਿੱਤੇ ਹਨ

ਗਣੇਸ਼ ਜੀ ਦੀਆਂ ਛੋਟੀਆਂ ਛੋਟੀਆਂ ਮੂਰਤੀਆਂ , ਲਾਲ ਚੂੜੀਆਂ, ਰੇਸ਼ਮੀ ਸਾੜੀਆਂ ਅਤੇ ਘਰ ਦੀਆਂ ਬਣੀਆਂ ਮਿਠਾਈਆਂ ਦੀ ਖੁਸ਼ਬੂ। ਅਮਰੀਕਾ ਵਿੱਚ ਰਹਿਣ ਵਾਲੇ ਲੱਖਾਂ ਭਾਰਤੀਆਂ ਲਈ ਇਹ ਸਿਰਫ਼ ਚੀਜ਼ਾਂ ਨਹੀਂ ਹਨ ਸਗੋਂ ਇਹ ਉਹ ਡੋਰ ਹੈ, ਜੋ ਹਜ਼ਾਰਾਂ ਮੀਲ ਦੂਰ ਰਹਿੰਦੇ ਹੋਏ ਵੀ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਸੰਸਕਾਰਾਂ ਨਾਲ ਜੋੜ ਕੇ ਰੱਖਦੀਆਂ ਹਨ। ਪਰ ਇਸ ਸਾਲ ਇਹ ਡੋਰ ਕਮਜ਼ੋਰ ਪੈ ਗਈ ਹੈ, ਜਿਸ ਨਾਲ ਭਾਈਚਾਰੇ ਨੂੰ ਵੱਡਾ ਝਟਕਾ ਲੱਗਿਆ ਹੈ।

ਇੰਡੀਆ ਪੋਸਟ ਨੇ 25 ਅਗਸਤ ਤੋਂ ਅਮਰੀਕਾ ਵੱਲ ਪਾਰਸਲ ਭੇਜਣੇ ਬੰਦ ਕਰ ਦਿੱਤੇ ਹਨ। ਇਹ ਫ਼ੈਸਲਾ ਟਰੰਪ ਸਰਕਾਰ ਦੇ ਨਵੇਂ ਹੁਕਮ ਕਾਰਨ ਲਿਆ ਗਿਆ ਹੈ, ਜਿਸ ਅਧੀਨ ਛੋਟੇ ਤੇ ਸਸਤੇ ਸਮਾਨਾਂ ਉੱਤੇ ਮਿਲ ਰਹੀ "ਡਿਊਟੀ-ਫ੍ਰੀ" ਸਹੂਲਤ ਖਤਮ ਕਰ ਦਿੱਤੀ ਗਈ ਹੈ। ਹੁਣ ਅਜਿਹੇ ਪਾਰਸਲ ਅਮਰੀਕਾ ਭੇਜਣੇ ਬਹੁਤ ਮਹਿੰਗੇ ਜਾਂ ਲਗਭਗ ਅਸੰਭਵ ਹੋ ਗਏ ਹਨ।

ਇਸ ਫ਼ੈਸਲੇ ਤੋਂ ਬਾਅਦ ਪਰਿਵਾਰਾਂ ਨੂੰ ਨਿੱਜੀ ਕੋਰੀਅਰ ਸਰਵਿਸਾਂ ਜਿਵੇਂ DHL ਤੇ UPS ਦਾ ਸਹਾਰਾ ਲੈਣਾ ਪੈ ਰਿਹਾ ਹੈ, ਪਰ ਉਨ੍ਹਾਂ ਦੀਆਂ ਕ਼ੀਮਤਾਂ ਬਹੁਤ ਵੱਧ ਹਨ। ਉਦਾਹਰਣ ਲਈ, ਜੋ ਪਾਰਸਲ ਇੰਡੀਆ ਪੋਸਟ ਰਾਹੀਂ ਲਗਭਗ ₹2,600 (ਕਰੀਬ $31) ਵਿੱਚ ਜਾਂਦਾ ਸੀ, ਉਹੀ ਹੁਣ ਨਿੱਜੀ ਕੋਰੀਅਰ ਨਾਲ ₹9,000 ਤੋਂ ₹18,000 (ਕਰੀਬ $108 ਤੋਂ $216) ‘ਚ ਪਵੇਗਾ।

