ADVERTISEMENTs

ਆਇਰਲੈਂਡ ਦੇ ਰਾਸ਼ਟਰਪਤੀ ਅਤੇ ਕ੍ਰਿਕਟਰ ਨੇ ਭਾਰਤੀਆਂ ਵਿਰੁੱਧ ਨਸਲੀ ਹਿੰਸਾ ਦੀ ਕੀਤੀ ਨਿੰਦਾ

ਰਾਸ਼ਟਰਪਤੀ ਮਾਈਕਲ ਡੀ ਹਿਗਿੰਸ ਨੇ ਕਿਹਾ ਕਿ ਸੁਰੱਖਿਆ, ਸਨਮਾਨ ਅਤੇ ਆਪਸੀ ਸਤਿਕਾਰ ਦੇ ਮੁੱਲ ਬਿਨਾਂ ਕਿਸੇ ਅਪਵਾਦ ਦੇ ਸਾਰਿਆਂ 'ਤੇ ਲਾਗੂ ਹੋਣੇ ਚਾਹੀਦੇ ਹਨ

ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਅਤੇ ਆਇਰਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਓ'ਬ੍ਰਾਇਨ / courtesy photo

ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ (President of Ireland, Michael D Higgins) ਨੇ 12 ਅਗਸਤ ਨੂੰ ਇੱਕ ਬਿਆਨ ਜਾਰੀ ਕਰਕੇ ਆਇਰਲੈਂਡ ਵਿੱਚ ਭਾਰਤੀ ਪ੍ਰਵਾਸੀਆਂ ਵਿਰੁੱਧ ਵਾਰ-ਵਾਰ ਹੋ ਰਹੀ ਨਸਲੀ ਹਿੰਸਾ ਦੀ ਸਖ਼ਤ ਨਿੰਦਾ ਕੀਤੀ ਹੈ। ਪਿਛਲੇ ਤਿੰਨ ਹਫ਼ਤਿਆਂ ਵਿੱਚ ਨਸਲ-ਆਧਾਰਿਤ ਹਿੰਸਾ ਦੇ ਪੰਜ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਆਇਰਲੈਂਡ ਵਿੱਚ ਭਾਰਤੀਆਂ 'ਤੇ ਹਿੰਸਕ ਨਸਲੀ ਹਮਲਿਆਂ ਵਿੱਚ ਅਚਾਨਕ ਵਾਧਾ ਦੇਖਿਆ ਗਿਆ ਹੈ।

ਸਭ ਤੋਂ ਤਾਜ਼ਾ ਘਟਨਾ 'ਚ, ਇੱਕ ਛੇ ਸਾਲਾ ਭਾਰਤੀ ਮੂਲ ਦੀ ਲੜਕੀ ਨੇ ਦੋਸ਼ ਲਾਇਆ ਕਿ 14-15 ਸਾਲ ਦੇ ਲੜਕਿਆਂ ਦੇ ਇੱਕ ਸਮੂਹ ਨੇ ਉਸਨੂੰ ਵਾਰ-ਵਾਰ ਮੁੱਕੇ ਮਾਰੇ ਅਤੇ ਸਾਈਕਲ ਨਾਲ ਉਸਦੇ ਨਿੱਜੀ ਅੰਗਾਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਲੜਕੀ ਨੂੰ "ਗੋ ਬੈਕ ਟੂ ਇੰਡੀਆ" ਵੀ ਕਿਹਾ। ਉਸੇ ਦਿਨ, ਇੱਕ ਹੋਰ ਭਾਰਤੀ ਮੂਲ ਦੇ ਸੋਸ-ਸ਼ੈੱਫ (sous-chef) 'ਤੇ ਵੀ ਹਮਲਾ ਹੋਇਆ।

ਆਇਰਿਸ਼ ਰਾਸ਼ਟਰਪਤੀ ਹਿਗਿੰਸ ਨੇ ਇਨ੍ਹਾਂ ਹਮਲਿਆਂ ਨੂੰ "ਘਿਨਾਉਣਾ" ਦੱਸਿਆ ਅਤੇ ਦੁਹਰਾਇਆ ਕਿ ਇਹ ਹਮਲੇ "ਉਨ੍ਹਾਂ ਕਦਰਾਂ-ਕੀਮਤਾਂ ਦੇ ਵਿਰੋਧ ਵਿੱਚ ਹਨ ਜਿੰਨ੍ਹਾਂ ਨੂੰ ਅਸੀਂ ਬਹੁਤ ਪਿਆਰਾ ਮੰਨਦੇ ਹਾਂ।"

