U.S Customs and Border Protection / Facebook
ਅਮਰੀਕੀ ਕਸਟਮਜ਼ ਐਂਡ ਬੋਰਡਰ ਪ੍ਰੋਟੈਕਸ਼ਨ (CBP) ਦੇ ਅਧਿਕਾਰੀਆਂ ਨੇ ਬਫੇਲੋ ਦੇ 'ਪੀਸ ਬ੍ਰਿਜ' ਬਾਰਡਰ ਕ੍ਰਾਸਿੰਗ 'ਤੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਭਾਰਤ ਵਿੱਚ ਕਤਲ ਦੇ ਇਲਜ਼ਾਮ ਹੇਠ ਲੋੜੀਂਦਾ ਸੀ।
22 ਸਾਲਾ ਭਾਰਤੀ ਨਾਗਰਿਕ ਵਿਸ਼ਾਤ ਕੁਮਾਰ ਨੂੰ 16 ਨਵੰਬਰ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ, ਜਦੋਂ ਕੈਨੇਡਾ ਵਿੱਚ ਦਾਖ਼ਲਾ ਰੱਦ ਹੋਣ ਤੋਂ ਬਾਅਦ ਉਸਨੂੰ ਪੀਸ ਬ੍ਰਿਜ਼ ‘ਤੇ ਜਾਂਚ ਲਈ ਭੇਜਿਆ ਗਿਆ। ਜਾਂਚ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਕੁਮਾਰ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
CBP ਮੁਤਾਬਕ, ਬਾਇਓਮੈਟ੍ਰਿਕ ਤਕਨਾਲੋਜੀ ਰਾਹੀਂ ਕੁਮਾਰ ਦੀ ਅਸਲੀ ਪਛਾਣ ਦੀ ਪੁਸ਼ਟੀ ਹੋਈ, ਜਿਸ ਨਾਲ ਸਾਹਮਣੇ ਆਇਆ ਕਿ ਉਸਨੇ ਝੂਠਾ ਨਾਮ ਅਤੇ ਜਨਮ ਤਾਰੀਖ ਵਰਤੀ ਹੋਈ ਸੀ। ਅਗਲੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਭਾਰਤੀ ਅਧਿਕਾਰੀਆਂ ਵੱਲੋਂ ਵਿਸ਼ਾਤ ਕੁਮਾਰ ਵਿਰੁੱਧ ਕਤਲ ਦੇ ਇੱਕ ਮਾਮਲੇ ਨਾਲ ਸਬੰਧਤ ਇੰਟਰਪੋਲ ਰੈਡ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕੁਮਾਰ ਨੂੰ ਲੋੜੀਂਦਾ ਦਰਸਾਇਆ ਗਿਆ ਸੀ।
CBP ਨੇ ਇਹ ਵੀ ਦੱਸਿਆ ਕਿ ਕੁਮਾਰ 2024 ਵਿੱਚ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ ਅਤੇ ਉਹ ਨਿਰਧਾਰਤ ਅਸਾਇਲਮ ਇੰਟਰਵਿਊ ਲਈ ਹਾਜ਼ਰ ਨਹੀਂ ਹੋਇਆ। ਕਾਰਜਕਾਰੀ ਏਰੀਆ ਪੋਰਟ ਡਾਇਰੈਕਟਰ ਸ਼ੈਰੋਨ ਸਵੀਅਟਕ ਨੇ ਕਿਹਾ, “ਇਸ ਵਿਅਕਤੀ ਦੀ ਗ੍ਰਿਫ਼ਤਾਰੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਸਾਡੇ ਅਧਿਕਾਰੀ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਇਨਸਾਫ਼ ਨੂੰ ਕਾਇਮ ਰੱਖਣ ਲਈ ਅੰਤਰਰਾਸ਼ਟਰੀ ਸਾਥੀਆਂ ਨਾਲ ਮਿਲ ਕੇ ਕਿੰਨੀ ਅਹਿਮ ਭੂਮਿਕਾ ਨਿਭਾਉਂਦੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਇਹ ਗ੍ਰਿਫ਼ਤਾਰੀ ਗੰਭੀਰ ਅਪਰਾਧਾਂ ਲਈ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਕੁਮਾਰ ਨੂੰ 'ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ' (ICE) ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਇਸ ਸਮੇਂ ਬਟਾਵੀਆ, ਨਿਊਯਾਰਕ ਦੀ ਫੈਡਰਲ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ ਅਤੇ ਉਸ ਨੂੰ ਅਮਰੀਕਾ ਤੋਂ ਵਾਪਸ ਭਾਰਤ ਭੇਜਣ (ਦੇਸ਼ ਨਿਕਾਲੇ) ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login