ਤਿਉਹਾਰਾਂ ‘ਤੇ ਇਹ ਡੱਬੇ ਸਿਰਫ਼ ਸਮਾਨ ਹੀ ਨਹੀਂ, ਸਗੋਂ ਭਾਵਨਾਵਾਂ ਵੀ ਲੈ ਕੇ ਜਾਂਦੇ ਹਨ। ਨਿਊਯਾਰਕ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਿਯੰਕਾ ਖੰਨਾ ਕਹਿੰਦੀ ਹੈ, “ਮੇਰੇ ਪਿਤਾ ਹਰ ਸਾਲ ਨਵਰਾਤਰੀ ‘ਤੇ ਇੱਕ ਡੱਬਾ ਭੇਜਦੇ ਹਨ। ਉਸ ਵਿੱਚ ਦੀਵੇ, ਪ੍ਰਸਾਦ ਅਤੇ ਮਾਂ ਦੇ ਹੱਥ ਦੀਆਂ ਬਣੀਆਂ ਮਿਠਾਈਆਂ ਹੁੰਦੀਆਂ ਹਨ। ਇਹ ਡੱਬਾ ਮੈਨੂੰ ਘਰ ਦੀ ਯਾਦ ਦਿਵਾਉਂਦਾ ਹੈ। ਇਸ ਸਾਲ ਸ਼ਾਇਦ ਉਸਦੇ ਘਰਦੇ ਨਾ ਭੇਜ ਸਕਣ, ਅਤੇ ਇਹ ਉਸ ਲਈ ਬਹੁਤ ਦੁਖਦਾਈ ਗੱਲ ਹੈ।”

ਗਣੇਸ਼ ਚਤੁਰਥੀ, ਨਵਰਾਤਰੀ ਅਤੇ ਦੀਵਾਲੀ ਵਰਗੇ ਤਿਉਹਾਰਾਂ ਵਿੱਚ ਇਨ੍ਹਾਂ ਪਾਰਸਲਾਂ ਦਾ ਖਾਸ ਮਹੱਤਵ ਹੁੰਦਾ ਹੈ। ਇਨ੍ਹਾਂ ਵਿੱਚ ਉਹ ਚੀਜ਼ਾਂ ਹੁੰਦੀਆਂ ਹਨ ਜੋ ਅਮਰੀਕਾ ਵਿੱਚ ਆਸਾਨੀ ਨਾਲ ਨਹੀਂ ਮਿਲਦੀਆਂ ਜਾਂ ਜਿਨ੍ਹਾਂ ਦਾ ਭਾਵਨਾਤਮਕ ਮਹੱਤਵ ਵੱਡਾ ਹੁੰਦਾ ਹੈ। ਇਸੇ ਲਈ ਇਹ ਡੱਬੇ ਤਿਉਹਾਰਾਂ ਨੂੰ ਪੂਰਾ ਕਰਦੇ ਹਨ।

ਕੈਲੀਫ਼ੋਰਨੀਆ ਦੀ ਇੱਕ ਮਹਿਲਾ ਕਹਿੰਦੀ ਹੈ,“ਹਰ ਦੀਵਾਲੀ ਅਸੀਂ ਸਥਾਨਕ ਭਾਰਤੀ ਦੁਕਾਨ ਤੋਂ ਦੀਵੇ , ਮਿਠਾਈਆਂ ਅਤੇ ਪਟਾਖੇ ਖਰੀਦਦੇ ਹਾਂ। ਪਰ ਹੁਣ ਯਕੀਨ ਨਹੀਂ ਕਿ ਇਹ ਸਭ ਚੀਜ਼ਾਂ ਮਿਲਣਗੀਆਂ ਵੀ ਜਾਂ ਨਹੀਂ। ਜੇ ਮਿਲਣਗੀਆਂ ਵੀ ਤਾਂ ਬਹੁਤ ਮਹਿੰਗੀਆਂ ਹੋਣਗੀਆਂ।”

