ADVERTISEMENTs

ਬਿਨਾਂ ਦਸਤਾਵੇਜ਼ਾਂ ਤੋਂ ਕੈਨੇਡਾ ਰਹਿਣ ਵਾਲੇ ਲੋਕਾਂ ਨੂੰ ਪੱਕਾ ਕਰਨ ਬਾਰੇ ਵਿਕਲਪ ਤਲਾਸ਼ ਰਹੀ ਹੈ ਸਰਕਾਰ: ਮਿਲਰ

ਇਹ ਉਹ ਇਮੀਗ੍ਰੈਂਟਸ ਹਨ ਜਿਨ੍ਹਾਂ ਕੋਲ ਕੋਈ ਲੀਗਲ ਸਟੈਟਸ ਨਹੀਂ ਹੈ, ਕੈਨੇਡਾ ਵਿੱਚ ਬਿਨਾਂ ਕਾਗ਼ਜਾਂ ਤੋਂ ਰਹਿ ਰਹੇ ਲੋਕਾਂ ਦੀ ਗਿਣਤੀ 3 ਲੱਖ ਤੋਂ 6 ਲੱਖ ਦੇ ਵਿਚਕਾਰ ਹੋ ਸਕਦੀ ਹੈ

ਪ੍ਰਤੀਕ ਤਸਵੀਰ / pexels

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਬਿਨਾਂ ਦਸਤਾਵੇਜ਼ਾਂ ਤੋਂ ਰਹਿਣ ਵਾਲੇ ਲੋਕਾਂ ਨੂੰ ਪੱਕਾ ਕਰਨ ਦੇ ਵਿਕਲਪ ਤਲਾਸ਼ ਰਹੀ ਹੈ, ਪਰ ਉਹਨਾਂ ਕਿਹਾ ਕਿ ਉਹ ਮੁਲਕ ਵਿੱਚ ਇਸ ਮੁੱਦੇ 'ਤੇ ਸਹਿਮਤੀ ਨਹੀਂ ਦੇਖਦੇ। ਬਿਨਾਂ ਕਾਗ਼ਜਾਂ ਵਾਲੇ ਇਹ ਉਹ ਇਮੀਗ੍ਰੈਂਟਸ ਹਨ ਜਿਨ੍ਹਾਂ ਕੋਲ ਕੋਈ ਲੀਗਲ ਸਟੈਟਸ ਨਹੀਂ ਹੈ, ਭਾਵ ਜਿਨ੍ਹਾਂ ਕੋਲ ਕੈਨੇਡਾ ਵਿਚ ਰਹਿਣ ਦੇ ਅਧਿਕਾਰਤ ਦਸਤਾਵੇਜ਼ ਨਹੀਂ ਹਨ।

ਸੀਬੀਸੀ ਨਾਲ ਇੱਕ ਇੰਟਰਵਿਊ ਵਿਚ ਮਿਲਰ ਨੇ ਇਸ ਵਿਚਾਰ ਬਾਰੇ ਸਕਾਰਾਤਮਕ ਗੱਲ ਕੀਤੀ ਪਰ ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਚਲ ਰਹੀ ਬਹਿਸ ਨੇ ਉਨ੍ਹਾਂ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਦੇ ਸੰਭਾਵੀ ਪ੍ਰਭਾਵਾਂ ਬਾਰੇ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਹੈ। ਮਿਲਰ ਨੇ ਕਿਹਾ, ਮੈਂ ਸੋਚਦਾ ਹਾਂ ਕਿ ਆਰਥਿਕ ਦ੍ਰਿਸ਼ਟੀਕੋਣ ਤੋਂ, ਇਹ ਅਰਥ ਰੱਖਦਾ ਹੈ। ਮਾਨਵਤਾਵਾਦੀ ਨਜ਼ਰੀਏ ਤੋਂ ਇਸ ਦੀ ਤੁਕ ਬਣਦੀ ਹੈ। ਪਰ ਮੈਂ ਇਹ ਕਹਿਣ ਦਾ ਵੀ ਸਾਹਸ ਕਰਾਂਗਾ ਕਿ ਜ਼ਰੂਰੀ ਨਹੀਂ ਕਿ ਸਾਡੇ ਕਾਕਸ ਵਿਚ ਵੀ ਇਸ ਬਾਰੇ ਸਹਿਮਤੀ ਹੋਵੇ। 


ਲਿਬਰਲਾਂ ਨੇ 2021 ਦੇ ਅਖੀਰ ਵਿੱਚ "ਕੈਨੇਡਾ ਵਿੱਚ ਯੋਗਦਾਨ ਪਾਉਣ ਵਾਲੇ ਗੈਰ-ਦਸਤਾਵੇਜ਼ੀ ਕਾਮਿਆਂ ਨੂੰ ਪੱਕਾ ਦੇ ਤਰੀਕਿਆਂ ਦੀ ਪੜਚੋਲ ਕਰਨ ਦਾ ਵਾਅਦਾ ਕੀਤਾ ਸੀ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ।

