ਜਿਵੇਂ ਜਿਵੇਂ ਨਿਊਯਾਰਕ ਦੇ ਮੇਅਰ ਦੀ ਚੋਣ ਨਜ਼ਦੀਕ ਆ ਰਹੀ ਹੈ, ਡੈਮੋਕ੍ਰੈਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਆਪਣੇ ਚੋਣ ਪ੍ਰਚਾਰ ਦੇ ਆਖਰੀ ਪੜਾਅ 'ਚ ਹਨ। ਦੀਵਾਲੀ ਦੇ ਤਿਉਹਾਰ ਨੇ ਮਮਦਾਨੀ ਕੈਂਪ ਵਿੱਚ ਆ ਰਹੇ ਬਹੁ-ਧਰਮੀ ਸਮਰਥਨ ਦਾ ਇੱਕ ਹੋਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, ਜਿਸ ਵਿੱਚ 60 ਤੋਂ ਵੱਧ ਧਾਰਮਿਕ ਆਗੂਆਂ ਅਤੇ ਧਰਮ-ਆਧਾਰਿਤ ਸੰਸਥਾਵਾਂ ਨੇ ਇਕੱਠੇ ਹੋਕੇ ਨਿਊਯਾਰਕ ਸਿਟੀ ਦੇ ਮੇਅਰ ਲਈ ਜ਼ੋਹਰਾਨ ਮਮਦਾਨੀ ਨੂੰ ਨਿਊਯਾਰਕ ਸ਼ਹਿਰ ਦੇ ਮੇਅਰ ਵਜੋਂ ਸਹਿਯੋਗ ਦਿੱਤਾ।
ਮਮਦਾਨੀ ਦੇ ਹੱਕ ਵਿੱਚ ਇਸ ਧਰਮਿਕ ਏਕਤਾ ਦੀ ਘੋਸ਼ਣਾ ਕਰਦਿਆਂ, “ਹਿੰਦੂਜ਼ ਫ਼ੋਰ ਜ਼ੋਹਰਾਨ” ਨਾਮਕ ਇੱਕ ਚੋਣ ਸਮਰਥਕ ਗਰੁੱਪ ਨੇ ਉਨ੍ਹਾਂ ਨੂੰ ਆਸ਼ਾ, ਇਮਾਨਦਾਰੀ ਅਤੇ ਨਿਆਂ ਦਾ ਪ੍ਰਤੀਕ ਦੱਸਿਆ ਜੋ ਸਾਰੇ ਨਿਊਯਾਰਕ ਵਾਸੀਆਂ ਦੀ ਨੁਮਾਇੰਦਗੀ ਕਰਦਾ ਹੈ। ਦਸ ਦਈਏ ਕਿ ਮਮਦਾਨੀ ਨੂੰ ਹਿੰਦੂ, ਇਸਲਾਮ, ਯਹੂਦੀ, ਇਸਾਈ, ਸਿੱਖੀ ਅਤੇ ਜੈਨ ਧਰਮ ਸਮੇਤ ਹਰ ਧਰਮ ਵੱਲੋਂ ਸਮਰਥਨ ਮਿਲ ਰਿਹਾ ਹੈ।
ਬ੍ਰੁਕਲਿਨ-ਅਧਾਰਤ ਹਿੰਦੂ ਧਰਮ ਆਗੂ ਸੁਨੀਤਾ ਵਿਸ਼ਵਨਾਥ, ਜਿਨ੍ਹਾਂ ਨੇ 'ਹਿੰਦੂਜ਼ ਫਾਰ ਜ਼ੋਹਰਾਨ' ਬਣਾਉਣ ਵਿੱਚ ਮਦਦ ਕੀਤੀ ਨੇ ਕਿਹਾ, “ਸਾਨੂੰ ਇੱਕ ਅਜਿਹਾ ਮੇਅਰ ਚਾਹੀਦਾ ਹੈ ਜੋ ਸੱਚ ਬੋਲਣ ਵਿੱਚ ਨਿਡਰ ਹੋਵੇ, ਜੋ ਸਭ ਤੋਂ ਲੋੜਵੰਦ ਲੋਕਾਂ ਨੂੰ ਤਰਜੀਹ ਦੇਵੇ ਅਤੇ ਜੋ ਵੰਡ ਪੈਦਾ ਕਰਨ ਦੀ ਬਜਾਏ ਸਾਨੂੰ ਇੱਕਠਾ ਕਰੇ। ਉਹ ਮੇਅਰ ਜ਼ੋਹਰਾਨ ਹੈ। ਮੈਂ ਕਦੇ ਵੀ ਕਿਸੇ ਉਮੀਦਵਾਰ ਲਈ ਇੰਨੀ ਉਤਸ਼ਾਹਿਤ ਨਹੀਂ ਹੋਈ।”