ਕਈ ਲੋਕ ਮੰਨਦੇ ਹਨ ਕਿ ਇਹ ਨੀਤੀ ਅਮਰੀਕੀ ਉਦਯੋਗ ਦੀ ਰੱਖਿਆ ਕਰੇਗੀ, ਪਰ ਭਾਰਤੀ-ਅਮਰੀਕੀ ਭਾਈਚਾਰਾ ਆਪਣੇ ਆਪ ਨੂੰ ਇਸ ਵਪਾਰਕ ਲੜਾਈ ਦਾ “ਅਣਜਾਣਾ ਸ਼ਿਕਾਰ” ਸਮਝ ਰਿਹਾ ਹੈ। ਲੌਸ ਏਂਜਲਸ ਦੇ ਇੱਕ ਸੌਫਟਵੇਅਰ ਇੰਜੀਨੀਅਰ ਧਰੁਵ ਕਸ਼ਯਪ ਕਹਿੰਦੇ ਹਨ, “ਹਰ ਸਾਲ ਮੇਰੀ ਭੈਣ ਰੱਖੜੀ ਅਤੇ ਮਿਠਾਈਆਂ ਦਿੱਲੀ ਤੋਂ ਭੇਜਦੀ ਹੈ। ਇਸ ਸਾਲ ਤਾਂ ਰੱਖੜੀ ਸਮੇਂ ‘ਤੇ ਮਿਲ ਗਈ, ਪਰ ਅਗਲੇ ਸਾਲ ਪਤਾ ਨਹੀਂ ਉਹ ਕੀ ਕਰੇਗੀ—ਜਾਂ ਤਾਂ ਇਥੋਂ ਖਰੀਦੇਗੀ ਜਾਂ ਭੇਜਣਾ ਬੰਦ ਕਰ ਦੇਵੇਗੀ। ਇਹ ਦਿਲ ਤੋੜਨ ਵਾਲੀ ਗੱਲ ਹੈ।”

ਜਿਵੇਂ-ਜਿਵੇਂ ਤਿਉਹਾਰ ਨੇੜੇ ਆ ਰਹੇ ਹਨ, ਪ੍ਰਵਾਸੀ ਭਾਰਤੀ ਭਾਈਚਾਰੇ ਵਿੱਚ ਬੇਚੈਨੀ ਵਧ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਲਗਾਤਾਰ ਪੁੱਛ ਰਹੇ ਹਨ ਕਿ ਹੁਣ ਕਿਹੜਾ ਸਸਤਾ ਵਿਕਲਪ ਬਚਿਆ ਹੈ। ਤਿਉਹਾਰ ਭਾਰਤੀ-ਅਮਰੀਕੀਆਂ ਲਈ ਸਿਰਫ਼ ਉਤਸਵ ਨਹੀਂ, ਸਗੋਂ ਆਪਣੀਆਂ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸਾਧਨ ਹੁੰਦੇ ਹਨ। ਪਰ ਇਸ ਸਾਲ ਸ਼ਾਇਦ ਤਿਉਹਾਰ ਕੁਝ ਅਧੂਰੇ, ਕੁਝ ਫਿੱਕੇ ਅਤੇ ਆਪਣੇ ਦੇਸ਼ ਤੋਂ ਬਹੁਤ ਦੂਰੀ ਮਹਿਸੂਸ ਕਰਵਾਉਣਗੇ।

Comments

Related