ਗਲੋਬ ਐਂਡ ਮੇਲ ਨੂੰ ਪਿਛਲੇ ਦਸੰਬਰ ਦਿੱਤੇ ਇੱਕ ਇੰਟਰਵਿਊ ਵਿਚ ਮਿਲਰ ਨੇ ਇਸ ਮੁੱਦੇ ‘ਤੇ ਇੱਕ ਵਿਆਪਕ ਪ੍ਰੋਗਰਾਮ ਦੀ ਯੋਜਨਾ ਦਾ ਜ਼ਿਕਰ ਕੀਤਾ ਸੀ। ਉਸ ਇੰਟਰਵਿਊ ਵਿੱਚ, ਮਿਲਰ ਨੇ ਕੈਨੇਡਾ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਲੋਕਾਂ ਦੀ ਸੰਖਿਆ 300,000 ਅਤੇ 600,000 ਦੇ ਵਿਚਕਾਰ ਹੋਣ ਦਾ ਅੰਦਾਜ਼ਾ ਲਗਾਇਆ ਸੀ। 


ਮਿਲਰ ਨੇ ਕਿਹਾ ਕਿ ਬਿਨਾਂ ਕਾਗ਼ਜ਼ਾਂ ਵਾਲੇ ਲੋਕ ਕੈਨੇਡੀਅਨਜ਼ ਨਹੀਂ ਹਨ, ਪਰ ਹੋਰ ਸਾਰੇ ਪੱਖਾਂ ਤੋਂ ਕੈਨੇਡੀਅਨਜ਼ ਹਨ ਅਤੇ ਸਮਾਜ ਦਾ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਗ਼ੈਰ-ਵਾਜਬ ਤਰੀਕੇ ਨਾਲ ਕੰਮ ਕਰਨਾ ਪੈ ਰਿਹੈ ਕਿਉਂਕਿ ਉਨ੍ਹਾਂ ਕੋਲ ਸਹੀ ਦਸਤਾਵੇਜ਼ ਨਹੀਂ ਹਨ।

ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ਾਰ ਚੇਂਜ ਦੇ ਐਗਜ਼ੈਕਟਿਵ ਡਾਇਰੈਕਟਰ, ਸੱਯਦ ਹੁਸਨ ਨੇ ਕਿਹਾ, ਪੱਕਾ ਕਰਨਾ ਪ੍ਰਧਾਨ ਮੰਤਰੀ ਦੀ ਬਰਾਬਰਤਾ, ਵਿਭਿੰਨਤਾ ਅਤੇ ਸ਼ਮੂਲੀਅਤ ਦੀ ਵਚਨਬੱਧਤਾ ਦੀ ਅਜ਼ਮਾਇਸ਼ ਹੈ। ਮਿਲਰ ਨੇ ਕਿਹਾ ਕਿ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਪਰ ਕੈਬਨਿਟ ਵਿੱਚ ਕੋਈ ਸਹਿਮਤੀ ਨਹੀਂ ਬਣੀ ਹੈ।

ਇਮੀਗ੍ਰੇਸ਼ਨ ਰਾਜਨੀਤਿਕ ਬਹਿਸ ਦਾ ਇੱਕ ਪ੍ਰਮੁੱਖ ਬਿੰਦੂ ਬਣ ਗਈ ਹੈ, ਖਾਸ ਕਰਕੇ ਕਿਉਂਕਿ ਇਹ ਹਾਊਸਿੰਗ ਵਰਗੇ ਕਿਫਾਇਤੀ ਮੁੱਦਿਆਂ ਨਾਲ ਸਬੰਧਤ ਹੈ। ਕੈਨੇਡੀਅਨਜ਼ ਦੀ ਇੱਕ ਵੱਡੀ ਬਹੁਗਿਣਤੀ ਨੇ ਪਿਛਲੇ ਸਾਲ ਇੱਕ ਪੋਲ ਵਿੱਚ ਕਿਹਾ ਸੀ ਕਿ ਵਧੇਰੇ ਇਮੀਗ੍ਰੇਸ਼ਨ ਕੈਨੇਡਾ ਵਿੱਚ ਹਾਊਸਿੰਗ 'ਤੇ ਦਬਾਅ ਪਾ ਰਹੀ ਹੈ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਇਮੀਗ੍ਰੇਸ਼ਨ ਨੂੰ ਕੈਨੇਡਾ ਵਿੱਚ ਬਣਾਏ ਗਏ ਘਰਾਂ ਦੀ ਗਿਣਤੀ ਦੇ ਨਾਲ-ਨਾਲ ਹੈਲਥ ਕੇਅਰ ਸਿਸਟਮ ਦੀ ਸਮਰੱਥਾ ਨਾਲ ਜੋੜਨ ਦਾ ਵਾਅਦਾ ਕੀਤਾ ਹੈ, ਪਰ ਇਸ ਗੱਲ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਕੀ ਉਹ ਪਰਮਾਨੈਂਟ ਰੈਜ਼ੀਡੈਂਟਸ ਦੇ ਟੀਚਿਆਂ ਵਿੱਚ ਕਟੌਤੀ ਕਰਨਗੇ ਜਾਂ ਨੌਨ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਘਟਾਉਣਗੇ।

ਮਿਲਰ ਨੇ ਕਿਹਾ ਕਿ ਦੂਜੇ ਦੇਸ਼ਾਂ ਵਿਚ ਬਗ਼ੈਰ ਕਾਗਜ਼ਾਂ ਵਾਲੇ ਲੋਕਾਂ ਨੂੰ ਪੱਕਾ ਕਰਨ ਵਾਲੇ ਪ੍ਰੋਗਰਾਮਾਂ ਨਾਲ ਸਫਲਤਾ ਅਤੇ ਵਿਵਾਦ ਦੋਵੇਂ ਉਜਾਗਰ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪੱਕਾ ਕਰਨ ਦੇ ਵਿਚਾਰ ਦਾ ਸਮਰਥਨ ਕਰਦੇ ਹਨ। 

 

Comments

Related