ਰਾਸ਼ਟਰਪਤੀ ਹਿਗਿੰਸ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਆਪਣੀ ਹਾਲੀਆ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ, ਦੋਵਾਂ ਦੇਸ਼ਾਂ ਦੇ ਸਾਂਝੇ ਇਤਿਹਾਸ ਅਤੇ ਅੱਜ ਦੇ ਮਜ਼ਬੂਤ ਸਬੰਧਾਂ ਵੱਲ ਇਸ਼ਾਰਾ ਕੀਤਾ।

ਉਨ੍ਹਾਂ ਨੇ ਆਇਰਲੈਂਡ ਵਿੱਚ ਭਾਰਤੀਆਂ ਦੁਆਰਾ ਕੀਤੇ ਗਏ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, "ਅਸੀਂ ਸਾਰੇ ਇਸ ਭਾਈਚਾਰੇ ਦੇ ਵਿਸ਼ਾਲ ਯੋਗਦਾਨ ਤੋਂ ਜਾਣੂ ਹਾਂ, ਜੋ ਦਵਾਈ, ਨਰਸਿੰਗ, ਦੇਖਭਾਲ ਦੇ ਪੇਸ਼ਿਆਂ, ਸੱਭਿਆਚਾਰਕ ਜੀਵਨ, ਵਪਾਰ ਅਤੇ ਉੱਦਮ ਵਰਗੇ ਆਇਰਿਸ਼ ਜੀਵਨ ਦੇ ਕਈ ਪਹਿਲੂਆਂ ਵਿੱਚ ਮਹਤੱਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਮੌਜੂਦਗੀ, ਉਨ੍ਹਾਂ ਦਾ ਕੰਮ, ਉਨ੍ਹਾਂ ਦਾ ਸੱਭਿਆਚਾਰ, ਸਾਡੇ ਸਾਂਝੇ ਜੀਵਨ ਲਈ ਖੁਸ਼ਹਾਲੀ ਅਤੇ ਉਦਾਰਤਾ ਦਾ ਸਰੋਤ ਰਹੇ ਹਨ।"

ਆਇਰਲੈਂਡ ਦੇ ਮਾਈਗ੍ਰੇਸ਼ਨ ਦੇ ਇਤਿਹਾਸ ਵੱਲ ਇਸ਼ਾਰਾ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ, "ਆਇਰਲੈਂਡ ਲੰਬੇ ਸਮੇਂ ਤੋਂ ਮਾਈਗ੍ਰੇਸ਼ਨ ਨਾਲ ਪ੍ਰਭਾਵਿਤ ਹੋਇਆ ਹੈ, ਚਾਹੇ ਬਾਹਰ ਜਾਣ ਨਾਲ ਹੋਵੇ ਜਾਂ ਅੰਦਰ ਆਉਣ ਨਾਲ। ਜਿਨ੍ਹਾਂ ਨੇ ਸਾਡੇ ਦੇਸ਼ਾਂ ਨੂੰ ਛੱਡਿਆ, ਉਹ ਸਾਡੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦੂਰ-ਦੁਰਾਡੇ ਦੇਸ਼ਾਂ ਵਿੱਚ ਲੈ ਗਏ।"

ਉਨ੍ਹਾਂ ਨੇ ਅੱਗੇ ਕਿਹਾ, "ਇਹ ਸਾਂਝਾ ਮਨੁੱਖੀ ਅਨੁਭਵ ਸਾਡੇ ਦਿਲਾਂ ਵਿੱਚ ਉਹਨਾਂ ਲਈ ਹੋਣਾ ਚਾਹੀਦਾ ਹੈ ਜੋ ਇੱਥੇ ਆਪਣੀ ਜ਼ਿੰਦਗੀ ਬਣਾਉਣ ਆਏ ਹਨ। ਇਸ ਨੂੰ ਭੁੱਲਣਾ ਆਪਣੇ ਆਪ ਦਾ ਇੱਕ ਹਿੱਸਾ ਗੁਆਉਣਾ ਹੈ।"



ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਦੇ ਬਿਆਨ ਤੋਂ ਇੱਕ ਦਿਨ ਪਹਿਲਾਂ, ਦੇਸ਼ ਦੇ ਉਪ ਪ੍ਰਧਾਨ ਮੰਤਰੀ ਸਾਈਮਨ ਹੈਰਿਸ (Ireland's Deputy Prime Minister, Simon Harris ) ਨੇ ਵੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ ਨੂੰ ਸੰਬੋਧਨ ਕੀਤਾ।

ਸਾਈਮਨ ਹੈਰਿਸ ਨੇ ਐਕਸ 'ਤੇ ਲਿਖਿਆ, "ਮੈਂ ਹਾਲ ਹੀ ਦੇ ਹਫ਼ਤਿਆਂ ਵਿੱਚ ਭਾਰਤੀ ਭਾਈਚਾਰੇ ਦੇ ਕੁਝ ਵਿਅਕਤੀਆਂ ਵਿਰੁੱਧ ਹੋਏ ਘਿਨਾਉਣੇ ਹਿੰਸਾ ਅਤੇ ਨਸਲਵਾਦ ਦੇ ਕਾਰਨਾਮਿਆਂ ਦੀ ਪੂਰੀ ਤਰ੍ਹਾਂ ਨਿੰਦਾ ਕਰਦਾ ਹਾਂ। ਮੈਂ ਭਾਰਤੀ ਭਾਈਚਾਰੇ ਦਾ ਆਇਰਲੈਂਡ ਵਿੱਚ ਉਨ੍ਹਾਂ ਦੇ ਬਹੁਤ ਸਕਾਰਾਤਮਕ ਯੋਗਦਾਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।"

ਆਇਰਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਓ'ਬ੍ਰਾਇਨ (Former Irish cricketer, Kevin O'Brien) ਨੇ ਵੀ ਇਸ ਹਿੰਸਾ 'ਤੇ ਨਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ, "ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਇਰਲੈਂਡ ਵਿੱਚ ਭਾਰਤੀਆਂ ਵਿਰੁੱਧ ਹਾਲ ਹੀ ਵਿੱਚ ਹੋਏ ਨਸਲੀ ਅਤੇ ਨਫ਼ਰਤੀ ਕੰਮਾਂ ਤੋਂ ਬਹੁਤ ਦੁਖੀ ਹਾਂ।" ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਕਿਹਾ, "ਕਿਰਪਾ ਕਰਕੇ ਯਾਦ ਰੱਖੋ ਕਿ ਸਾਡੇ ਦੇਸ਼ਾਂ ਵਿਚਕਾਰ ਸਬੰਧ ਕੁਝ ਛੋਟੇ ਲੋਕਾਂ ਦੀਆਂ ਕਾਰਵਾਈਆਂ ਕਾਰਨ ਨਹੀਂ ਡੋਲੇਗਾ।"

 



ਇਸ ਤੋਂ ਪਹਿਲਾਂ, ਹਿੰਸਾ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ, ਆਇਰਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਵੀ 1 ਅਗਸਤ ਨੂੰ ਆਇਰਲੈਂਡ ਵਿੱਚ ਭਾਰਤੀ ਭਾਈਚਾਰੇ ਲਈ ਇੱਕ ਸਲਾਹ ਜਾਰੀ ਕੀਤੀ ਸੀ। ਇਸ ਸਲਾਹ ਵਿੱਚ ਭਾਰਤੀਆਂ ਨੂੰ "ਆਪਣੀ ਨਿੱਜੀ ਸੁਰੱਖਿਆ ਲਈ ਵਾਜਬ ਸਾਵਧਾਨੀਆਂ ਵਰਤਣ ਅਤੇ ਖਾਲੀ ਇਲਾਕਿਆਂ ਵਿੱਚ, ਖਾਸ ਕਰਕੇ ਬੇਵਕਤ ਘੰਟਿਆਂ ਵਿੱਚ ਜਾਣ ਤੋਂ ਬਚਣ" ਦੀ ਚੇਤਾਵਨੀ ਦਿੱਤੀ ਗਈ ਸੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video