ਹਿੰਦੂ ਯੂਨੀਟੇਰੀਅਨ ਯੂਨੀਵਰਸਲਿਸਟ ਆਗੂ ਰੈਵ. ਅਭਿ ਜਨਮਾਂਚੀ ਨੇ ਕਿਹਾ, “ਜ਼ੋਹਰਾਨ ਦਾ ਦ੍ਰਿਸ਼ਟੀਕੋਣ ਬੋਲਡ ਅਤੇ ਦਿਆਲੂ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਸਾਨੂੰ ਸਾਰਿਆਂ ਨੂੰ ਇਨਸਾਫ਼ ਅਤੇ ਸੁਧਾਰ ਦੇ ਕੰਮ ਲਈ ਸੱਦਾ ਦਿੰਦੀ ਹੈ। ਉਨ੍ਹਾਂ ਨੂੰ ਮੇਰਾ ਪੂਰਾ ਅਤੇ ਉਤਸ਼ਾਹਜਨਕ ਸਮਰਥਨ ਹੈ।”
ਮੁਸਲਿਮ ਅਤੇ ਯਹੂਦੀ ਆਗੂਆਂ ਵੱਲੋਂ ਵੀ ਮਮਦਾਨੀ ਨੂੰ ਭਰਪੂਰ ਸਮਰਥਨ ਮਿਲਿਆ। ਇਮਾਮ ਸ਼ਮਸੀ ਅਲੀ ਨੇ ਮੁਸਲਿਮ ਭਾਈਚਾਰੇ ਵੱਲੋਂ ਕਿਹਾ, “ਜ਼ੋਹਰਾਨ ਸਾਰੇ ਨਿਊਯਾਰਕ ਵਾਸੀਆਂ ਦੇ ਮੇਅਰ ਹੋਣਗੇ। ਉਨ੍ਹਾਂ ਦੇ ਸ਼ਾਸਨ ਹੇਠ ਨਿਊਯਾਰਕ ਸ਼ਹਿਰ ਵਧੀਆ, ਖੁਸ਼ਹਾਲ ਅਤੇ ਹੋਰ ਦਿਆਲੂ ਸ਼ਹਿਰ ਬਣੇਗਾ।” ਰੱਬੀ ਮਾਈਕਲ ਫਾਈਨਬਰਗ ਨੇ ਵੀ ਕਿਹਾ, “ਮਮਦਾਨੀ ਨਿਊਯਾਰਕ ਦੀ ਰਾਜਨੀਤੀ ਵਿੱਚ ਆਸ਼ਾ ਲਿਆਉਂਦੇ ਹਨ—ਇੱਕ ਅਜਿਹਾ ਨਿਆਂਯੋਗ ਸ਼ਹਿਰ ਬਣਾਉਣ ਲਈ ਜੋ ਹਰ ਕਿਸੇ ਲਈ ਹੋਵੇ।”
ਮਮਦਾਨੀ ਦੀ ਸਮਰਥਨ ਲਹਿਰ ਸਿਰਫ ਨਿਊਯਾਰਕ ਤੱਕ ਸੀਮਿਤ ਨਹੀਂ ਸੀ, ਭਾਰਤ ਤੋਂ ਵੀ ਉਨ੍ਹਾਂ ਲਈ ਸਮਰਥਨ ਆਇਆ। ਭਾਰਤ ਦੇ ਈਸਾਈ ਭਾਈਚਾਰੇ ਵੱਲੋਂ ਫਾਦਰ ਸੈਡ੍ਰਿਕ ਪ੍ਰਕਾਸ਼ ਐਸ.ਜੇ. ਨੇ ਕਿਹਾ, “ਨਿਊਯਾਰਕ, ਅਮਰੀਕਾ ਅਤੇ ਪੂਰੀ ਦੁਨੀਆ ਨੂੰ ਅਜਿਹੇ ਤੇਜ, ਦਿਲਦਾਰ ਨੇਤਾਵਾਂ ਦੀ ਲੋੜ ਹੈ — ਜੋ ਜ਼ੋਹਰਾਨ ਮਮਦਾਨੀ ਵਰਗੇ ਹੋਣ।” ਆਗਾਮੀ 4 ਨਵੰਬਰ ਦੀਆਂ ਚੋਣਾਂ ਵਿੱਚ ਮਮਦਾਨੀ, ਐਂਡਰਿਊ ਕੁਓਮੋ ਅਤੇ ਕਰਟਿਸ ਸਲਿਵਾ ਡੈਮੋਕਰੇਟਿਕ ਮੇਅਰ ਐਰਿਕ ਐਡਮਜ਼ ਦੀ ਥਾਂ ਲੈਣ ਲਈ ਮੁਕਾਬਲਾ ਕਰ ਰਹੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login